ਸ਼ਾਮਲਾਟ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ’ਚ ਚੱਲੇ ਗੰਡਾਸੇ, ਖੇਤ ਬਣ ਗਿਆ ਜੰਗ ਦਾ ਮੈਦਾਨ

Tuesday, Nov 07, 2023 - 02:24 PM (IST)

ਸ਼ਾਮਲਾਟ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ’ਚ ਚੱਲੇ ਗੰਡਾਸੇ, ਖੇਤ ਬਣ ਗਿਆ ਜੰਗ ਦਾ ਮੈਦਾਨ

ਭਾਦਸੋਂ (ਅਵਤਾਰ) : ਥਾਣਾ ਭਾਦਸੋਂ ਦੇ ਪਿੰਡ ਰਾਜਪੁਰਾ ’ਚ ਕਈ ਸਾਲਾਂ ਤੋਂ ਪਿੰਡ ਦੇ ਹੀ ਕਿਸਾਨਾਂ ਵੱਲੋਂ ਦੱਬੀ 45 ਕਨਾਲ 17 ਮਰਲੇ ਜ਼ਮੀਨ ਜੋ ਕਿ 4 ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਛੁੱਡਵਾ ਕੇ ਗ੍ਰਾਮ ਪੰਚਾਇਤ ਹਵਾਲੇ ਕੀਤੀ ਗਈ ਸੀ, ਉੱਤੇ ਪਹਿਲੇ ਕਾਬਜ਼ਕਾਰਾਂ ਵੱਲੋਂ ਮੁੜ ਕਬਜ਼ੇ ਦੀ ਕੋਸ਼ਿਸ਼ ਦੇ ਚੱਲਦਿਆਂ ਦੋ ਧਿਰਾਂ ’ਚ ਡਾਂਗਾਂ ਅਤੇ ਗੰਡਾਸਿਆਂ ਨਾਲ ਗਹਿਗੱਚ ਲੜਾਈ ਹੋਈ, ਜਿਸ ’ਚ ਦਰਜਨ ਦੇ ਕਰੀਬ ਔਰਤਾਂ ਅਤੇ ਮਰਦ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਭਾਦਸੋਂ ਪੁਲਸ ਨੇ ਉਕਤ ਜ਼ਮੀਨ ਨੂੰ ਪੰਚਾਇਤ ਤੋਂ ਚਕੌਤੇ ’ਤੇ ਲੈ ਕੇ ਵਾਹੁਣ ਵਾਲੇ ਕਿਸਾਨ ਨਛੱਤਰ ਸਿੰਘ ਦੇ ਬਿਆਨਾਂ ’ਤੇ ਦੂਜੀ ਧਿਰ ਦੇ 10 ਵਿਅਕਤੀਆਂ ਜੀਵਨ ਸਿੰਘ ਪੁੱਤਰ ਕਾਕਾ ਸਿੰਘ, ਪਰਗਟ ਸਿੰਘ, ਸੰਦੀਪ ਸਿੰਘ ਪੁੱਤਰਾਨ ਲੇਟ ਭਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ ਪੁਤਰਾਨ ਜੀਵਨ ਸਿੰਘ, ਕਰਨੈਲ ਕੌਰ ਪਤਨੀ ਭਿੰਦਰ ਸਿੰਘ, ਬਲਜਿੰਦਰ ਕੌਰ ਪਤਨੀ ਜੀਵਨ ਸਿੰਘ, ਸੁਖਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ, ਜਸਪ੍ਰੀਤ ਕੌਰ ਪਤਨੀ ਪਰਗਟ ਸਿੰਘ ਰਮਨਦੀਪ ਕੌਰ ਪਤਨੀ ਸੁਖਚੈਨ ਸਿੰਘ ਸਮੇਤ ਕੁਝ ਅਣਪਛਾਤਿਆਂ ’ਤੇ ਕਾਨੂੰਨ ਦੀਆਂ ਧਾਰਾਵਾਂ 323, 341, 511, 506, 148, 149, 447 ਤਹਿਤ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮੁੱਦਈ ਨਛੱਤਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਰਾਜਪੁਰਾ ਵੱਲੋਂ ਵਿਵਾਦਤ ਜ਼ਮੀਨ ਦਾ ਅਦਾਲਤੀ ਕੇਸ ਜਿੱਤ ਕੇ ਜ਼ਮੀਨ ’ਤੇ ਕਾਬਜ਼ ਲੋਕਾਂ ਪਾਸੋਂ 2 ਨਵੰਬਰ ਨੂੰ ਕਾਨੂੰਨੀ ਤੌਰ ’ਤੇ ਕਬਜ਼ਾ ਲੈ ਲਿਆ ਗਿਆ ਸੀ । 3 ਨਵੰਬਰ ਨੂੰ ਪਿੰਡ ਦੀ ਧਰਮਸ਼ਾਲਾ ’ਚ ਉਕਤ ਜ਼ਮੀਨ 33150 ਰੁਪਏ ’ਚ ਉਸ ਨੇ ਜਨਤਕ ਬੋਲੀ ਰਾਹੀਂ ਚਕੋਤੇ ’ਤੇ ਲੈ ਲਈ ਸੀ ਅਤੇ 4 ਨਵੰਬਰ ਨੂੰ ਉਸ ਜ਼ਮੀਨ ਦੇ ਨਾਲ ਵਾਲੀ ਜ਼ਮੀਨ ’ਚ ਆਪਣੇ ਵੱਲੋਂ ਬੀਜੇ ਬਰਸੀਮ ’ਚ ਖਾਦ ਪਾਉਣ ਗਿਆ ਤਾਂ ਉਕਤ ਜ਼ਮੀਨ ’ਤੇ ਕਥਿਤ ਦੋਸ਼ੀ ਫੋਰਡ ਟਰੈਕਟਰ ਰਾਹੀਂ ਕਬਜ਼ੇ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਰੋਕਣ ’ਤੇ ਨਾ ਰੁਕੇ। ਪਿੰਡ ਵਾਪਸ ਆ ਕੇ ਜਿਉਂ ਹੀ ਉਹ ਪੰਚਾਇਤ ਨੂੰ ਨਾਲ ਲੈ ਕੇ ਗਿਆ ਤਾਂ ਕਥਿਤ ਦੋਸ਼ੀਆਂ ਨੇ ਉਨ੍ਹਾਂ ’ਤੇ ਡੰਡੇ ਸੋਟਿਆਂ ਅਤੇ ਗੰਡਾਸਿਆਂ ਆਦਿ ਨਾਲ ਹਮਲਾ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਇਸ ਝਗੜੇ ’ਚ ਕਿਸਾਨ ਯੂਨੀਅਨ ਦੇ ਕੁਝ ਆਗੂ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਧਿਰ ਦੇ ਪੱਖ ’ਚ ਆਏ ਸਨ, ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਹਮਾਇਤ ਪ੍ਰਾਪਤ ਧਿਰ ਦੇ ਲੋਕ ਵੀ ਇਸ ਝਗੜੇ ’ਚ ਜ਼ਖਮੀ ਹੋਏ ਹਨ ਅਤੇ ਖੁਦ ਉਨ੍ਹਾਂ ’ਤੇ ਵੀ ਹਮਲਾ ਹੋਇਆ ਹੈ। ਬਾਅਦ ’ਚ ਪੁਲਸ ਨੇ ਦੂਜੀ ਧਿਰ ਵੱਲੋਂ ਕਿਸਾਨ ਯੂਨੀਅਨ ਆਗੂ ਸੁਖਵਿੰਦਰ ਸਿੰਘ ਵਾਸੀ ਤੁੱਲੇਵਾਲ ਦੇ ਬਿਆਨਾਂ ’ਤੇ ਪਹਿਲੀ ਧਿਰ ਦੇ ਸੰਦੀਪ ਸਿੰਘ, ਡੀ. ਸੀ. ਪੁੱਤਰ ਨਛੱਤਰ ਸਿੰਘ, ਧਰਮਪਾਲ ਸਿੰਘ, ਆਤਮਾ ਸਿੰਘ, ਦਰਸ਼ਨ ਸਿੰਘ ਅਤੇ ਗੁਰਪ੍ਰੀਤ ਸਿੰਘ ’ਤੇ 4/5 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ ਧਾਰਾ 323, 341, 447, 511, 506, 148 ਅਤੇ 149 ਅਧੀਨ ਪਰਚਾ ਦਰਜ ਕਰ ਲਿਆ ਹੈ।


author

Gurminder Singh

Content Editor

Related News