ਜ਼ਮੀਨ ਦੀ ਨੀਲਾਮੀ ਕਰਵਾਉਣ ਪੁੱਜੀ ਮਹਿਲਾ ਤਹਿਸੀਲਦਾਰ ਨੂੰ ਕਿਸਾਨਾਂ 3 ਘੰਟੇ ਬਣਾਇਆ ਬੰਧਕ

Wednesday, Feb 23, 2022 - 10:09 AM (IST)

ਜ਼ਮੀਨ ਦੀ ਨੀਲਾਮੀ ਕਰਵਾਉਣ ਪੁੱਜੀ ਮਹਿਲਾ ਤਹਿਸੀਲਦਾਰ ਨੂੰ ਕਿਸਾਨਾਂ 3 ਘੰਟੇ ਬਣਾਇਆ ਬੰਧਕ

ਤਰਨਤਾਰਨ (ਰਮਨ)- ਨੇੜਲੇ ਪਿੰਡ ਪਲਾਸੌਰ ਵਿਖੇ ਜ਼ਮੀਨ ਦੀ ਨੀਲਾਮੀ ਕਰਵਾਉਣ ਪੁੱਜੀ ਮਹਿਲਾ ਤਹਿਸੀਲਦਾਰ ਨੂੰ ਕਿਸਾਨ ਸੰਘਰਸ਼ ਕਮੇਟੀ ਵਲੋਂ ਵਿਰੋਧ ਕਰਕੇ ਤਿੰਨ ਘੰਟੇ ਤੱਕ ਬੰਧਕ ਬਣਾਈ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜ਼ਿਆਦਾ ਗੰਭੀਰ ਹੋਣ ਤੋਂ ਬਾਅਦ ਕਿਸਾਨ ਸੰਘਰਸ਼ ਕਮੇਟੀ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਪਲਾਸੌਰ ਨਿਵਾਸੀ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਬੈਂਕ ਪਾਸੋਂ ਕੁਝ ਸਮਾਂ ਪਹਿਲਾਂ ਕਰਜ਼ਾ ਲਿਆ ਸੀ, ਜਿਸ ਦੀ ਬਣਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਬੈਂਕ ਵੱਲੋਂ ਮਾਣਯੋਗ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ਸੀ। 

ਅਦਾਲਤ ਵੱਲੋਂ ਤਹਿਸੀਲਦਾਰ ਤਰਨਤਾਰਨ ਸੁਖਬੀਰ ਕੌਰ ਨੂੰ ਜ਼ਮੀਨ ਦੀ ਨੀਲਾਮੀ ਕਰਵਾਉਣ ਦੇ ਹੁਕਮ ਜਾਰੀ ਹੋਏ ਸਨ, ਜਿਸ ਤਹਿਤ ਤਹਿਸੀਲਦਾਰ ਪਿੰਡ ਪਲਾਸੌਰ ਪੁੱਜੇ ਸਨ। ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਕਰੀਬ 1 ਵਜੇ ਜਦੋਂ ਤਹਿਸੀਲਦਾਰ ਸੁਖਬੀਰ ਕੌਰ ਆਪਣੇ ਸਟਾਫ ਸਮੇਤ ਪਿੰਡ ਪਲਾਸੌਰ ਵਿਖੇ ਸਬੰਧਤ ਜ਼ਮੀਨ ਨੇੜੇ ਪੁੱਜੀ ਤਾਂ ਇਸ ਦਾ ਵਿਰੋਧ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਵੱਲੋਂ ਤਹਿਸੀਲਦਾਰ ਦੀ ਗੱਡੀ ਅੱਗੇ ਜਿੱਥੇ ਧਰਨਾ ਦਿੱਤਾ ਗਿਆ, ਉੱਥੇ ਉਨ੍ਹਾਂ ਨੂੰ ਮੌਕੇ ’ਤੇ ਤਿੰਨ ਘੰਟੇ ਤੱਕ ਬੰਧਕ ਬਣਾਈ ਰੱਖਿਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਸੁਖਬੀਰ ਕੌਰ ਨੇ ਦੱਸਿਆ ਕਿ ਮਾਣਯੋਗ ਸਿਵਲ ਜੱਜ ਜੂਨੀਅਰ ਡਵੀਜ਼ਨ ਦੇ ਹੁਕਮਾਂ ਤਹਿਤ ਉਹ ਸਬੰਧਤ ਪਿੰਡ ਵਿਚ ਜ਼ਮੀਨ ਦੀ ਨਿਲਾਮੀ ਕਰਵਾਉਣ ਲਈ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਕਿਸਾਨ ਸੁਖਵਿੰਦਰ ਸਿੰਘ ਵੱਲੋਂ ਬੈਂਕ ਦੇ ਕਰਜ਼ਾ ਮੋੜਨ ਸਬੰਧੀ ਕੋਈ ਵੀ ਮੌਕੇ ’ਤੇ ਰਸੀਦ ਪੇਸ਼ ਨਹੀਂ ਕੀਤੀ ਗਈ, ਉਲਟਾ ਉਨ੍ਹਾਂ ਨੂੰ ਬੰਧਕ ਬਣਾਉਂਦੇ ਹੋਏ ਤਿੰਨ ਘੰਟੇ ਤਕ ਪ੍ਰੇਸ਼ਾਨ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਉਹ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਸਹਾਇਕ ਰਿਟਰਨਿੰਗ ਅਫਸਰ ਦੀ ਡਿਊਟੀ ਵੀ ਨਿਭਾਅ ਰਹੇ ਹਨ ਅਤੇ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਕੋਈ ਵੀ ਇਕੱਠ ਬਿਨਾਂ ਮਨਜ਼ੂਰੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਕੀਤੇ ਇਸ ਵਰਤਾਓ ਬਾਬਤ ਮਾਣਯੋਗ ਜੱਜ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ ’ਤੇ ਰਿਪੋਰਟ ਤਿਆਰ ਕਰਕੇ ਭੇਜੀ ਜਾ ਰਹੀ ਹੈ।

ਬਿਨਾਂ ਸੁਰੱਖਿਆ ਦਸਤਾ ਅਤੇ ਅਦਾਲਤ ਦੇ ਕਰਮਚਾਰੀ ਨਹੀਂ ਜਾਵਾਂਗੇ ਕਾਰਵਾਈ ਕਰਨ : ਤਹਿਸੀਲਦਾਰ ਯੂਨੀਅਨ
ਇਸ ਮੌਕੇ ਨਾਇਬ ਤਹਿਸੀਲਦਾਰ ਅਜੇ ਸ਼ਰਮਾ ਨੇ ਦੱਸਿਆ ਕਿ ਇਹ ਮਾਮਲਾ ਤਹਿਸੀਲਦਾਰ ਯੂਨੀਅਨ ’ਚ ਚੁੱਕਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਮਾਣਯੋਗ ਜੱਜ ਦੇ ਹੁਕਮਾਂ ’ਤੇ ਤਾਂ ਹੀ ਮੌਕੇ ’ਤੇ ਕਾਰਵਾਈ ਕਰਨ ਲਈ ਟੀਮ ਜਾਵੇਗੀ ਜਦੋਂ ਤੱਕ ਕੋਈ ਸੁਰੱਖਿਆ ਦਸਤਾ ਸਮੇਤ ਅਦਾਲਤ ਦੇ ਕਰਮਚਾਰੀ ਨਾਲ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਬੰਧਕ ਬਣਾਏ ਜਾਣ ਸਬੰਧੀ ਸਾਰਾ ਮਾਮਲਾ ਜ਼ਿਲਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਅਤੇ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਦੇ ਧਿਆਨ ’ਚ ਲਿਆਂਦਾ ਜਾ ਚੁੱਕਾ ਹੈ ਅਤੇ ਇਸ ਬਾਬਤ ਬਣਦੀ ਅਗਲੇਰੀ ਕਾਰਵਾਈ ਲਈ ਯੂਨੀਅਨ ਵਿਚ ਗੱਲਬਾਤ ਜਾਰੀ ਹੈ।

ਕਿਸਾਨ ਸੰਘਰਸ਼ ਕਮੇਟੀ ਦਾ ਦੋਸ਼-ਸਾਰਾ ਕਰਜ਼ਾ ਵਾਪਸ ਮੋੜਨ ਦੇ ਬਾਵਜੂਦ ਕੀਤਾ ਜਾ ਰਿਹੈ ਪ੍ਰੇਸ਼ਾਨ
ਉਧਰ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਦੇ ਜ਼ੋੋਨ ਪ੍ਰਧਾਨ ਲਖਵਿੰਦਰ ਸਿੰਘ ਅਤੇ ਜਸਵੰਤ ਸਿੰਘ ਪਲਾਸੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਬੈਂਕ ਪਾਸੋਂ ਕੁਝ ਸਮਾਂ ਪਹਿਲਾਂ ਬੈਂਕ ਪਾਸੋਂ ਕਰਜ਼ਾ ਲਿਆ ਸੀ। ਕਰਜ਼ੇ ਨੂੰ ਵਾਪਸ ਕਰਨ ’ਚ ਹੋਈ ਦੇਰੀ ਤੋਂ ਬਾਅਦ ਬੈਂਕ ਵੱਲੋਂ ਕਿਸਾਨ ਉੱਪਰ ਕੇਸ ਦਾਇਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਬੰਧਤ ਕਿਸਾਨ ਨੇ ਹੌਲੀ-ਹੌਲੀ ਕਰ ਕੇ ਕਰਜ਼ੇ ਦੀ ਆਖਰੀ ਕਿਸ਼ਤ, ਜੋ 2 ਲੱਖ 25 ਹਜ਼ਾਰ 171 ਰੁਪਏ ਬਣਦੀ ਸੀ, ਵੀ ਵਾਪਸ ਕਰ ਦਿੱਤੀ ਗਈ ਅਤੇ ਅਦਾਲਤ ’ਚ ਚੱਲ ਰਿਹਾ ਕੇਸ ਵੀ ਬੰਦ ਹੋ ਗਿਆ। 

ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਮੈਡਮ ਨੂੰ ਕਰਜ਼ਾ ਵਾਪਸ ਕਰਨ ਸਬੰਧੀ ਸਾਰੀ ਜਾਣਕਾਰੀ ਦੇ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਪਿੰਡ ਵਿਚ ਨਾ ਆਉਣ ਲਈ ਅਪੀਲ ਵੀ ਕੀਤੀ ਗਈ ਸੀ। ਕਿਸਾਨ ਸੁਖਵਿੰਦਰ ਸਿੰਘ ਦੇ ਘਰ ਕੋਈ ਸਮਾਗਮ ਹੋਣ ਕਾਰਨ ਰਿਸ਼ਤੇਦਾਰ ਆਏ ਹੋਏ ਸਨ, ਜਿਨ੍ਹਾਂ ਸਾਹਮਣੇ ਇਸ ਨੀਲਾਮੀ ਦਾ ਡਰਾਮਾ ਕਿਸਾਨਾਂ ਤੋਂ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਨੀਲਾਮੀ ਨਹੀਂ ਹੋਣ ਦਿੱਤੀ ਜਾਵੇਗੀ, ਚਾਹੇ ਉਸ ਉਪਰ ਲੱਖਾਂ ਰੁਪਏ ਕਰਜ਼ਾ ਕਿਉਂ ਨਾ ਹੋਵੇ। ਇਸ ਦੌਰਾਨ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦਕਿ ਬੈਂਕ ਦਾ ਸਾਰਾ ਕਰਜ਼ਾ ਵਿਆਜ਼ ਸਮੇਤ ਵਾਪਸ ਕਰ ਦਿੱਤਾ ਗਿਆ ਹੈ।
 


author

rajwinder kaur

Content Editor

Related News