ਵੜਿੰਗ ਦੀ ਰੈਲੀ 'ਚ ਮੁੜ ਹੰਗਾਮਾ, ਸਮਰਥਕਾਂ ਨੇ ਝੰਬਿਆ ਪਿੰਡ ਵਾਸੀ

05/04/2019 5:37:02 PM

ਲੰਬੀ (ਤਰਸੇਮ ਢੁੱਡੀ,ਜੁਨੇਜਾ) : ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਲੰਬੀ ਵਿਚ ਰੱਖੀ ਰੈਲੀ ਵਿਚ ਅੱਜ ਮੁੜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵੜਿੰਗ ਦੇ ਸਮਰਥਕਾਂ ਵੱਲੋਂ ਇਕ ਨੌਜਵਾਨ ਨਾਲ ਹੱਥੋਪਾਈ ਕੀਤੀ ਗਈ। ਇਸ ਦੇ ਚੱਲਦੇ ਗੁਰਜੀਤ ਸਿੰਘ ਵਾਸੀ ਕੋਲਿਆਂਵਾਲੀ ਨੇ ਥਾਣਾ ਕਬਰਵਾਲੀ ਵਿਚ ਉਨ੍ਹਾਂ ਖਿਲਾਫ ਸ਼ਿਕਾਇਤ ਦੇ ਦਿੱਤੀ ਹੈ।

ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਗੁਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਪੱਤਰਕਾਰ ਹੈ ਅਤੇ ਪੱਤਰਕਾਰ ਦੇ ਤੌਰ 'ਤੇ ਰਾਜਾ ਵੜਿੰਗ ਨੂੰ ਉਸ ਨੇ ਸਵਾਲ ਕੀਤੇ ਜਿਸ ਤੋਂ ਖਫਾ ਹੋਏ ਰਾਜਾ ਵੜਿੰਗ ਨੇ ਉਸ ਨੂੰ ਧੱਕਾ ਮਾਰਿਆ ਅਤੇ ਉਸ ਦੇ ਸਾਥੀਆਂ ਨੇ ਹੱਲਾ ਬੋਲ ਦਿੱਤਾ। ਉਧਰ ਜਦੋਂ ਇਸ ਸਬੰਧੀ ਪੁਲਸ ਅਤੇ ਪੱਤਰਕਾਰਾਂ ਵੱਲੋਂ ਉਕਤ ਵਿਅਕਤੀ ਨੂੰ ਪੁੱਛਿਆ ਕਿ ਉਹ ਕਿਸ ਮੀਡੀਆ ਦੇ ਪ੍ਰਤੀਨਿਧ ਦੇ ਤੌਰ 'ਤੇ ਗਿਆ ਸੀ ਤਾਂ ਫਿਰ ਗੁਰਜੀਤ ਸਿੰਘ ਕਹਿਣ ਲੱਗਾ ਕਿ ਉਸ ਨੇ ਸਿਰਫ ਵੋਟਰ ਹੋਣ ਦੇ ਨਾਤੇ ਕੁਝ ਸਵਾਲ ਪੁੱਛੇ ਸੀ।

ਵਾਇਰਲ ਵੀਡੀਓ ਵਿਚ ਨਹੀਂ ਦਿਸਦਾ ਕੋਈ ਲੜਾਈ-ਝਗੜਾ
ਉਧਰ ਇਸ ਘਟਨਾ ਸਬੰਧੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਵਿਚ ਗੁਰਜੀਤ ਸਿੰਘ ਵੱਲੋਂ ਪੁੱਛੇ ਤਿੰਨਾਂ ਸਵਾਲਾਂ ਦੇ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੂੰ ਦਿਖਾਇਆ ਗਿਆ ਹੈ ਅਤੇ ਗੱਲ ਖਤਮ ਹੋਣ ਤੋਂ ਬਾਅਦ ਕੋਈ ਰੌਲਾ-ਰੱਪਾ ਪੈਂ ਜਾਂਦਾ ਹੈ। 
ਐੱਸ. ਜੀ. ਪੀ. ਮੁਲਾਜ਼ਮ ਹੈ ਨੌਜਵਾਨ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਕਤ ਨੌਜਵਾਨ ਸ਼੍ਰੋਮਣੀ ਕਮੇਟੀ ਦਾ ਕਰਮਚਾਰੀ ਹੈ ਅਤੇ ਦਿਆਲ ਸਿੰਘ ਕੋਲਿਆਂਵਾਲੀ ਦੇ ਪਿੰਡ ਦਾ ਹੋਣ ਕਰਕੇ ਉਸ ਦੇ ਕਹਿਣ 'ਤੇ ਆਇਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸ. ਆਈ. ਗੁਰਪਾਲ ਸਿੰਘ ਨੇ ਕਿਹਾ ਕਿ ਗੁਰਜੀਤ ਸਿੰਘ ਨੇ ਬਿਆਨ ਦਿੱਤਾ ਹੈ ਕਿ ਉਹ ਇਕ ਪੱਤਰਕਾਰ ਹੈ ਅਤੇ ਪੱਤਰਕਾਰ ਦੇ ਤੌਰ 'ਤੇ ਸਵਾਲ ਕਰਨ ਗਿਆ ਸੀ ਅਤੇ ਰਾਜਾ ਵੜਿੰਗ ਅਤੇ ਉਸ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ।


Related News