ਲਖੀਮਪੁਰ ਖੀਰੀ ਘਟਨਾ : ਨਵਜੋਤ ਸਿੱਧੂ ਦੀ ਯੂ. ਪੀ. ਸਰਕਾਰ ਨੂੰ ਵੱਡੀ ਚਿਤਾਵਨੀ

Tuesday, Oct 05, 2021 - 06:05 PM (IST)

ਲਖੀਮਪੁਰ ਖੀਰੀ ਘਟਨਾ : ਨਵਜੋਤ ਸਿੱਧੂ ਦੀ ਯੂ. ਪੀ. ਸਰਕਾਰ ਨੂੰ ਵੱਡੀ ਚਿਤਾਵਨੀ

ਚੰਡੀਗ਼ੜ੍ਹ : ਯੂ. ਪੀ. ਦੇ ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਤੋਂ ਬਾਅਦ ਮੰਤਰੀ ਦੇ ਦੋਸ਼ੀ ਪੁੱਤਰ ਦੀ ਗ੍ਰਿਫ਼ਤਾਰੀ ਅਤੇ ਕਾਂਗਰਸੀ ਦੀ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਰਿਹਾਈ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਯੂ. ਪੀ. ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ। ਨਵਜੋਤ ਸਿੱਧੂ ਨੇ ਆਖਿਆ ਹੈ ਕਿ ਜੇਕਰ ਪ੍ਰਿਯੰਕਾ ਗਾਂਧੀ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਕੱਲ੍ਹ ਪੰਜਾਬ ਕਾਂਗਰਸ ਯੂ. ਪੀ. ਵੱਲ ਕੂਚ ਕਰੇਗੀ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਇਸ ਕਤਲ ਕਾਂਡ ਵਿਚ ਸ਼ਾਮਲ ਮੰਤਰੀ ਦੇ ਪੁੱਤਰ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਸਿੱਧੂ ਨੇ ਸਾਫ ਆਖਿਆ ਹੈ ਕਿ ਜੇਕਰ ਕੱਲ੍ਹ ਤੱਕ ਮੰਤਰੀ ਦੇ ਦੋਸ਼ੀ ਪੁੱਤਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਪ੍ਰਿਯੰਕਾ ਗਾਂਧੀ ਨੂੰ ਰਿਹਾਅ ਨਹੀਂ ਕੀਤਾ ਗਿਆ ਤਾਂ ਪੰਜਾਬ ਕਾਂਗਰਸ ਯੂ. ਪੀ. ਵੱਲ ਕੂਚ ਕਰੇਗੀ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਸਰਗਰਮ ਹੋਈ ਨਵਜੋਤ ਸਿੱਧੂ ਦੀ ਧੀ ਰਾਬੀਆ, ਪਿਤਾ ਦੇ ਹੱਕ ’ਚ ਆਖੀ ਵੱਡੀ ਗੱਲ

ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ’ਤੇ ਹੁਣ ਤਕ ਕੀ ਹੋਇਆ
ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਤੋਂ ਬਾਅਦ ਸੂਬੇ ਦੀ ਯੋਗੀ ਅਦਿੱਤਿਆਨਾਥ ਸਰਕਾਰ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਹਾਈ ਕੋਰਟ ਦੇ ਇੱਕ ਰਿਟਾਇਰਡ ਜੱਜ ਦੀ ਅਗਵਾਈ ਵਿਚ ਘਟਨਾ ਦੀ ਜਾਂਚ ਕਰਵਾਉਣ ਦਾ ਵੀ ਵਾਅਦਾ ਕੀਤਾ ਹੈ। ਐਤਵਾਰ ਨੂੰ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਚ ਹੋਈ ਹਿੰਸਾ ਦੌਰਾਨ ਕਿਸਾਨਾਂ ’ਤੇ ਗੱਡੀ ਚੜ੍ਹ ਗਈ ਤੇ ਹੋਰ ਹਿੰਸਕ ਘਟਨਾਵਾਂ ਹੋਈਆਂ । ਇਸ ਵਿਚ 4 ਕਿਸਾਨ ਤੇ 4 ਹੋਰ ਲੋਕਾਂ ਦੀ ਮੌਤ ਹੋਈ ਸੀ। ਕਿਸਾਨਾਂ ਵੱਲੋਂ ਧਰਨਾ ਲਗਾ ਕੇ ਮੁਆਵਜ਼ੇ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ। ਲੰਬੀਆਂ ਮੀਟਿੰਗਾਂ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਜ਼ਖ਼ਮੀਆਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦਾ ਵਫ਼ਦ ਲਖੀਮਪੁਰ ਲਈ ਰਵਾਨਾ, ਰੱਖੀਆਂ ਇਹ ਤਿੰਨ ਮੰਗਾਂ

ਪ੍ਰਿਯੰਕਾ ਗਾਂਧੀ ਸਮੇਤ 10 ’ਤੇ ਐੱਫ. ਆਈ. ਆਰ. ਦਰਜ
ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ, ਦੀਪੇਂਦਰ ਹੁੱਡਾ, ਕੁਲਦੀਪ ਵਤਸ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਕੁਮਾਰ ਲੱਲੂ ਸਮੇਤ 10 ਨੇਤਾਵਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਉੱਪ ਜ਼ਿਲ੍ਹਾ ਅਧਿਕਾਰੀ (ਐੱਸ. ਡੀ. ਐੱਮ.) ਸੀਤਾਪੁਰ ਪਿਆਰੇ ਲਾਲ ਮੌਰਈਆ ਨੇ ਦੱਸਿਆ ਕਿ ਕਾਂਗਰਸ ਨੇਤਾ ਪਿ੍ਰਯੰਕਾ ਗਾਂਧੀ ਸਮੇਤ 10 ਨੇਤਾਵਾਂ ਖ਼ਿਲਾਫ਼ ਸੀ. ਆਰ. ਪੀ. ਸੀ. ਦੀ ਧਾਰਾ-151, 107 ਅਤੇ 116 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਐੱਸ. ਡੀ. ਐੱਮ. ਨੇ ਕਿਹਾ ਕਿ ਇਹ ਰੋਕਥਾਮ ਧਾਰਾਵਾਂ ਹਨ, ਇਕ ਵਾਰ ਸਾਨੂੰ ਭਰੋਸਾ ਮਿਲਦਾ ਹੈ ਕਿ ਉਨ੍ਹਾਂ ਵਲੋਂ ਸ਼ਾਂਤੀ ਭੰਗ ਨਹੀਂ ਹੋਵੇਗੀ, ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News