ਪਟਿਆਲਾ ਨੇੜੇ 2 ਹੱਤਿਆਵਾਂ ਕਰਨ ਵਾਲੇ ਗਿਰੋਹ ਦਾ ਮੁਖੀ ਲਖਨਦੀਪ ਗ੍ਰਿਫਤਾਰ

07/01/2018 6:46:11 AM

ਜਲੰਧਰ, (ਮ੍ਰਿਦੁਲ)- ਪਟਿਆਲਾ ਨੇੜੇ ਇਕ ਪੈਟਰੋਲ ਪੰਪ 'ਤੇ ਕੁਝ ਦਿਨ ਪਹਿਲਾਂ ਲੁੱਟਮਾਰ ਕਰਨ ਪਿੱਛੋਂ ਦੋ ਵਿਅਕਤੀਆਂ ਦੀ ਹੱਤਿਆ ਕਰਨ ਵਾਲੇ ਮੁੱਖ ਦੋਸ਼ੀ ਲਖਨਦੀਪ ਸਿੰਘ ਉਰਫ ਵਾਰਿਸ ਨੂੰ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਏ. ਆਈ. ਜੀ. ਹਰਕੰਵਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਉਕਤ ਦੋ ਹੱਤਿਆਵਾਂ ਪਿੱਛੋਂ ਪਟਿਆਲਾ ਪੁਲਸ ਨੇ ਜਲੰਧਰ ਪੁਲਸ ਨਾਲ ਸੰਪਰਕ ਕਰਨ ਪਿੱਛੋਂ ਅਲਰਟ ਜਾਰੀ ਕੀਤਾ ਸੀ। ਲਖਨਦੀਪ ਨੂੰ ਸਥਾਨਕ ਬੱਸ ਅੱਡੇ ਨੇੜੇ ਟਰੈਪ ਲਾ ਕੇ ਕਾਬੂ ਕੀਤਾ ਗਿਆ।
ਇਸ ਮਾਮਲੇ ਵਿਚ ਹਰਪ੍ਰੀਤ ਸਿੰਘ ਅਤੇ ਸਿਕੰਦਰ ਸਿੰੰਘ ਪਹਿਲਾਂ ਹੀ ਫੜੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਲਖਨਦੀਪ ਪਟਿਆਲਾ ਤੋਂ ਫਰਾਰ ਹੋਣ ਪਿੱਛੋਂ ਗੁਰਦਾਸਪੁਰ ਸਥਿਤ ਆਪਣੇ ਪਿੰਡ ਡੇਰਾ ਬਾਬਾ ਨਾਨਕ ਜਾ ਰਿਹਾ ਹੈ। ਉਹ ਜਲੰਧਰ ਹੁੰਦਾ ਹੋਇਆ ਉਥੇ ਜਾਏਗਾ। ਜਾਂਚ ਦੌਰਾਨ ਲਖਨਦੀਪ ਨੇ ਮੰਨਿਆ ਕਿ ਉਸ ਨੇ 2013 ਵਿਚ ਬਾਰ੍ਹਵੀਂ ਪਾਸ ਕਰਨ ਪਿੱਛੋਂ ਪੜ੍ਹਾਈ ਛੱਡ ਦਿੱਤੀ ਸੀ। ਉਹ ਲੁਧਿਆਣਾ ਦੇ ਅਪੋਲੋ ਹਸਪਤਾਲ ਵਿਚ ਬਿਲਿੰਗ ਆਪ੍ਰੇਟਰ ਵਜੋਂ ਕੰਮ ਕਰਨ ਲੱਗ ਪਿਆ ਸੀ।
ਪਿਛਲੇ ਸਾਲ ਜੁਲਾਈ ਵਿਚ ਉਸ ਨੇ ਆਪਣੇ ਚਚੇਰੇ ਭਰਾ ਹਰਪਾਲ ਸਿੰਘ ਦੀ ਕੰਪਨੀ ਹਾਈਜਨ ਬਾਇਓਟੈੱਕ ਵਿਖੇ ਸੇਲਜ਼ ਪ੍ਰਤੀਨਿਧੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ।
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਲਖਨਦੀਪ ਆਪਣੇ ਦੋਸਤ ਹਰਪ੍ਰੀਤ ਉਰਫ ਮੱਖਣ ਰਾਹੀਂ ਫੇਸਬੁੱਕ 'ਤੇ ਹੀ ਦੋਸਤ ਬਣਿਆ ਸੀ। ਉਸ ਪਿੱਛੋਂ ਦੋਵੇਂ ਹਰ ਰੋਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਿਲਣ ਲੱਗੇ। ਇਸ ਸਾਲ ਮਾਰਚ ਵਿਚ ਲਖਨਦੀਪ ਨੇ ਨੌਕਰੀ ਛੱਡ ਦਿੱਤੀ ਪਰ ਫੇਸਬੁੱਕ ਅਤੇ ਮੋਬਾਇਲ ਰਾਹੀਂ ਹਰਪ੍ਰੀਤ ਨਾਲ ਜੁੜਿਆ ਰਿਹਾ। 
ਪਟਿਆਲਾ ਦੇ ਇਕ ਵਿਅਕਤੀ ਕੋਲੋਂ ਲੁੱਟੀ ਸੀ ਲਾਇਸੈਂਸੀ ਪਿਸਤੌਲ
ਲਖਨਦੀਪ ਨੇ ਦੱਸਿਆ ਕਿ ਇਕ ਦਿਨ ਹਰਪ੍ਰੀਤ ਨੇ ਫੋਨ ਕਰ ਕੇ ਕਿਹਾ ਕਿ ਉਹ ਉਸ ਵਿਅਕਤੀ ਦਾ ਪਿੱਛਾ ਕਰ ਰਿਹਾ ਹੈ, ਜਿਸ ਕੋਲ ਲਾਇਸੈਂਸੀ ਪਿਸਤੌਲ ਹੈ। ਉਨ੍ਹਾਂ ਯੋਜਨਾ ਬਣਾ ਕੇ ਉਕਤ ਵਿਅਕਤੀ ਕੋਲੋਂ ਪਿਸਤੌਲ ਖੋਹਣ ਦੀ ਸਾਜ਼ਿਸ਼ ਰਚੀ ਸੀ। 
16 ਜੂਨ ਨੂੰ ਪਟਿਆਲਾ ਜਾ ਕੇ ਲਖਨ ਮਿਲਿਆ ਸੀ ਹਰਪ੍ਰੀਤ ਨੂੰ 
ਲਖਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਹਰਪ੍ਰੀਤ ਨੂੰ ਮਿਲਣ ਲਈ ਉਹ 16 ਜੂਨ ਨੂੰ ਗਿਆ ਸੀ। ਹਰਪ੍ਰੀਤ ਨੇ ਉਸ ਨੂੰ ਸਿਕੰਦਰ ਨਾਮੀ ਇਕ ਹੋਰ ਨੌਜਵਾਨ ਨਾਲ ਮਿਲਾਇਆ, ਜੋ ਪੀ. ਜੀ. ਵਿਚ ਰਹਿੰਦਾ ਸੀ। ਤਿੰਨਾਂ ਨੇ ਮਿਲ ਕੇ ਪੀ. ਜੀ. ਵਿਚ ਬੈਠ ਕੇ ਸਾਰੀ ਸਾਜ਼ਿਸ਼ ਰਚੀ ਅਤੇ ਸਿਕੰਦਰ ਨੂੰ ਕਿਹਾ ਕਿ ਉਕਤ ਵਿਅਕਤੀ ਦੀ ਪਿਸਤੌਲ ਲੁੱਟਣ ਤੋਂ ਪਹਿਲਾਂ ਰੇਕੀ ਕਰਨੀ ਸੀ। ਇਸ ਪਿੱਛੋਂ ਸਿਕੰਦਰ ਨੇ ਪੁਆਇੰਟ 32 ਬੋਰ ਦੀ ਪਿਸਤੌਲ ਅਤੇ ਪੁਆਇੰਟ 315 ਬੋਰ ਦੇ 4 ਜ਼ਿੰਦਾ ਕਾਰਤੂਸ ਅਤੇ ਸਮੈਕ ਦੀ ਵੀ ਵਰਤੋਂ ਕੀਤੀ ਸੀ। ਸਿਕੰਦਰ ਨੇ ਦੋਵਾਂ ਦੋਸਤਾਂ ਨੂੰ ਸੁਝਾਅ ਦਿੱਤਾ ਕਿ ਰਾਤ ਨੂੰ ਪੈਟਰੋਲ ਪੰਪ 'ਤੇ ਲੁੱਟਮਾਰ ਕਰਾਂਗੇ। ਇਸ ਪਿੱਛੋਂ ਉਨ੍ਹਾਂ ਇਕ ਬੁਲੇਟ ਮੋਟਰਸਾਈਕਲ ਜੋ ਸਿਕੰਦਰ ਨੇ ਆਪਣੇ ਕਿਸੇ ਦੋਸਤ ਕੋਲੋਂ ਲਿਆ ਸੀ, ਉਤੇ ਜਾ ਕੇ ਬਹਾਦਰਗੜ੍ਹ ਨੇੜੇ ਵਾਰਦਾਤ ਨੂੰ ਅੰਜਾਮ ਦਿੱਤਾ।
ਪਹਿਲੇ ਪੰਪ 'ਤੇ ਭੀੜ ਵੇਖ ਕੇ ਗਏ ਦੂਜੇ ਪੰਪ 'ਤੇ
ਖੱਖ ਨੇ ਦੱਸਿਆ ਕਿ ਉਹ ਪਹਿਲਾਂ ਬਹਾਦਰਗੜ੍ਹ ਦੇ ਇਕ ਪੈਟਰੋਲ ਪੰਪ 'ਤੇ ਗਏ ਸਨ ਪਰ ਉਥੇ ਭੀੜ ਵੇਖ ਕੇ ਚਮਾਰ ਹੈਰੀ ਪਿੰਡ ਸਥਿਤ ਐੱਚ. ਪੀ. ਦੇ ਪੈਟਰੋਲ ਪੰਪ 'ਤੇ ਚਲੇ ਗਏ। ਇਸ ਦੌਰਾਨ ਉਨ੍ਹਾਂ ਪੰਪ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਇਕ ਟਰੱਕ ਡਰਾਈਵਰ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਤਿੰਨੋਂ ਵੱਖ-ਵੱਖ ਦਿਸ਼ਾਵਾਂ ਵੱਲ ਭੱਜੇ
ਪੁਲਸ ਲਈ ਤਿੰਨਾਂ ਮੁਲਜ਼ਮਾਂ ਨੂੰ ਫੜਨਾ ਕਾਫੀ ਔਖਾ ਹੋ ਗਿਆ ਸੀ ਕਿਉਂਕਿ ਤਿੰਨੇ ਵਾਰਦਾਤ ਪਿੱਛੋਂ ਵੱਖ-ਵੱਖ ਦਿਸ਼ਾਵਾਂ ਵੱਲ ਭੱਜੇ ਸਨ। 


Related News