ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ

03/18/2018 12:10:26 PM

ਮੋਗਾ (ਆਜ਼ਾਦ) - ਪਿੰਡ ਸੁਖਾਨੰਦ ਨਿਵਾਸੀ ਰਾਮ ਨਰਾਇਣ ਸਿੰਘ (33) ਵੱਲੋਂ ਪਤਨੀ ਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਮਾਮਲਾ
ਮ੍ਰਿਤਕ ਦੀ ਮਾਤਾ ਛਿੰਦਰ ਕੌਰ ਪਤਨੀ ਗੁਰਦੇਵ ਸਿੰਘ ਨਿਵਾਸੀ ਸੁਖਾਨੰਦ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਬੇਟੇ ਰਾਮ ਨਰਾਇਣ ਸਿੰਘ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਜਸਪ੍ਰੀਤ ਕੌਰ ਨਾਲ ਧਾਰਮਕ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਕਰੀਬ ਸੱਤ ਮਹੀਨੇ ਪਹਿਲਾਂ ਮੇਰੇ ਲੜਕੇ ਦੀ ਸੱਸ ਤੇ ਹੋਰ ਰਿਸ਼ਤੇਦਾਰ ਮਿਲਣ ਲਈ ਆਏ ਸਨ, ਉਸ ਸਮੇਂ ਮੇਰੇ ਬੇਟੇ ਨਾਲ ਉਨ੍ਹਾਂ ਦਾ ਮਾਮੂਲੀ ਝਗੜਾ ਹੋ ਗਿਆ ਸੀ, ਜਿਸ ਕਾਰਨ ਉਸ ਦੀ ਪਤਨੀ ਜਸਪ੍ਰੀਤ ਕੌਰ ਆਪਣੇ ਪੇਕੇ ਘਰ ਬੰਬੀਹਾ ਭਾਈ ਰੁੱਸ ਕੇ ਚਲੀ ਗਈ ਸੀ। ਅਸੀਂ ਕਈ ਵਾਰ ਪੰਚਾਇਤੀ ਤੌਰ 'ਤੇ ਉਸ ਨੂੰ ਤੇ ਉਸ ਦੇ ਪੇਕਿਆਂ ਵਾਲਿਆਂ ਦੇ ਇਲਾਵਾ ਉਸ ਦੀ ਭੂਆ ਤੇ ਫੁੱਫੜ ਨੂੰ ਵੀ ਸਮਝਾਉਣ ਦਾ ਯਤਨ ਕੀਤਾ ਪਰ ਕਿਸੇ ਨੇ ਸਾਡੀ ਗੱਲ ਨਾ ਸੁਣੀ ਅਤੇ ਉਨ੍ਹਾਂ ਮੇਰੇ ਬੇਟੇ ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਗੱਲ ਨੂੰ ਲੈ ਕੇ ਮੇਰਾ ਲੜਕਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਉੁਸ ਨੇ ਇਹ ਵੀ ਦੋਸ਼ ਲਾਇਆ ਕਿ ਉਹ ਸਾਰੇ ਮੇਰੇ ਬੇਟੇ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਇਲਾਵਾ ਧਮਕੀਆਂ ਵੀ ਦਿੰਦੇ ਰਹਿੰਦੇ ਸਨ, ਜਿਸ ਕਾਰਨ ਉਹ ਬੀਤੀ 15 ਮਾਰਚ ਨੂੰ ਕੋਈ ਜ਼ਹਿਰੀਲੀ ਦਵਾਈ ਖਾ ਕੇ ਆਪਣੇ ਸਹੁਰੇ ਪਿੰਡ ਚਲਾ ਗਿਆ, ਜਦ ਸਾਨੂੰ ਪਤਾ ਲੱਗਾ ਤਾਂ ਅਸੀਂ ਉਸ ਨੂੰ ਤੁਰੰਤ ਭਗਤਾ ਭਾਈ ਦੇ ਇਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਨੇ ਅੱਜ ਦਮ ਤੋੜ ਦਿੱਤਾ। ਉਸ ਨੇ ਕਿਹਾ ਕਿ ਮੇਰੇ ਲੜਕੇ ਦੀ ਮੌਤ ਲਈ ਉਸ ਦੀ ਪਤਨੀ ਅਤੇ ਉਸ ਦੇ ਪਿਤਾ ਤੋਂ ਇਲਾਵਾ ਭੂਆ-ਫੁੱਫੜ ਜ਼ਿੰਮੇਵਾਰ ਹਨ।
ਸਹੁਰਿਆਂ ਦੇ ਜ਼ੁਲਮ ਤੋਂ ਪ੍ਰੇਸ਼ਾਨ ਲੜਕੀ ਨੇ ਲਿਆ ਫਾਹਾ
ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)-ਪਿੰਡ ਸੈਦੋਕੇ ਵਿਖੇ ਸਹੁਰਿਆਂ ਦੇ ਜ਼ੁਲਮਾਂ ਤੋਂ ਪ੍ਰੇਸ਼ਾਨ ਇਕ ਲੜਕੀ ਵੱਲੋਂ ਸਹੁਰੇ ਘਰ 'ਚ ਹੀ ਫਾਹਾ ਲੈ ਕੇ ਆਤਮ-ਹੱਤਿਆ ਕਰਨ ਦਾ ਸਮਾਚਾਰ ਹੈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।  ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਗੁਰਚਰਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਤਿਊਣਾ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਅਮਨਦੀਪ ਕੌਰ ਦਾ ਵਿਆਹ ਮੰਗਾ ਸਿੰਘ ਵਾਸੀ ਸੈਦੋਕੇ ਨਾਲ ਕੀਤਾ ਸੀ, ਜਿਸ ਦੇ ਕਰੀਬ 6 ਸਾਲਾਂ ਦਾ ਬੱਚਾ ਵੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਹੁਰਾ ਪਰਿਵਾਰ ਮੇਰੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਇਲਾਵਾ ਉਸ ਦੀ ਕੁੱਟ-ਮਾਰ ਕਰਦਾ ਸੀ, ਜਿਸ ਤੋਂ ਦੁਖੀ ਹੋ ਕੇ ਅੱਜ ਉਸ ਦੀ ਲੜਕੀ ਨੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ।
ਇਸ ਕੇਸ ਦੀ ਜਾਂਚ ਕਰ ਰਹੇ ਥਾਣਾ ਨਿਹਾਲ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ।


Related News