ਲੁਧਿਆਣਾ : ''ਰਾਮ ਮੰਦਰ'' ਬਣਨ ਦੀ ਖੁਸ਼ੀ ''ਚ ਹਲਵਾਈਆਂ ਨੂੰ ਮਿਲ ਰਹੇ ''ਲੱਡੂਆਂ'' ਦੇ ਵੱਡੇ ਆਰਡਰ

8/1/2020 4:18:22 PM

ਲੁਧਿਆਣਾ (ਨਰਿੰਦਰ) : ਭਗਵਾਨ ਸ੍ਰੀ ਰਾਮ ਜੀ ਦੀ ਜਨਮਭੂਮੀ ਅਯੋਧਿਆ 'ਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਲਈ 5 ਅਗਸਤ ਨੂੰ ਨੀਂਹ ਪੱਥਰ ਰੱਖਿਆ ਜਾਣਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਦਾ ਭੂਮੀ ਪੂਜਨ ਕੀਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਜਿੱਥੇ ਅਯੋਧਿਆ 'ਚ ਚੱਲ ਰਹੀਆਂ ਹਨ, ਉੱਥੇ ਹੀ ਲੁਧਿਆਣਾ 'ਚ ਵੀ ਹਿੰਦੂ ਭਾਈਚਾਰਾ ਭੱਬਾ ਭਾਰ ਹੈ। ਹਿੰਦੂ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਇਹ ਤਿਉਹਾਰ ਤੋਂ ਘੱਟ ਨਹੀਂ।

PunjabKesari

ਸਾਡੀ ਟੀਮ ਵੱਲੋਂ ਲੁਧਿਆਣੇ ਦੀਆਂ ਮਠਿਆਈ ਦੀਆਂ ਦੁਕਾਨਾਂ ਦਾ ਜਾਇਜ਼ਾ ਲਿਆ ਗਿਆ ਤਾਂ ਪਤਾ ਲੱਗਾ ਕਿ ਵੱਡੀ ਗਿਣਤੀ 'ਚ ਲੋਕਾਂ ਵੱਲੋਂ ਲੱਡੂਆਂ ਦੇ ਆਰਡਰ ਕੀਤੇ ਜਾ ਰਹੇ ਹਨ। ਲੁਧਿਆਣਾ ਲਵਲੀ ਸਵੀਟ ਦੇ ਮਾਲਕ ਅਤੇ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਵਿਸ਼ੇਸ਼ ਤੌਰ 'ਤੇ ਦੇਸੀ ਘਿਉ ਦੇ ਲੱਡੂ ਤਿਆਰ ਕੀਤੇ ਗਏ ਹਨ, ਜਿਨ੍ਹਾਂ 'ਤੇ ਸ੍ਰੀ ਰਾਮ ਜੀ ਦੇ ਸਟਿੱਕਰ ਵੀ ਲਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਇਹ ਲੱਡੂ ਲੋਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਹੇ ਹਨ ਅਤੇ ਭਾਜਪਾ ਦੇ ਆਗੂ ਵੀ ਲੱਡੂ ਬੁੱਕ ਕਰਵਾ ਰਹੇ ਹਨ। ਇਸ ਤੋਂ ਇਲਾਵਾ ਪੰਡਿਤ ਅਤੇ ਆਮ ਲੋਕ ਵੀ ਲੱਡੂਆਂ ਦੇ ਲਗਾਤਾਰ ਆਰਡਰ ਦੇ ਰਹੇ ਹਨ। ਉਧਰ ਦੂਜੇ ਪਾਸੇ ਲੱਡੂਆਂ ਦਾ ਆਰਡਰ ਦੇਣ ਪਹੁੰਚੇ ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਵੱਲੋਂ 11 ਕਿੱਲੋ ਲੱਡੂਆਂ ਦੇ ਆਰਡਰ ਬੁੱਕ ਕੀਤੇ ਗਏ ਹਨ। ਆਮ ਲੋਕਾਂ ਨੇ ਵੀ ਕਿਹਾ ਕਿ ਜੇਕਰ ਕੋਰੋਨਾ ਮਹਾਮਾਰੀ ਨਾ ਹੁੰਦੀ ਤਾਂ ਉਹ ਖੁਦ ਸ੍ਰੀ ਰਾਮ ਜਨਮ ਭੂਮੀ ਦੇ ਦਰਸ਼ਨ ਕਰਦੇ।

ਲੋਕਾਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਨ ਕਿ ਉਹ ਇਸ ਸਦੀ 'ਚ ਜਨਮੇ ਹਨ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਰਾਮ ਜਨਮ ਭੂਮੀ ਅਯੋਧਿਆ ਵਿਖੇ ਭੂਮੀ ਪੂਜਨ ਹੋਣਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਪਹੁੰਚਣਗੇ। ਹਿੰਦੂ ਭਾਈਚਾਰੇ ਲਈ ਇਹ ਕਿਸੇ ਤਿਉਹਾਰ ਤੋਂ ਘੱਟ ਨਹੀਂ, ਜਿਸ ਕਰਕੇ ਦੇਸ਼ ਭਰ 'ਚ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।


Babita

Content Editor Babita