ਸੂਬੇ ਦੇ ਸੱਭ ਤੋਂ ਵੱਡੇ ਸਰਕਾਰੀ ਡੈਂਟਲ ਕਾਲਜ ’ਚ ਡਾਕਟਰਾਂ ਦੀ ਘਾਟ, ਵਿਦਿਆਰਥੀਆਂ ਦਾ ਭਵਿੱਖ ਹਨੇਰੇ ’ਚ
Saturday, Oct 29, 2022 - 05:39 PM (IST)

ਅੰਮ੍ਰਿਤਸਰ (ਦਲਜੀਤ) : ਪੰਜਾਬ 'ਚ ਵਧੀਆ ਸਿਹਤ ਸੇਵਾਵਾਂ ਦੇਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਸਰਕਾਰੀ ਸੇਵਾਵਾਂ ਦਾ ਜਨਾਜ਼ਾ ਨਿਕਲ ਰਿਹਾ ਹੈ। ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਡੈਂਟਲ ਕਾਲਜ ਅੰਮ੍ਰਿਤਸਰ ਵਿਚ ਡਾਕਟਰਾਂ ਦੀ ਭਾਰੀ ਘਾਟ ਕਾਰਨ ਜਿੱਥੇ ਵਿਦਿਆਰਥੀਆਂ ਦੀ ਲਗਾਤਾਰ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਉੱਥੇ ਡਾਕਟਰਾਂ ਦੀ ਘਾਟ ਕਾਰਨ ਬੀ. ਡੀ. ਐੱਸ. ਅਤੇ ਐੱਮ. ਡੀ. ਐੱਸ. ਵਰਗੀਆਂ ਅਸਾਮੀਆਂ ਨਾ ਭਰਨ ਕਾਰਨ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ। ਸੂਬੇ ਦੇ ਸਭ ਤੋਂ ਵੱਡੇ ਦੰਦਾਂ ਦੇ ਹਸਪਤਾਲ ਵਿਚ ਡਾਕਟਰਾਂ ਦੀਆਂ 56 ਅਸਾਮੀਆਂ 'ਚੋਂ ਸਿਰਫ 10 ਹੀ ਭਰੀਆਂ ਹਨ, ਜਦੋਂਕਿ ਡੈਂਟਲ ਕਾਲਜ ਰਾਮ ਭਰੋਸੇ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੀਆਂ ਸਰਕਾਰੀ ਸੇਵਾਵਾਂ ਵਿਚ ਸੁਧਾਰ ਕਰਨ ਦੇ ਲਗਾਤਾਰ ਦਾਅਵੇ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਅਤੇ ਸਿਹਤ ਸਬੰਧੀ ਸਰਕਾਰੀ ਸੇਵਾਵਾਂ ਨੂੰ ਲੈ ਕੇ ਵੱਡੇ-ਵੱਡੇ ਐਲਾਨ ਵੀ ਕੀਤੇ ਜਾ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਦਾ ਸਭ ਤੋਂ ਵੱਡਾ ਸਰਕਾਰੀ ਡੈਂਟਲ ਕਾਲਜ ਅੰਮ੍ਰਿਤਸਰ ਮਜੀਠਾ ਰੋਡ ’ਤੇ ਸਥਿਤ ਹੈ। ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਧੀਨ ਚੱਲਦੇ ਇਸ ਡੈਂਟਲ ਕਾਲਜ ਵਿਚ ਡਾਕਟਰਾਂ ਦੀ ਵੱਡੀ ਘਾਟ ਹੈ। ਹਸਪਤਾਲ ਵਿਚ ਪ੍ਰੋਫੈਸਰ ਡਾਕਟਰਾਂ ਦੀਆਂ ਕੁੱਲ 8 ਅਸਾਮੀਆਂ ਹਨ, ਜਿਨ੍ਹਾਂ 'ਚੋਂ ਸਿਰਫ ਚਾਰ ਹੀ ਪ੍ਰੋਫ਼ੈਸਰ ਕੰਮ ਕਰ ਰਹੇ ਹਨ, ਜਦਕਿ ਕੰਮ ਚਲਾਉਣ ਲਈ ਮਹੀਨੇ ਵਿਚ ਸਿਰਫ 4 ਦਿਨ ਪਟਿਆਲਾ ਮੈਡੀਕਲ ਕਾਲਜ ਤੋਂ ਡਾਕਟਰਾਂ ਵੱਲੋਂ ਬੱਚਿਆਂ ਨੂੰ ਪੜ੍ਹਾਉਣ ਲਈ ਬੁਲਾਇਆ ਜਾਂਦਾ ਹੈ, ਬਾਕੀ ਮਹੀਨੇ ਬੱਚੇ ਪਡ਼੍ਹਾਈ ਨਾ ਹੋਣ ਕਾਰਨ ਪਰੇਸ਼ਾਨ ਹੋ ਰਹੇ ਹਨ।
ਇਸੇ ਤਰ੍ਹਾਂ ਅੱਖਾਂ ਦਾ ਕੋਈ ਵੀ ਪ੍ਰੋਫ਼ੈਸਰ ਨਾ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਲਗਾਤਾਰ ਪ੍ਰਭਾਵਿਤ ਹੋ ਰਹੀ ਹੈ, ਉੱਥੇ ਮਰੀਜ਼ਾਂ ਨੂੰ ਵੀ ਲੋੜੀਂਦੀਆਂ ਸੇਵਾਵਾਂ ਨਹੀਂ ਮਿਲ ਰਹੀਆਂ। ਡਾਕਟਰਾਂ ਦੀ ਭਾਰੀ ਘਾਟ ਕਾਰਨ ਹਰ ਸਾਲ ਐੱਮ. ਡੀ. ਐੱਸ. ਦੀਆਂ ਪੋਸਟਾਂ ਦੀ ਭਰਤੀ ਨਹੀਂ ਕੀਤੀ ਜਾਂਦੀ, ਕਿਉਂਕਿ ਡਾਕਟਰ ਨਾ ਹੋਣ ਕਾਰਨ ਉਹ ਫੀਸ ਜਮ੍ਹਾ ਕਰਵਾ ਕੇ ਪੜ੍ਹਾਈ ਕਰਨ ਨਹੀਂ ਆਉਂਦੇ ਹਨ। ਇਸੇ ਤਰ੍ਹਾਂ ਸਰਕਾਰ ਵੱਲੋਂ ਹਰ ਸਾਲ 50 ਬੀ. ਡੀ. ਐੱਸ. ਦੇ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਂਦਾ ਹੈ ਪਰ ਇਹ ਵਿਦਿਆਰਥੀ ਡਾਕਟਰਾਂ ਦੀ ਘਾਟ ਕਾਰਨ ਹਰ ਰੋਜ਼ ਸਰਕਾਰ ਨੂੰ ਕੋਸਦੇ ਨਜ਼ਰ ਆਉਂਦੇ ਦਿਖਾਈ ਦਿੰਦੇ ਹਨ। ਇਸ ਸਬੰਧੀ ਕਈ ਵਾਰ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ ਪਰ ਹਸਪਤਾਲ ਪ੍ਰਸ਼ਾਸਨ ਵੀ ਇਕ ਕੰਨ ਤੋਂ ਸੁਣਦਾ ਹੈ ਅਤੇ ਦੂਜੇ ਕੰਨ ਤੋਂ ਗੱਲ ਨੂੰ ਅਣਗੌਲਿਆਂ ਕਰ ਦਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਕੇਂਦਰੀ ਰਾਜ ਮੰਤਰੀ ਅਜੈ ਭੱਟ ਦਾ ਦਾਅਵਾ, ਅੰਮ੍ਰਿਤਸਰ 'ਚ ਟੂਰਿਜ਼ਮ ਲਈ ਖ਼ਰਚੇ ਜਾਣਗੇ 100 ਕਰੋੜ ਰੁਪਏ
ਇਸ ਸਬੰਧੀ ਜਦੋਂ ਕਾਲਜ ਦੀ ਪ੍ਰਿੰਸੀਪਲ ਡਾ. ਰੇਨੂ ਬਾਲਾ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਹੈ। ਇਸ ਸਬੰਧੀ ਸਰਕਾਰ ਨੂੰ ਕਈ ਵਾਰ ਲਿਖਤੀ ਰੂਪ ਵਿਚ ਭੇਜਿਆ ਜਾ ਚੁੱਕਾ ਹੈ।
ਸਿਹਤ ਵਿਭਾਗ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਹਸਪਤਾਲ ਵਿਚ ਡਾਕਟਰਾਂ ਦੀ ਵੱਡੀ ਘਾਟ ਹੈ। ਲੋੜੀਂਦੇ ਡਾਕਟਰਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਜ਼ਿੰਦਗੀ ਹਨੇਰੇ ਵਿਚ ਹੈ ਅਤੇ ਹਸਪਤਾਲ ਵਿਚ ਆਉਣ ਵਾਲੇ ਮਰੀਜ਼ ਵੀ ਡਾਕਟਰਾਂ ਦੀ ਘਾਟ ਕਾਰਨ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਮਜ਼ਬੂਰ ਹਨ।
ਕਰੋੜਾਂ ਦੀ ਮਸ਼ੀਨਰੀ ਫਕ ਰਹੀ ਧੂੜ
ਸਮਾਜ ਸੇਵੀ ਅਤੇ ਆਰ. ਟੀ. ਆਈ. ਐਕਟੀਵਿਸਟ ਜੈ ਗੋਪਾਲ ਲਾਲੀ ਨੇ ਦੱਸਿਆ ਕਿ ਡਾਕਟਰਾਂ ਦੀ ਘਾਟ ਕਾਰਨ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰ ਅੱਜ ਤਕ ਕਿਸੇ ਨੇ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ। ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਖਰੀਦੀ ਕਰੋੜਾਂ ਦੀ ਮਸ਼ੀਨਰੀ ਡਾਕਟਰਾਂ ਦੀ ਘਾਟ ਕਾਰਨ ਧੂੜ ਚੱਟ ਰਹੀ ਹੈ, ਨਾ ਤਾਂ ਮਰੀਜ਼ਾਂ ਲਈ ਮਸ਼ੀਨਰੀ ਕੰਮ ਆ ਰਹੀ ਹੈ ਅਤੇ ਨਾ ਹੀ ਵਿਦਿਆਰਥੀਆਂ ਨੇ ਪੜ੍ਹਾਉਣ ਲਈ ਕਰੋੜਾਂ ਦਾ ਹਸਪਤਾਲ ਚਿੱਟਾ ਹਾਥੀ ਬਣਦਾ ਜਾ ਰਿਹਾ ਹੈ।