ਸਿਵਲ ਹਸਪਤਾਲ 'ਚ ਡਾਕਟਰਾਂ ਦੀ ਘਾਟ

Wednesday, Dec 06, 2017 - 08:15 AM (IST)

ਸਿਵਲ ਹਸਪਤਾਲ 'ਚ ਡਾਕਟਰਾਂ ਦੀ ਘਾਟ

 ਅਜਨਾਲਾ, (ਫਰਿਆਦ)- ਸਥਾਨਕ ਸ਼ਹਿਰ 'ਚ ਸਥਿਤ 60 ਬੈੱਡਾਂ ਦੇ ਸਿਵਲ ਹਸਪਤਾਲ 'ਚ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੇਲੇ ਤੋਂ ਖਾਲੀ ਪਈਆਂ ਡਾਕਟਰਾਂ ਪੋਸਟਾਂ ਕਾਰਨ ਪ੍ਰਾਈਵੇਟ ਹਸਪਤਾਲਾਂ ਦੀ ਚਾਂਦੀ ਬਣੀ ਹੋਈ ਹੈ, ਉਥੇ ਸਰਹੱਦੀ ਗਰੀਬ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ 60 ਬੈੱਡਾਂ ਵਾਲੇ ਸਿਵਲ ਹਸਪਤਾਲ 'ਚ ਅੱਖਾਂ, ਮੈਡੀਸਨ, ਨੱਕ, ਕੰਨ ਤੇ ਗਲੇ ਦੇ 3 ਮਾਹਿਰ ਡਾਕਟਰਾਂ, 2 ਫਾਰਮਾਸਿਸਟਾਂ ਤੇ 8 ਦਰਜਾ-4 ਦੀਆਂ ਪੋਸਟਾਂ ਖਾਲੀ ਪਈਆਂ ਹੋਣ ਕਾਰਨ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਨਾਲ ਜੂਝਣਾ ਪੈ ਰਿਹਾ ਹੈ, ਉਥੇ ਪਹਿਲਾਂ ਤੋਂ ਤਾਇਨਾਤ ਜ਼ਿਆਦਾਤਰ ਡਾਕਟਰਾਂ ਨੇ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਤੇ ਆਸ-ਪਾਸ ਆਪਣੇ ਪ੍ਰਾਈਵੇਟ ਹਸਪਤਾਲ ਖੋਲ੍ਹੇ ਹੋਏ ਹਨ।
ਉਧਰ ਕੁਝ ਮਰੀਜ਼ਾਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਮਰੀਜ਼ਾਂ ਦਾ ਚੈੱਕਅਪ ਕਰਦੇ ਡਾਕਟਰ ਵੀ ਸਮੇਂ ਸਿਰ ਡਿਊਟੀ 'ਤੇ ਨਹੀਂ ਪੁੱਜਦੇ, ਜਿਸ ਕਾਰਨ ਉਨ੍ਹਾਂ ਨੂੰ ਠੰਡ ਦੇ ਮੌਸਮ 'ਚ ਘੰਟਿਆਂਬੱਧੀ ਲੰਮੀਆਂ ਲਾਈਨਾਂ 'ਚ ਲੱਗਣ ਉਪਰੰਤ ਵੀ ਡਾਕਟਰਾਂ ਵੱਲੋਂ ਬਾਹਰਲੇ ਮੈਡੀਕਲ ਸਟੋਰਾਂ ਦੇ ਮਾਲਕਾਂ ਨਾਲ ਮਿਲੀਭੁਗਤ ਹੋਣ ਕਰ ਕੇ ਮਹਿੰਗੇ ਮੁੱਲ ਦੀਆਂ ਦਵਾਈਆਂ ਮੰਗਵਾਈਆਂ ਜਾਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸ ਸਬੰਧੀ ਮਿਲੀ ਗੁਪਤ ਸੂਚਨਾ ਮੁਤਾਬਕ ਪਹਿਲਾਂ ਦੀ ਤਰ੍ਹਾਂ ਸਵੈ-ਰਿਟਾਇਰਮੈਂਟ ਲੈ ਕੇ ਕੁਝ ਹੋਰ ਡਾਕਟਰ ਆਪਣੇ ਪ੍ਰਾਈਵੇਟ ਹਸਪਤਾਲ ਖੋਲ੍ਹਣ ਜਾ ਰਹੇ ਹਨ, ਜਿਸ ਕਾਰਨ ਸਿਵਲ ਹਸਪਤਾਲ ਦੇ ਜਨਰਲ ਵਾਰਡਾਂ 'ਚ ਬਿਲਕੁਲ ਸੰਨਾਟਾ ਛਾਇਆ ਹੋਇਆ ਹੈ, ਜਦੋਂ ਕਿ ਕੁਝ ਮਰੀਜ਼ ਦਾਖਲ ਹੋਣ ਉਪਰੰਤ ਨਿਰੰਤਰ ਇਲਾਜ ਪ੍ਰਕਿਰਿਆ ਨਾ ਮਿਲਣ ਉਪਰੰਤ ਛੁੱਟੀ ਲੈ ਕੇ ਪ੍ਰਾਈਵੇਟ ਹਸਪਤਾਲਾਂ 'ਚ ਦਾਖਲ ਹੋਣ ਲਈ ਮਜਬੂਰ ਹੋ ਰਹੇ ਹਨ। ਖਾਲੀ ਪਈਆਂ ਪੋਸਟਾਂ ਤੋਂ ਚਿੰਤਤ ਹੁੰਦਿਆਂ ਸਮਾਜ ਸੇਵਕ ਐਡਵੋਕੇਟ ਨਾਨਕ ਸਿੰਘ ਭੱਟੀ, ਰੌਬਿਟ ਪੱਛੀਆ, ਰਾਜੂ ਉਮਰਪੁਰਾ, ਮਜ਼ਦੂਰ ਆਗੂ ਧਰਮਿੰਦਰ ਅਜਨਾਲਾ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੋ ਡਾਕਟਰ ਸਰਕਾਰੀ ਡਿਊਟੀ ਛੱਡ ਕੇ ਨਿੱਜੀ ਹਸਪਤਾਲ ਖੋਲ੍ਹ ਰਹੇ ਹਨ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਸ ਬਾਰੇ ਜਦੋਂ ਸਿਵਲ ਸਰਜਨ ਅੰਮ੍ਰਿਤਸਰ ਨਾਲ ਫੋਨ 'ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ, ਜਦੋਂ ਕਿ ਸਿਵਲ ਹਸਪਤਾਲ ਅਜਨਾਲਾ ਦੇ ਐੱਸ. ਐੱਮ. ਓ. ਦੇ ਕਮਰੇ ਨੂੰ ਤਾਲਾ ਲੱਗਾ ਹੋਣ ਕਾਰਨ ਉਨ੍ਹਾਂ ਦਾ ਪੱਖ ਨਹੀਂ ਲਿਆ ਜਾ ਸਕਿਆ।


Related News