ਮਜ਼ਦੂਰਾਂ ਦੀ ਘਾਟ ਕਾਰਨ ਰਵਾਇਤ ਵਜੋਂ ਬਦਲੇਗਾ ਝੋਨੇ ਦੀ ਸਿੱਧੀ ਬਿਜਾਈ ਦਾ ਰੁਝਾਨ
Tuesday, Jun 02, 2020 - 12:36 PM (IST)
ਧਰਮਕੋਟ (ਅਕਾਲੀਆਂ ਵਾਲਾ): ਮਜ਼ਦੂਰਾਂ ਦੀ ਕਮੀ ਦੇ ਬਹਾਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਪੈਦਾ ਹੋਇਆ ਰੁਝਾਨ ਇਕ ਰਵਾਇਤ ਵਜੋਂ ਬਦਲ ਜਾਣ ਦੀ ਸੰਭਾਵਨਾ ਹੈ, ਇਸ ਨਾਲ ਜਿੱਥੇ ਪੰਜਾਬ ਦੇ ਪਾਣੀਆਂ ਨੂੰ ਰਾਹਤ ਮਿਲੇਗੀ ਉੱਥੇ ਕਿਸਾਨਾਂ ਦੇ ਖਰਚਿਆਂ ਨੂੰ ਵੀ ਲਗਾਮ ਲੱਗੇਗੀ। ਪੰਜਾਬ ਦੇ ਡੂੰਘੇ ਹੋ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਅਕਸਰ ਹੀ ਪਿਛਲੇ ਸਮੇਂ ਦੌਰਾਨ ਸਰਕਾਰਾਂ ਵਲੋਂ ਖੇਤੀਬਾੜੀ ਮਹਿਕਮੇ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਸਨ ਕਿ ਕਿਸਾਨਾਂ ਨੂੰ ਸਿੱਧੀ ਬਿਜਾਈ ਵੱਲ ਪ੍ਰੇਰਿਤ ਕੀਤਾ ਜਾਵੇ।ਵਿਭਾਗ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸਾਨਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਅੱਜ ਤਾਲਾਬੰਦੀ ਹੈ, ਕੈਂਪ ਅਤੇ ਜਾਗਰੂਕਤਾ ਸੈਮੀਨਾਰਾਂ 'ਤੇ ਪਾਬੰਦੀ ਹੈ। ਮਜ਼ਦੂਰਾਂ ਦੀ ਮਜਬੂਰੀ ਕਾਰਨ ਕਿਸਾਨ ਇਸ ਵਾਰ ਅਨੁਮਾਨ ਲਗਾ ਰਹੇ ਹਨ ਕਿ ਇਸ ਵਾਰ 35 ਤੋਂ 40 ਫ਼ੀਸਦੀ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ ਹੋਵੇਗੀ। ਪੰਜਾਬ ਵਿਚ ਹਰ ਸਾਲ ਤਕਰੀਬਨ 27ਲੱਖ ਹੈਕਟੇਅਰ ਰਕਬੇ 'ਚ ਝੋਨੇ ਤੇ ਬਾਸਮਤੀ ਦੀ ਕੱਦੂ ਵਿਧੀ ਨਾਲ ਕੀਤੀ ਜਾਂਦੀ ਹੈ।ਪੰਜਾਬ 'ਚ ਪਿਛਲੇ ਸਮਿਆਂ ਦੌਰਾਨ ਕਿਤੇ-ਕਿਤੇ ਹੀ ਸਿੱਧੀ ਬਿਜਾਈ ਕਿਸਾਨਾਂ ਵੱਲੋਂ ਕੀਤੀ ਜਾਂਦੀ ਸੀ।ਬਲਾਕ ਧਰਮਕੋਟ ਦੇ ਖੇਤੀਬਾੜੀ ਅਫ਼ਸਰ ਗੁਰਬਾਜ਼ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ 20 ਕੁ ਅਰਜ਼ੀਆਂ ਕਿਸਾਨਾਂ ਨੇ ਸਬਸਿਡੀ ਵਾਲੀਆਂ ਮਸ਼ੀਨਾਂ ਖਰੀਦਣ ਲਈ ਦਿੱਤੀਆਂ ਸਨ। ਇਸ ਵਾਰ ਕਿਸਾਨਾਂ ਨੇ ਸਬਸਿਡੀ ਲਈ ਡੀ. ਐੱਸ. ਆਰ. ਅਤੇ ਪੈਡੀ ਟਰਾਂਸਪਲਾਂਟਰ ਮਸ਼ੀਨਾਂ ਖਰੀਦਣ ਲਈ 150 ਦੇ ਕਰੀਬ ਕਿਸਾਨਾਂ ਨੇ ਅਰਜ਼ੀਆਂ ਦਿੱਤੀਆਂ ਹਨ।
ਬਗੈਰ ਡਰਿੱਲ 'ਤੇ ਵੀ ਬੀਜਿਆ ਜਾ ਸਕਦਾ ਹੈ ਝੋਨਾ: ਕਾਲੇਕੇ
ਇਸ ਵਕਤ ਪੂਰੇ ਭਾਰਤ 'ਚ ਤਾਲਾਬੰਦੀ ਚੱਲ ਰਹੀ ਹੈ।ਪੰਜਾਬ 'ਚ ਵੱਡੀ ਗਿਣਤੀ 'ਚ ਖੇਤ ਮਜ਼ਦੂਰ ਬਿਹਾਰ, ਉੱਤਰਪ੍ਰਦੇਸ਼ ਅਤੇ ਕੁਝ ਹੋਰ ਸੂਬਿਆਂ 'ਚੋਂ ਪੰਜਾਬ 'ਚ ਝੋਨੇ ਦੀ ਲਵਾਈ ਸਮੇਂ ਆਉਂਦੇ ਹਨ ਪਰ ਇਸ ਵਾਰ ਝੋਨੇ ਦੀ ਲਵਾਈ ਮੌਕੇ ਖੇਤਾਂ 'ਚ ਮਜ਼ਦੂਰਾਂ ਦੀਆਂ ਟੋਲੀਆਂ ਨਹੀਂ ਦਿਖਣਗੀਆਂ। ਝੋਨੇ ਦੀ ਸਿੱਧੀ ਬਿਜਾਈ ਮਹਿੰਗੇ ਮੁੱਲ ਦੀਆਂ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ ਪ੍ਰੰਤੂ ਰਾਜਮੋਹਨ ਸਿੰਘ ਕਾਲੇਕਾ ਨੈਸ਼ਨਲ ਐਵਾਰਡੀ ਕਿਸਾਨ ਨੇ ਖੇਤ 'ਚ, 8 ਏਕੜ ਸੁੱਕੀ ਜ਼ਮੀਨ 'ਚ ਬਿਨਾਂ ਅੱਗ ਲਾਏ ਜਾਣ ਤੋਂ ਬਾਅਦ ਖੇਤ ਨੂੰ ਵਾਹ ਕੇ ਲੈਵਲ ਲੈਜਰ ਲਾ ਕੇ ਖੇਤ 'ਚ 7 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹੱਥ ਨਾਲ ਦੂਹਰਾ ਛਿੱਟਾ ਦੇ ਕੇ ਪਾਣੀ ਨਾਲ ਭਰ ਦਿੱਤਾ ਹੈ ਜੀ ਅਤੇ ਪਾਣੀ 'ਚ ਹੀ ਨਦੀਨਾ ਦੀ ਰੋਕਥਾਮ ਲਈ ਸਾਥੀ (ਯੂ. ਪੀ. ਐੱਲ.) 80 ਗ੍ਰਾਮ ਅਤੇ ਟਾਪ ਸਟਾਰ (ਬਾਇਰ) 45 ਗ੍ਰਾਮ ਪਾ ਦਿੱਤੀ ਹੈ।ਉਸ ਨੇ ਕਿਹਾ ਕਿ ਇਸ ਵਿਧੀ ਨਾਲ ਨਾ ਹੀ ਮਹਿੰਗੀ ਮਸ਼ੀਨਰੀ ਦੀ ਵਰਤੋਂ ਕੀਤੀ ਗਈ ਹੈ ਅਤੇ ਪਾਣੀ ਦੀ ਬੱਚਤ ਤੇ ਕੁਦਰਤੀ ਸੋਮਿਆਂ ਨੂੰ ਸੰਭਾਲਿਆ ਹੈ।ਇਸ ਵਿਧੀ ਨਾਲ ਪ੍ਰਤੀ ਏਕੜ ਉੱਪਰ ਸਾਰਾ ਖਰਚਾ 800 ਰੁਪਏ ਆਇਆ ਹੈ ।ਉਸ ਦਾ ਕਹਿਣਾ ਹੈ ਕਿ ਉਸ ਨੇ ਤਜ਼ਰਬੇ ਦੇ ਤੌਰ 'ਤੇ ਛਿੱਟੇ ਨਾਲ ਝੋਨਾ ਬੀਜਿਆ ਸੀ ਅਤੇ 10-10 ਇੰਚੀ ਤੱਕ ਝੋਨੇ ਦੇ ਪੌਦੇ ਹੋ ਗਏ ਹਨ।
ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੰਜਾਬ ਦੇ ਕਿਸਾਨ ਇਸ ਵਾਰ ਇਕ ਨਵਾਂ ਇਤਿਹਾਸ ਲਿਖਣ ਜਾ ਰਹੇ ਹਨ ।ਪੰਜਾਬ 'ਚ 27 ਲੱਖ ਲਗਭਗ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਸਮੇਤ ਬਾਸਮਤੀ ਕੀਤੀ ਜਾਂਦੀ ਹੈ ,ਜਿਸ ਵਿੱਚੋਂ 5 ਲੱਖ ਹੈਕਟੇਅਰ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ ਹੋਣ ਦੀ ਉਮੀਦ ਹੈ।ਉਨ੍ਹਾਂ ਕਿਹਾ ਕਿ ਝੋਨੇ ਵਿੱਚ ਸਿੱਧੀ ਬਿਜਾਈ ਹੋਣ ਨਾਲ ਜੋ ਨਦੀਨ ਦੀ ਸਮੱਸਿਆ ਹੈ, ਉਸ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮਹਿਕਮੇ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।ਮਿਲੀ ਜਾਣਕਾਰੀ ਮੁਤਾਬਕ ਡੀ. ਐੱਸ. ਆਰ. ਮਸ਼ੀਨਾਂ 'ਤੇ ਸਬਸਿਡੀ ਪ੍ਰਾਪਤ ਕਰਨ ਲਈ ਮਹਿਕਮੇ ਕੋਲ 4 ਹਜ਼ਾਰ ਦੇ ਕਰੀਬ ਪੂਰੇ ਪੰਜਾਬ 'ਚੋਂ ਅਰਜ਼ੀਆਂ ਹੁਣ ਤੱਕ ਪੁੱਜੀਆਂ ਹਨ ਅਤੇ 600 ਅਰਜ਼ੀ ਪੈਡੀ ਟਰਾਂਸਪਲਾਂਟਰ ਖਰੀਦਣ ਲਈ ਹਨ।ਇਹ ਸਬਸਿਡੀ ਉਨ੍ਹਾਂ ਅਰਜ਼ੀ ਕਰਤਾਵਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਨੇ ਮਸ਼ੀਨਾਂ ਭਾਰਤ ਸਰਕਾਰ ਦੇ ਮਨਜ਼ੂਰਸ਼ੁਦਾ ਟੈਸਟਿੰਗ ਸੈਂਟਰਾਂ ਤੋਂ ਟੈਸਟ ਕਰਵਾ ਕੇ ਮਸ਼ੀਨਾਂ ਖਰੀਦੀਆਂ ਹਨ।ਜਿਨ੍ਹਾਂ ਕਿਸਾਨਾਂ ਨੇ ਹੋਰ ਸੈਂਟਰਾਂ ਤੋਂ ਮਸ਼ੀਨਾਂ ਖਰੀਦੀਆਂ ਹਨ ਉਨ੍ਹਾਂ ਨੂੰ ਸਬਸਿਡੀ ਦੇਣ ਲਈ ਮਾਮਲਾ ਵਿਚਾਰ ਅਧੀਨ ਹੈ।
ਝੋਨੇ ਦੀ ਫਸਲ 'ਚ ਮਾਮੂਲੀ ਵਾਧਾ ਕਰਨ ਦੀ ਸਿਫ਼ਾਰਸ਼ ਅਰਥਹੀਣ : ਢੋਸ
ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਕੁਲਦੀਪ ਸਿੰਘ ਢੋਸ ਸੀਨੀਅਰ ਨੇ ਕਿਹਾ ਕਿ ਆਗੂ ਕੋਵਿਡ-19 ਦੌਰਾਨ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਸਾਉਣੀ ਦੀਆਂ 13 ਫ਼ਸਲਾਂ ਦੇ ਸਮਰਥਨ ਮੁੱਲ ਦੀ ਸਿਫ਼ਾਰਿਸ਼ ਕੀਤੀ ਹੈ। ਏ ਗ੍ਰੇਡ ਝੋਨੇ ਦੀ ਫ਼ਸਲ ਲਈ 2019-20 ਦੇ 1835 ਰੁਪਏ ਦੇ ਮੁਕਾਬਲੇ 1888 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਸਿਫ਼ਾਰਿਸ਼ ਕੀਤੀ ਹੈ ਜੋ ਮਹਿਜ਼ 53 ਰੁਪਏ ਕੁਇੰਟਲ ਵੱਧ ਹੈ। ਜਦੋਂ ਕਿ ਏ ਗ੍ਰੇਡ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2902 ਰੁਪਏ ਮੰਗੇ ਸਨ।ਕਮਿਸ਼ਨ ਵੱਲੋਂ ਕੀਤੀ ਗਈ ਸਿਫਾਰਸ਼ ਅਰਥਹੀਣ ਹੈ।''ਪੰਜਾਬ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਨਾਲ ਜੁੜ ਰਹੇ ਹਨ ਇਹ ਇਕ ਚੰਗੀ ਗੱਲ ਹੈ ਪਰ ਸਮੇਂ-ਸਮੇਂ 'ਤੇ ਖੇਤੀਬਾੜੀ ਵਿਭਾਗ ਨੂੰ ਇਸ ਪ੍ਰਤੀ ਜਾਗਰੂਕ ਵੀ ਕਰਨਾ ਚਾਹੀਦਾ ਹੈ ਕਿਉਂਕਿ ਕਿਸਾਨਾਂ ਨੇ ਪਰਾਲੀ 'ਚ ਕਣਕ ਦੀ ਬਿਜਾਈ ਬਗੈਰ ਜ਼ਮੀਨ ਤਿਆਰ ਕੀਤੇ ਸ਼ੁਰੂ ਕੀਤੀ।ਉਸ 'ਚ ਵੀ ਕਈ ਕਮੀਆਂ ਦੇਖਣ ਨੂੰ ਮਿਲੀਆਂ ਹੁਣ ਵੀ ਕਿਸਾਨਾਂ ਨੇ ਮਹਿੰਗੇ ਮੁੱਲ ਮਸ਼ੀਨਾਂ ਖਰੀਦ ਲਈਆਂ ਹਨ ਅਤੇ ਬਿਜਾਈ ਸ਼ੁਰੂ ਕਰ ਦਿੱਤੀ ਹੈ।ਇਸ ਬਿਜਾਈ ਦੌਰਾਨ ਜੋ ਨਦੀਨਾਂ ਦੀ ਸਮੱਸਿਆ ਆਵੇਗੀ ਉਸ ਪ੍ਰਤੀ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ਜਾਗਰੂਕ ਕਰਨ ਲਈ ਲਾਊਡ ਸਪੀਕਰ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।-ਨੰਬਰਦਾਰ
ਗੁਰਦੀਪ ਸਿੰਘ ਡਾਇਰੈਕਟਰ ਜੀ. ਐੱਸ. ਮਸ਼ਰੂਮ ਫਾਰਮ ਪਿੰਡ ਗੁਰਾਲੀ
''ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 30 ਫ਼ੀਸਦੀ ਮਜ਼ਦੂਰੀ ਅਤੇ 10-15 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਕਿਸਾਨਾਂ ਨੂੰ ਮਜ਼ਦੂਰਾਂ ਦੀ ਘਾਟ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਨਾਲ ਵੀ ਨਹੀਂ ਜੂਝਣਾ ਪੈਂਦਾ।''-ਗੁਰਮੇਜ਼ ਸਿੰਘ ਸੰਧਾ ਬੀਜ ਉਤਪਾਦਕ ਇਸ ਵਾਰ ਕੋਰੋਨਾ ਵਾਇਰਸ ਦੇ ਚਲਦਿਆਂ ਵਿਸ਼ਵ ਪੱਧਰੀ ਹਾਲਾਤ ਬਦਲੇ ਹੋਏ ਹਨ।ਪੰਜਾਬ ਦੇ ਕਿਸਾਨ ਜੋ ਪਹਿਲ ਕਦਮੀ ਸਿੱਧੀ ਬਿਜਾਈ ਵੱਲ ਕਰ ਰਹੇ ਹਨ ਉਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ, ਸਰਕਾਰ ਸਮੇਂ-ਸਮੇਂ 'ਤੇ ਕਿਸਾਨਾਂ ਨੂੰ ਇਸ ਪ੍ਰਤੀ ਜਾਣਕਾਰੀ ਮੁਹੱਈਆ ਕਰਵਾਵੇ।-ਆੜ੍ਹਤੀ ਗੁਰਮੇਲ ਸਿੰਘ ਸਿੱਧੂ ਸਰਕਲ ਪ੍ਰਧਾਨ