ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਡੀ. ਸੀ. ਦਫਤਰ ਅੱਗੇ ਧਰਨਾ
Friday, Aug 10, 2018 - 01:04 AM (IST)

ਪਟਿਆਲਾ, (ਬਲਜਿੰਦਰ)- ‘ਭਾਰਤ ਛੱਡੋ’ ਅੰਦੋਲਨ ਦੀ 76ਵੀਂ ਵਰ੍ਹੇਗੰਢ ਮੌਕੇ ਕੁੱਲ ਹਿੰਦ ਕਿਸਾਨ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਸੀ. ਆਈ. ਟੀ. ਯੂ. ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਅੱਗੇ ਧਰਨਾ ਦਿੱਤਾ ਗਿਆ। ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨੇ ਨੂੰ ‘ਜੇਲ ਭਰੋ’ ਅੰਦੋਲਨ ਅਤੇ ਸਤਿਆਗ੍ਰਹਿ ਕਰਾਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਵਧ ਰਹੀ ਮਹਿੰਗਾਈ ਨੂੰ ਰੋਕਣ ਲਈ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰ ਕੇ ਇਸ ਦੇ ਘੇਰੇ ਵਿਚ ਸਾਰੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ। ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਘੱਟੋ-ਘੱਟ ਉਜਰਤ 18 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ। ਕਿਰਤ ਕਾਨੂੰਨਾਂ ਵਿਚ ਮਜ਼ਦੂਰ-ਵਿਰੋਧੀ ਸੋਧਾਂ ਵਾਪਸ ਲਈਆਂ ਜਾਣ।
ਸਵਾਮੀਨਾਥਨ ਰਿਪੋਰਟ ਲਾਗੂ ਕਰ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ ਕੀਤੇ ਜਾਣ। ਖੇਤ ਮਜ਼ਦੂਰਾਂ ਲਈ ਸਰਬਪੱਖੀ ਕਾਨੂੰਨ ਮਗਨਰੇਗਾ ਦਾ ਘੇਰਾ ਵਧਾ ਕੇ ਕਿਸਾਨੀ ਅਤੇ ਸ਼ਹਿਰੀ ਖੇਤਰਾਂ ਨੂੰ ਸ਼ਾਮਲ ਕਰ ਕੇ ਪੂਰਾ ਸਾਲ ਕੰਮ ਅਤੇ ਦਿਹਾਡ਼ੀ 500 ਰੁਪਏ ਕੀਤੀ ਜਾਵੇ। ਖੁਰਾਕ, ਸੁਰੱਖਿਆ, ਸਿਹਤ, ਸਿੱਖਿਆ ਅਤੇ ਮਕਾਨਾਂ ਦੀ ਸਭ ਲਈ ਗਾਰੰਟੀ ਕੀਤੀ ਜਾਵੇ। ਠੇਕਾ ਮਜ਼ਦੂਰ ਪ੍ਰਣਾਲੀ ਬੰਦ ਕਰ ਕੇ 26 ਅਕਤੂਬਰ 2016 ਦਾ ਸੁਪਰੀਮ ਕੋਰਟ ਦਾ ਫੈਸਲਾ ‘ਬਰਾਬਰ ਕੰਮ ਬਰਾਬਰ ਤਨਖਾਹ’ ਲਾਗੂ ਕੀਤੀ ਜਾਵੇ। ਤਿੱਖੇ ਜ਼ਮੀਨੀ ਸੁਧਾਰ ਕਰ ਕੇ ਭੂਮੀਹੀਣਾਂ ਨੂੰ ਜ਼ਮੀਨ ਦਿੱਤੀ ਜਾਵੇ। ਅਾਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਕਿਸਾਨਾਂ ਦੀ ਜ਼ਮੀਨ ਜ਼ਬਰੀ ਐਕਵਾਇਰ ਨਾ ਕੀਤੀ ਜਾਵੇ। ਕੁਦਰਤੀ ਆਫਤਾਂ ’ਚ ਮੁਆਵਜ਼ਾ ਕਾਨੂੰਨ ਵਿਚ ਸੋਧ ਕਰ ਕੇ 40 ਹਜ਼ਾਰ ਰੁਪਏ ਪ੍ਰਤੀ ਏਕਡ਼ ਕੀਤਾ ਜਾਵੇ। 60 ਸਾਲਾਂ ਦੇ ਹਰੇਕ ਬਜ਼ੁਰਗ ਨੂੰ ਬਿਨਾਂ ਸ਼ਰਤ 5 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ। ਮੌਬ ਲੀਚਿੰਗ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਇਆ ਜਾਵੇ। ਸੰਵਿਧਾਨ ਅਨੁਸਾਰ ਹਰੇਕ ਭਾਰਤੀ ਨੂੰ ਆਪਣੇ ਰੀਤੀ-ਰਿਵਾਜ ਸਮਾਜਕ ਅਤੇ ਧਾਰਮਕ ਮਨਾਉਣ ਦੀ ਬਿਨਾਂ ਭੈਅ ਤੋਂ ਅਾਜ਼ਾਦੀ ਹੋਵੇ।
ਇਸ ਰੈਲੀ ਨੂੰ ਧਰਮ ਸਿੰਘ ਸੀਲ ਜ਼ਿਲਾ ਪ੍ਰਧਾਨ ਕਿਸਾਨ ਸਭਾ, ਮੁਹੰਮਦ ਸਦੀਕ ਜ਼ਿਲਾ ਸਕੱਤਰ ਕਿਸਾਨ ਸਭਾ, ਗੁਰਦਰਸ਼ਨ ਸਿੰਘ ਖਾਸਪੁਰ ਸੂਬਾ ਆਗੂ ਕਿਸਾਨ ਸਭਾ, ਮੰਗਤ ਰਾਏ ਬੱਲਾਂ ਪ੍ਰਧਾਨ ਖੇਤ ਮਜ਼ਦੂਰ, ਸਤਪਾਲ ਸਿੰਘ ਰਾਜੋਮਾਜਰਾ ਸਕੱਤਰ ਖੇਤ ਮਜ਼ਦੂਰ, ਸੁੱਚਾ ਸਿੰਘ ਪ੍ਰਧਾਨ ਸੀਟੂ, ਸੁਨੀਲ ਕੁਮਾਰ, ਤਰਲੋਚਨ ਸਿੰਘ ਸੀਟੂ ਆਗੂ, ਬਲਵਿੰਦਰ ਸਿੰਘ ਸਮਾਣਾ, ਗੁਰਬਖਸ਼ ਸਿੰਘ ਧਨੇਠਾ, ਰੇਸ਼ਮ ਸਿੰਘ, ਤੇਜਾ ਸਿੰਘ ਸਮਾਣਾ, ਗੁਰਮੀਤ ਸਿੰਘ ਛੱਜੂ ਭੱਟ, ਹਰਬੰਸ ਸਿੰਘ ਬੁੱਗਾ, ਹਰਵਿੰਦਰ ਸਿੰਘ ਲਾਖਾ, ਰਘਵੀਰ ਸਿੰਘ ਮੰਡੋਲੀ, ਮੋਹਨ ਸਿੰਘ ਸੋਢੀ, ਜੱਸੀ ਸਿੰਘ ਹੰਸਾਲਾ, ਰਮੇਸ਼ ਅਜਾ, ਮੱਖਣ ਸਿੰਘ ਅਤੇ ਸੁੱਚਾ ਸਿੰਘ ਨੇ ਵੀ ਸੰਬੋਧਨ ਕੀਤਾ।