ਖੇਤਾਂ 'ਚ ਕੰਮ ਕਰਦੇ ਮਜ਼ਦੂਰ ਦੀ ਕਰੰਟ ਲੱਗਣ ਨਾਲ ਹੋਈ ਮੌਤ (ਵੀਡੀਓ)
Saturday, Jun 16, 2018 - 05:05 PM (IST)
ਭੋਗਪੁਰ (ਰਾਣਾ ਭੋਗਪੁਰੀਆ) - ਇਥੋ ਥੋੜੀ ਦੂਰ ਪਿੰਡ ਚਾਹੜਕੇ ਵਿਖੇ ਖੇਤਾਂ 'ਚ ਕੰਮ ਕਰਦੇ ਇਕ ਮਜ਼ਦੂਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਘਟਨਾ ਸੰਬਧੀ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਲਗਭਗ 9.30 ਵਜੇ ਦਿਲਬਾਗ ਸਿੰਘ (48) ਸਪੁੱਤਰ ਬੂਟਾ ਸਿੰਘ ਕੌਮ ਜੱਟ ਵਾਸੀ ਪਿੰਡ ਚਾਹੜਕੇ ਪਿੰਡ ਦੇ ਇਕ ਕਿਸਾਨ ਸੁਰਿੰਦਰ ਸਿੰਘ ਦੇ ਖੇਤਾਂ 'ਚ ਕਮਾਦ ਨੂੰ ਖਾਦ ਪਾ ਰਿਹਾ ਸੀ। ਬੀਤੀ ਰਾਤ ਚੱਲੀ ਹਨੇਰੀ ਦੇ ਕਾਰਨ ਖੇਤਾਂ ਉੱਪਰ ਦੀ ਲੰਘਦੀ ਬਿਜਲੀ ਸਪਲਾਈ ਦੀ ਲਾਈਨ ਟੁੱਟ ਕੇ ਖੇਤਾਂ 'ਚ ਡਿੱਗ ਪਈ ਸੀ। ਬਿਜਲੀ ਸਪਲਾਈ ਚਲਦੀ ਹੋਣ ਕਾਰਨ ਦਿਲਬਾਗ ਸਿੰਘ ਨੂੰ ਅਚਾਨਕ ਕਰੰਟ ਲੱਗ ਪਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਤਾ ਲੱਗਾ ਹੈ ਕਿ ਮ੍ਰਿਤਕ ਦੇ ਨਾਲ ਇਕ ਹੋਰ ਵਿਅਕਤੀ ਖੇਤਾਂ 'ਚ ਕਮਾਦ ਨੂੰ ਖਾਦ ਪਾ ਰਿਹਾ ਸੀ। ਉਸ ਨੇ ਮ੍ਰਿਤਕ ਦਿਲਬਾਗ ਸਿੰਘ ਨੂੰ ਬਚਾਉਣ ਲਈ ਕਾਫੀ ਰੌਲਾ ਪਾਇਆ। ਉਸ ਦਾ ਰੌਲਾ ਸੁਣ ਕੇ ਨਾਲ ਦੇ ਖੇਤਾਂ 'ਚ ਕੰਮ ਕਰਦੇ ਹੋਰ ਕਿਸਾਨ ਉਕਤ ਜਗ੍ਹਾ 'ਤੇ ਇਕੱਠੇ ਹੋ ਗਏ ਪਰ ਉਹ ਦਿਲਬਾਗ ਸਿੰਘ ਨੂੰ ਬਚਾਅ ਨਾ ਸਕੇ। ਪਿੰਡ ਦੇ ਸਮਾਜ ਸੇਵਕ ਗੁਰਪ੍ਰੀਤ ਸਿੰਘ ਅਟਵਾਲ ਨੇ ਇਸ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਸਾਰ ਪੁਲਸ ਥਾਣਾ ਭੋਗਪੁਰ ਦੇ ਐੱਸ.ਐੱਚ.ਓ. ਅਤੇ ਪੰਜਾਬ ਪਾਵਰਕਾਮ ਪ੍ਰਾਈਵੇਟ ਲਿਮਟਡ ਸਬ ਡਵੀਜ਼ਨ ਨੰਬਰ ਇਕ ਦੇ ਐੱਸ. ਡੀ. ਓ. ਮੌਕੇ 'ਤੇ ਪਹੁੰਚ ਗਏ।
ਇਸ ਮੌਕੇ ਅਟਵਾਲ ਨੇ ਜਗਬਾਣੀ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮ੍ਰਿਤਕ ਅਣਵਿਆਹਿਆ ਸੀ ਅਤੇ ਉਹ ਆਪਣਾ ਮਾਤਾ ਦੇ ਨਾਲ ਰਹਿ ਰਿਹਾ ਸੀ। ਪਰਿਵਾਰ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।