ਸਿਆਸੀ ਸਲਾਹਕਾਰ ਬਣਨ ਤੇ ਕੈਬਨਿਟ ਦਾ ਰੈਂਕ ਮਿਲਣ ਮਗਰੋਂ ਫਰੀਦਕੋਟ ਪੁੱਜੇ ਕੁਸ਼ਲਦੀਪ ਢਿੱਲੋਂ

Sunday, Sep 15, 2019 - 10:52 AM (IST)

ਸਿਆਸੀ ਸਲਾਹਕਾਰ ਬਣਨ ਤੇ ਕੈਬਨਿਟ ਦਾ ਰੈਂਕ ਮਿਲਣ ਮਗਰੋਂ ਫਰੀਦਕੋਟ ਪੁੱਜੇ ਕੁਸ਼ਲਦੀਪ ਢਿੱਲੋਂ

ਫਰੀਦਕੋਟ (ਜਗਤਾਰ) - ਮੁੱਖ ਮੰਤਰੀ ਪੰਜਾਬ ਦਾ ਸਿਆਸੀ ਸਲਾਹਕਾਰ ਬਣਨ ਅਤੇ ਕੈਬਨਿਟ ਦਾ ਰੈਂਕ ਮਿਲਣ ਤੋਂ ਬਾਅਦ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਪਹਿਲੀ ਵਾਰ ਫਰੀਦਕੋਟ ਪੁੱਜੇ, ਜਿੱਥੋਂ ਦੇ ਲੋਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਟਿੱਲਾ ਬਾਬਾ ਫਰੀਦ ਜੀ ਪ੍ਰਬੰਧਕੀ ਕਮੇਟੀ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਉਣਗੇ।

ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸੂਬੇ ਦੇ ਵਸਨੀਕਾਂ ਦੀ ਸੁੱਖ-ਸਹੂਲਤਾਂ ਪ੍ਰਦਾਨ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹ ਫਰੀਦਕੋਟ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਇਸ ਹਲਕੇ ਨੂੰ ਮਾਡਲ ਸ਼ਹਿਰ ਵਜੋਂ ਵਿਕਸਿਤ ਕਰਨ 'ਚ ਉਹ ਕੋਈ ਕਮੀ ਨਹੀਂ ਆਉਣ ਦੇਣਗੇ। ਫਰੀਦਕੋਟ ਦੇ ਵਿਕਾਸ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਹਿਰ ਅੰਦਰ ਸੜਕਾਂ, ਸੀਵਰੇਜ, ਓਵਰਬ੍ਰਿਜਾਂ 'ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਕੰਮ ਕੀਤਾ ਜਾ ਰਿਹਾ ਹੈ, ਜੋ ਜਲਦ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਦਾ ਇਕੋ ਇਕ ਮਕਸਦ 'ਫਰੀਦਕੋਟ ਹਲਕੇ ਦਾ ਸਰਵਪੱਖੀ ਵਿਕਾਸ ਕਰਨਾ' ਹੈ ਅਤੇ ਰਹਿੰਦੇ ਕੰਮ ਜਲਦ ਪੂਰੇ ਕਰ ਲਏ ਜਾਣਗੇ।  


author

rajwinder kaur

Content Editor

Related News