ਕੁੱਪ ਕਲਾਂ ’ਚ ਕਤਲ ਹੋਏ ਨੌਜਵਾਨ ਦੇ ਮਾਮਲੇ ’ਚ ਨਵਾਂ ਮੋੜ, ਦੋਸਤ ਨੇ ਹੀ ਰਚੀ ਸੀ ਸਾਜ਼ਿਸ਼

Wednesday, Apr 07, 2021 - 06:41 PM (IST)

ਕੁੱਪ ਕਲਾਂ ’ਚ ਕਤਲ ਹੋਏ ਨੌਜਵਾਨ ਦੇ ਮਾਮਲੇ ’ਚ ਨਵਾਂ ਮੋੜ, ਦੋਸਤ ਨੇ ਹੀ ਰਚੀ ਸੀ ਸਾਜ਼ਿਸ਼

ਸੰਦੌੜ/ਕੁੱਪ ਕਲਾਂ (ਰਿਖੀ)-ਲੰਘੇ ਦਿਨ ਕੁੱਪ ਕਲਾਂ ਵਿਖੇ ਇੱਕ ਨੌਜਵਾਨ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਮਾਮਲੇ ’ਚ ਪੁਲਸ ਨੇ ਮੁਸਤੈਦੀ ਦਿਖਾਉਂਦਿਆਂ ਕਾਤਲ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਿਕ ਕੁੱਪ ਕਲਾਂ ਦੇ ਨੌਜਵਾਨ ਲਖਵੀਰ ਸਿੰਘ ਦਾ ਬੀਤੀ ਸ਼ਾਮ ਉਸ ਦੀ ਮੋਟਰ ’ਤੇ ਅਣਪਛਾਤੇ ਵਿਅਕਤੀ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਸਬੰਧੀ ਅਹਿਮਦਗੜ੍ਹ ਪੁਲਸ ਦੇ ਡੀ. ਐੱਸ. ਪੀ. ਰਾਜਨ ਸ਼ਰਮਾ ਅਤੇ ਐੱਸ. ਐੱਚ. ਓ. ਅਮਨਦੀਪ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕਾਤਲ ਮ੍ਰਿਤਕ ਦਾ ਦੋਸਤ ਹੀ ਨਿਕਲਿਆ ਹੈ, ਜੋ ਨੇੜਲੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਮ੍ਰਿਤਕ ਦਾ ਦੋਸਤ ਸੀ, ਜਿਸ ਦਾ ਅਕਸਰ ਉਸ ਦੇ ਨਾਲ ਆਉਣਾ-ਜਾਣਾ ਰਹਿੰਦਾ ਸੀ।

ਇਨ੍ਹਾਂ ਦੋਵਾਂ ’ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ’ਤੇ ਕਥਿਤ ਦੋਸ਼ੀ ਨੇ ਤੇਜ਼ਧਾਰ ਹਥਿਆਰਾਂ ਨਾਲ ਲਖਵੀਰ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਬਾਅਦ ’ਚ ਖ਼ੁਦ ਹੀ ਪਰਿਵਾਰ ਨੂੰ ਸੂਚਿਤ ਕਰ ਕੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਕਰਨ ਦਾ ਡਰਾਮਾ ਰਚ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦੇ ਪਿਤਾ ਬਹਾਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Anuradha

Content Editor

Related News