ਸਾਜ਼ਿਸ਼ ਬੇਨਕਾਬ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਦਾ ਕਰਵਾਇਆ ਜਾਵੇ ਨਾਰਕੋ ਟੈਸਟ : ਮਜੀਠੀਆ
Monday, Jun 21, 2021 - 10:34 PM (IST)
ਅੰਮ੍ਰਿਤਸਰ(ਛੀਨਾ)- ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਦਾਗੀ ਸਾਬਕਾ ਪੁਲਸ ਅਫਸਰ ਕੁੰਵਰ ਵਿਜੇ ਪ੍ਰਤਾਪ ਦੀ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਨੇ ਸਾਬਿਤ ਕਰ ਦਿੱਤਾ ਹੈ ਕਿ ਬੇਅਦਬੀਆਂ ਦੇ ਮਾਮਲੇ ’ਚ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਰਚੀ ਸਾਜ਼ਿਸ਼ ’ਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹਨ।
ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਅਤੇ ਕਾਂਗਰਸ ਪਾਰਟੀ ਵਿਚਾਲੇ ਮਿਲੀਭੁਗਤ ਹੋਣ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪਹਿਲਾਂ ‘ਆਪ’ ਨਾਲ ਰਲ ਕੇ ਕਾਂਗਰਸ ਨੇ ਦਿੱਲੀ ’ਚ ‘ਆਪ’ ਸਰਕਾਰ ਬਣਵਾਈ ਅਤੇ ਪੰਜਾਬ ’ਚ ਦੋਵਾਂ ਪਾਰਟੀਆਂ ਦੇ ਵਿਧਾਇਕਾਂ ਦੀ ਖਰੀਦੋ-ਫਰੋਖਤ ਚਲਦੀ ਰਹੀ। ਹੁਣ ‘ਆਪ’ ਅਤੇ ਕਾਂਗਰਸ ਦੋਵਾਂ ਨੇ ਪੰਜਾਬ ’ਚ ਰਲ ਕੇ ਅਕਾਲੀ ਦਲ ਨੂੰ ਦਰਕਿਨਾਰ ਕਰਨ ਦਾ ਯਤਨ ਕੀਤਾ ਹੈ। ਇਸੇ ਲਈ ਅੱਜ ਪੰਜਾਬ ਦੌਰੇ ਵੇਲੇ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਇਕ ਸ਼ਬਦ ਵੀ ਨਹੀਂ ਬੋਲਿਆ।
ਇਹ ਵੀ ਪੜ੍ਹੋ- ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਈਮਾਨਦਾਰੀ ’ਤੇ ਅਦਾਲਤਾਂ ਦੇ ਜੱਜ ਸਾਹਿਬਾਨ ਵੀ ਕਰਦੇ ਹਨ ਵਿਸ਼ਵਾਸ: ਮਾਨ
ਇਸ ਘਟਨਾਕ੍ਰਮ ਨੂੰ ਕਾਲਾ ਦਿਨ ਕਰਾਰ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਕ ਸਾਬਕਾ ਪੁਲਸ ਅਫਸਰ, ਜਿਸ ਨੇ ਕੋਟਕਪੂਰਾ ਫਾਇਰਿੰਗ ਕੇਸ ਦੀ ਪੱਖਪਾਤੀ ਅਤੇ ਸਿਆਸੀ ਤੌਰ ’ਤੇ ਪ੍ਰੇਰਿਤ ਜਾਂਚ ਕੀਤੀ ਅਤੇ ਪੁਲਸ ਫੋਰਸ ’ਤੇ ਧੱਬਾ ਸਾਬਿਤ ਹੋਇਆ, ਉਸ ਨੂੰ ‘ਆਪ’ ਗੁਰੂ ਨਾਮ ਲੇਵਾ ਸੰਗਤ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਘਟਨਾਕ੍ਰਮ ਨੇ ਸਾਬਿਤ ਕਰ ਦਿੱਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਇਕ ਸਹਿ-ਸਾਜ਼ਿਸ਼ਕਾਰ ਹੈ ਅਤੇ ਜ਼ਰੂਰੀ ਹੈ ਕਿ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਅਤੇ ਉਸ ਦਾ ਨਾਰਕੋ ਟੈਸਟ ਕਰਵਾਇਆ ਜਾਵੇ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਸਾਬਕਾ ਪੁਲਸ ਅਫਸਰ ਦੀ ਹਿਰਾਸਤੀ ਪੁੱਛਗਿੱਛ ਬਹੁਤ ਜ਼ਰੂਰੀ ਹੈ ਤਾਂ ਜੋ ‘ਆਪ’ ਅਤੇ ਕਾਂਗਰਸ ਦੀ ਸਾਜ਼ਿਸ਼ ਬੇਨਕਾਬ ਹੋ ਸਕੇ।
ਇਹ ਵੀ ਪੜ੍ਹੋ- DTF 18 ਜੁਲਾਈ ਨੂੰ ਸੰਗਰੂਰ ’ਚ ਕਰੇਗੀ ਸੂਬਾਈ ਮੁਜ਼ਾਹਰਾ
ਅਕਾਲੀ ਆਗੂ ਨੇ ਕਿਹਾ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਬੇਅਦਬੀ ਮਾਮਲੇ ਦੀ ਜਾਂਚ ਸਿਆਸੀ ਤੌਰ ’ਤੇ ਪ੍ਰੇਰਿਤ ਸੀ ਅਤੇ ਇਹ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ‘ਆਪ’ ਅਤੇ ਕਾਂਗਰਸ ਦੇ ਆਗੂਆਂ ਨੇ ਰਲ ਕੇ ਕਰਵਾਈ ਸੀ। ਉਨ੍ਹਾਂ ਕਿਹਾ ਕਿ ਇਸ ਸਾਜ਼ਿਸ਼ ਕਾਰਨ ਹੀ ‘ਆਪ’ ਅਤੇ ਕਾਂਗਰਸ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਉਦੋਂ ਮਦਦ ਕੀਤੀ, ਜਦੋਂ ਚੋਣ ਕਮਿਸ਼ਨ, ਵਿਸ਼ੇਸ਼ ਜਾਂਚ ਟੀਮ ਯਾਨੀ ਐੱਸ. ਆਈ. ਟੀ. ਦੇ ਹੋਰ ਸਾਥੀ ਮੈਂਬਰਾਂ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਨੂੰ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ਕਿਹਾ ਕਿ ਸਾਬਕਾ ਪੁਲਸ ਅਫਸਰ ਨੂੰ ਦੋਸ਼ੀ ਕਰਾਰ ਦਿੰਦਿਆਂ ਹਾਈਕੋਰਟ ਨੇ ਕਿਹਾ ਸੀ ਕਿ ਇਹ ਅਫਸਰ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਲਈ ਸਿਆਸੀ ਡਰਾਮੇਬਾਜ਼ੀ ਕਰ ਰਿਹਾ ਹੈ, ਜੋ ਅੱਜ ਸਾਬਿਤ ਹੋ ਗਿਆ ਹੈ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਅਤੇ ਲਖਬੀਰ ਸਿੰਘ ਲੋਧੀਨੰਗਲ ਵੀ ਉਨ੍ਹਾਂ ਨਾਲ ਮੌਜੂਦ ਸਨ।