ਕੁੰਵਰ ਵਿਜੇ ਪ੍ਰਤਾਪ ਦੇ ਮੁੱਦੇ 'ਤੇ ਚੋਣ ਕਮਿਸ਼ਨ ਨੂੰ ਅੱਜ ਮਿਲੇਗਾ ਵਫਦ: ਫੂਲਕਾ

04/16/2019 11:46:37 AM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)—ਬਹੁ ਚਰਚਿਤ ਬਰਗਾੜੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਤਫਤੀਸ਼ ਕਰ ਰਹੀ ਸਿੱਟ ਦੇ ਪ੍ਰਮੁੱਖ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਭਾਰਤੀ ਚੋਣ ਕਮਿਸ਼ਨ ਵਲੋਂ ਸੰਭਾਵੀ ਦੋਸ਼ੀ ਧਿਰ ਸ਼੍ਰੋ.ਅ. ਦਲ ਦੀ ਸ਼ਿਕਾਇਤ ਦੇ ਆਧਾਰਿਤ ਬਦਲੇ ਜਾਣ 'ਤੇ ਵਿਰੋਧੀ ਧਿਰਾਂ ਇਕ ਵਾਰ ਮੁੜ ਇਕ ਪਲੇਟਫਾਰਮ 'ਤੇ ਜੜ ਰਹੀਆਂ ਹਨ ਅਤੇ ਉਨ੍ਹਾਂ 16 ਅਪ੍ਰੈਲ ਨੂੰ 5ਮੈਂਬਰੀ ਵਫਦ ਦੇ ਰੂਪ 'ਚ ਭਾਰਤੀ ਚੋਣ ਕਮਿਸ਼ਨ ਨੂੰ ਉਕਤ ਬਦਲੀ ਦੇ ਵਿਰੋਧ 'ਚ ਮਿਲਣ ਦਾ ਫੈਸਲਾ ਕੀਤਾ ਹੈ।

ਇਸ ਦੀ ਪੁਸ਼ਟੀ ਕਰਦਿਆਂ ਪਦਮ ਸ਼੍ਰੀ ਐੱਚ.ਐੱਸ.ਫੂਲਕਾ ਨੇ ਦੱਸਿਆ ਕਿ ਅਕਾਲੀ ਦਲ ਦੀ ਸ਼ਿਕਾਇਤ ਦੇ ਆਧਾਰਤ ਸੱਚਾਈ ਭਰਪੂਰ ਤੱਥਾਂ ਨੂੰ ਨਜ਼ਰ ਅੰਦਾਜ਼ ਕਰਕੇ ਉਕਤ ਈਮਾਨਦਾਰ ਅਫਸਰ ਦੀ ਕੀਤੀ ਬਦਲੀ 'ਚ ਸਿਆਸਤ ਤੇ ਨਿੱਜੀ ਰਣਨੀਤੀ ਸਪੱਸ਼ਟ ਨਜ਼ਰ ਆ ਰਹੀ ਹੈ, ਜਿਸ 'ਤੇ ਪੁਨਰ ਵਿਚਾਰ ਲਈ 5 ਮੈਂਬਰੀ ਵਫਦ ਨਿੱਜੀ ਤੌਰ 'ਤੇ ਅਤੇ ਲਿਖਤੀ ਰੂਪ 'ਚ ਆਪਣਾ ਪੱਖ ਉਜਾਗਰ ਕਰੇਗਾ। ਉਨ੍ਹਾਂ ਕਿਹਾ ਕਿ ਕਿਸੇ ਇਕ ਧਿਰ ਦੇ ਕਹਿਣ 'ਤੇ ਇੰਨਾ ਵੱਡਾ ਫੈਸਲਾ ਲੈ ਲੈਣਾ ਸੂਬੇ ਦੇ ਹਾਲਾਤ ਤੋਂ ਉਲਟ ਹੈ ਅਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਨੂੰ ਬਿਨਾਂ ਵਜ੍ਹਾ ਪੱਖਪਾਤੀ ਦੋਸ਼ਾਂ ਦਾ ਨਿਸ਼ਾਨਾ ਬਣਾਉਣਾ ਮਹਿਜ਼ ਸਿਆਸਤ ਤੋਂ ਪ੍ਰੇਰਿਤ ਹੈ। ਪੰਜਾਬ ਸਰਕਾਰ ਦੇ 2 ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜਿੱਥੇ ਸੂਬੇ ਦੀ ਸੱਤਾਧਾਰੀ ਧਿਰ ਵਲੋਂ ਇਸ ਵਫਦ 'ਚ ਸ਼ਾਮਲ ਹੋਣਗੇ। ਉੱਥੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਵੀ ਉਕਤ ਵਫਦ 'ਚ ਸ਼ਮੂਲੀਅਤ ਕਰਨਗੇ।


Shyna

Content Editor

Related News