ਪੰਜਾਬ ਦੇ 3 ਦਰਜਨ ਥਾਣਿਆਂ ਦੀ ਬਿਜਲੀ ਹੋਵੇਗੀ ਗੁੱਲ, ਕੁਨੈਕਸ਼ਨ ਕੱਟਣ ਦੇ ਹੁਕਮ ਹੋਏ ਜਾਰੀ (ਵੀਡੀਓ)
Tuesday, May 17, 2022 - 11:41 AM (IST)
ਚੰਡੀਗੜ੍ਹ : ਪੰਜਾਬ 'ਚ ਚੱਲ ਰਹੇ ਕੁੰਡੀ ਕੁਨੈਕਸ਼ਨਾਂ 'ਤੇ ਭਗਵੰਤ ਮਾਨ ਸਰਕਾਰ ਸਖ਼ਤ ਦਿਖਾਈ ਦੇ ਰਹੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਵੱਲੋਂ ਪੂਰੇ ਸੂਬੇ ਅੰਦਰ ਸਖ਼ਤੀ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ ਬਿਜਲੀ ਦੀਆਂ ਕੁੰਡੀਆਂ ਲਾਉਣ ਵਾਲੇ ਆਮ ਲੋਕਾਂ ਦੇ ਨਾਲ-ਨਾਲ ਹੁਣ ਮਾਨ ਸਰਕਾਰ ਦੀ ਅੱਖ ਪੰਜਾਬ ਪੁਲਸ ਦੇ ਥਾਣਿਆਂ 'ਤੇ ਵੀ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਦੇ 3 ਦਰਜਨ ਥਾਣਿਆਂ ਅੰਦਰ ਬਿਜਲੀ ਦੇ ਮੀਟਰ ਹੀ ਨਹੀਂ ਲੱਗੇ ਹਨ ਅਤੇ ਇਨ੍ਹਾਂ ਥਾਣਿਆਂ ਅੰਦਰ ਬਿਜਲੀ ਦੀ ਕੁੰਡੀ ਕੁਨੈਕਸ਼ਨ ਲਾ ਕੇ ਕੰਮ ਸਾਰਿਆ ਜਾ ਰਿਹਾ ਹੈ।
ਹੁਣ ਇਨ੍ਹਾਂ ਥਾਣਿਆਂ ਦੀ ਬਿਜਲੀ ਕੱਟੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਸੂਬੇ ਦੇ ਕਰੀਬ 3 ਦਰਜਨ ਥਾਣਿਆਂ ਦੀ ਬਿਜਲੀ ਗੁੱਲ ਹੋ ਜਾਵੇਗੀ। ਦੱਸਣਯੋਗ ਹੈ ਕਿ ਪਾਵਰਕਾਮ ਵੱਲੋਂ ਬੀਤੇ ਦਿਨੀਂ ਸੂਬੇ ਦੇ ਡੇਰਿਆਂ 'ਚੋਂ ਵੀ ਬਿਜਲੀ ਚੋਰੀ ਫੜ੍ਹੀ ਗਈ ਹੈ। ਪੰਜਾਬ ਸਰਕਾਰ ਨੇ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਮਰ ਕੱਸ ਲਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਕੁੰਡੀ ਕੁਨੈਕਸ਼ਨ ਲਗਾਉਣ ਵਾਲੇ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਬਿਜਲੀ ਵਰਤਣ ਵਾਲਿਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਪੰਜਾਬ 'ਚ ਡੂੰਘੇ ਹੁੰਦੇ ਬਿਜਲੀ ਸੰਕਟ ਦਰਮਿਆਨ ਸਰਕਾਰ ਵੱਲੋਂ ਇਹ ਵੱਡਾ ਫ਼ੈਸਲਾ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ