ਖ਼ਾਲਿਸਤਾਨੀ ਖਾਨਪੁਰੀਆ ਨੂੰ ਜੇਲ੍ਹ 'ਚ ਸੌਣ ਲਈ ਗੱਦੇ ਸਣੇ ਮਿਲੇਗੀ ਇਹ ਸਹੂਲਤ, ਜਾਣੋ ਕਿਉਂ
Thursday, Aug 03, 2023 - 11:41 AM (IST)
ਮੋਹਾਲੀ (ਸੰਦੀਪ) : ਮੋਹਾਲੀ ਦੀ ਐੱਨ. ਆਈ. ਏ. ਕੋਰਟ ਨੇ ਖ਼ਾਲਿਸਤਾਨੀ ਕੁਲਵਿੰਦਰਜੀਤ ਸਿੰਘ ਉਰਫ਼ ਖਾਨਪੁਰੀਆ ਨੂੰ ਮੈਡੀਕਲ ਗਰਾਊਂਡਸ ਦੇ ਚੱਲਦੇ ਜੇਲ੍ਹ ’ਚ ਸੌਣ ਲਈ ਸਲੀਪਿੰਗ ਮੈਟ੍ਰੇਸੇਸ ਅਤੇ ਇੰਗਲਿਸ਼ ਟਾਇਲੈਟ ਸੀਟ ਇਸਤੇਮਾਲ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਹ ਫ਼ੈਸਲਾ ਮੋਹਾਲੀ ਦੀ ਐੱਨ. ਆਈ. ਏ. ਕੋਰਟ ਨੇ ਸੁਣਾਇਆ। ਜਾਣਕਾਰੀ ਮੁਤਾਬਕ ਖ਼ਾਲਿਸਤਾਨੀ ਕੁਲਵਿੰਦਰਜੀਤ ਸਿੰਘ ਉਰਫ਼ ਖਾਨਪੁਰੀਆ ਇਨੀਂ ਦਿਨੀਂ ਸੰਗਰੂਰ ਦੀ ਜ਼ਿਲ੍ਹਾ ਜੇਲ੍ਹ ’ਚ ਬੰਦ ਹੈ।
ਖ਼ਾਲਿਸਤਾਨੀ ਖਾਨਪੁਰੀਆ ਨੇ ਆਪਣੇ ਵਕੀਲ ਦੇ ਜ਼ਰੀਏ ਕੁੱਝ ਮੈਡੀਕਲ ਗਰਾਊਂਡਸ ਕਾਰਨ ਕੋਰਟ ’ਚ ਅਰਜ਼ੀ ਲਗਾਈ ਸੀ ਕਿ ਉਹ ਜੇਲ੍ਹ ਦੀ ਬੈਰਕ 'ਚ ਬਿਨਾਂ ਗੱਦੇ ਦੇ ਨਹੀਂ ਸੌਂ ਸਕਦਾ ਅਤੇ ਨਾ ਹੀ ਜੇਲ੍ਹ ਦੀ ਇੰਡੀਅਨ ਟਾਇਲੈਟ ਸੀਟ ਦਾ ਇਸਤੇਮਾਲ ਕਰ ਸਕਦਾ ਹੈ, ਜਿਸ ਕਾਰਨ ਉਸ ਨੇ ਕੋਰਟ ’ਚ ਸਰਕਾਰੀ ਹਸਪਤਾਲ ਦੀ ਰਿਪੋਰਟ ਵੀ ਲਗਾਈ ਸੀ। ਕੋਰਟ ਨੇ ਮੈਡੀਕਲ ਰਿਪੋਰਟਾਂ ਦੇ ਆਧਾਰ ’ਤੇ ਉਸ ਦੇ ਸੌਣ ਲਈ ਸਲੀਪਿੰਗ ਮੈਟ੍ਰੇਸੇਸ ਅਤੇ ਇੰਗਲਿਸ਼ ਟਾਇਲੈਟ ਸੀਟ ਦਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਮੋਹਾਲੀ 'ਚ ਲੱਗੇ 'ਕੌਮੀ ਇਨਸਾਫ਼ ਮੋਰਚੇ' ਨੂੰ ਲੈ ਕੇ ਹਾਈਕੋਰਟ ਦਾ ਸਖ਼ਤ ਹੁਕਮ, ਜਾਣੋ ਕੀ ਹੋਇਆ
5 ਲੱਖ ਰੁਪਏ ਦੇ ਇਨਾਮੀ ਖਾਨਪੁਰੀਆ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਕੀਤਾ ਸੀ ਗ੍ਰਿਫ਼ਤਾਰ
ਜ਼ਿਕਰਯੋਗ ਹੈ ਕਿ ਐੱਨ. ਆਈ. ਏ. ਨੇ ਦਿੱਲੀ ਹਵਾਈ ਅੱਡੇ ਤੋਂ 5 ਲੱਖ ਰੁਪਏ ਦੇ ਇਨਾਮੀ ਮੋਸਟ ਵਾਂਟੇਡ ਕੁਲਵਿੰਦਜੀਤ ਸਿੰਘ ਉਰਫ਼ ਖਾਨਪੁਰੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਐੱਨ. ਆਈ. ਏ. ਕੋਰਟ ਨੇ ਕਰੀਬ 4 ਸਾਲ ਪਹਿਲਾਂ ਉਸ ਨੂੰ ਭਗੌੜਾ ਐਲਾਨ ਕੀਤਾ ਸੀ ਅਤੇ ਇੰਟਰਪੋਲ ਨੇ ਉਸ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਕੁਲਵਿੰਦਰਜੀਤ ਸਿੰਘ ਉਰਫ਼ ਖਾਨਪੁਰੀਆ ਬੈਂਕਾਕ ਤੋਂ ਆ ਰਿਹਾ ਸੀ, ਜਿਸ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਖਾਨਪੁਰੀਆ ਪੰਜਾਬ ’ਚ ਚੁਣ-ਚੁਣ ਕੇ ਹੱਤਿਆ ਦੇ ਮਾਮਲਿਆਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰਚਨ ਸਮੇਤ ਕਈ ਅੱਤਵਾਦੀ ਮਾਮਲਿਆਂ ’ਚ ਸ਼ਾਮਲ ਅਤੇ ਲੋੜੀਂਦਾ ਸੀ। ਉਹ 2019 ਤੋਂ ਫ਼ਰਾਰ ਸੀ ਅਤੇ ਐੱਨ. ਆਈ. ਏ. ਨੇ ਉਸ ਬਾਰੇ ਸੂਚਨਾ ਦੇਣ ਵਾਲੇ ’ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ