ਮਾਲਵੇ ’ਚ ਨਕਲੀ ਕੀਟਨਾਸ਼ਕ ਦਵਾਈਆਂ ਬਣਾਉਣ ਦਾ ਧੰਦਾ ਚੱਲਦਾ ਰਿਹਾ, ਸਾਬਕਾ CM ਚੁੱਪ ਰਹੇ: ਧਾਲੀਵਾਲ

08/12/2022 10:30:12 AM

ਜਲੰਧਰ (ਧਵਨ)– ਪੰਜਾਬ ਦੇ ਪੇਂਡੂ ਵਿਕਾਸ, ਪੰਚਾਇਤ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਮਾਲਵਾ ਖੇਤਰ ਵਿਚ ਨਕਲੀ ਕੀਟਨਾਸ਼ਕ ਬਣਾਉਣ ਦਾ ਧੰਦਾ ਕਈ ਸਾਲਾਂ ਤੋਂ ਚੱਲ ਰਿਹਾ ਹੈ ਪਰ ਕਿਸੇ ਵੀ ਸਾਬਕਾ ਮੁੱਖ ਮੰਤਰੀ ਨੇ ਇਸ ਧੰਦੇ ਵਿਚ ਸ਼ਾਮਲ ਲੋਕਾਂ ਤੇ ਫੈਕਟਰੀਆਂ ’ਤੇ ਹੱਥ ਨਹੀਂ ਪਾਇਆ। ਧਾਲੀਵਾਲ ਨੇ ਦੱਸਿਆ ਕਿ ਮਾਲਵਾ ਖੇਤਰ ਤੋਂ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣੇ। ਕੈਪਟਨ ਅਮਰਿੰਦਰ ਸਿੰਘ 2 ਵਾਰ ਮੁੱਖ ਮੰਤਰੀ ਬਣੇ ਪਰ ਕਿਸੇ ਨੇ ਵੀ ਬਠਿੰਡਾ ਅਤੇ ਉਸ ਦੇ ਆਸ-ਪਾਸ ਚੱਲ ਰਹੀਆਂ ਗੈਰ-ਕਾਨੂੰਨੀ ਕੀਟਨਾਸ਼ਕ ਦਵਾਈਆਂ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਬੰਦ ਕਰਵਾਉਣ ਦੇ ਯਤਨ ਨਹੀਂ ਕੀਤੇ।

ਇਸੇ ਤਰ੍ਹਾਂ ਬਠਿੰਡਾ ਹਲਕੇ ਤੋਂ ਸੁਖਬੀਰ ਬਾਦਲ ਵੀ ਉਪ-ਮੁੱਖ ਮੰਤਰੀ ਬਣੇ। ਉਨ੍ਹਾਂ ਦੀ ਪਤਨੀ ਕੇਂਦਰ ਵਿਚ ਫੂਡ ਪ੍ਰੋਸੈਸਿੰਗ ਮੰਤਰੀ ਬਣੀ। ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ 5 ਮਹੀਨਿਆਂ ਦੇ ਸ਼ਾਸਨ ਦੌਰਾਨ ਗੌਰਖ ਧੰਦਾ ਕਰਨ ਵਾਲਿਆਂ ਦੀ ਨੀਂਦ ਉਡਾ ਦਿੱਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੇਤੀਬਾੜੀ ਮਹਿਕਮੇ ਨੂੰ ਕਿਹਾ ਹੈ ਕਿ ਮਾਲਵਾ ਖੇਤਰ ਵਿਚ ਕਿਸੇ ਵੀ ਥਾਂ ’ਤੇ ਨਕਲੀ ਕੀਟਨਾਸ਼ਕ ਦਵਾਈਆਂ ਬਣਾਉਣ ਦਾ ਗੋਰਖ ਧੰਦਾ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਨਾਪਾਕ ਗਠਜੋੜ ਨੂੰ ਤੋੜ ਦਿੱਤਾ ਜਾਵੇਗਾ ਅਤੇ ਭਵਿੱਖ ਵਿਚ ਮਾਲਵੇ ਦੇ ਕਿਸਾਨਾਂ ਨੂੰ ਸਿਰਫ਼ ਅਸਲੀ ਬੀਜ ਤੇ ਦਵਾਈਆਂ ਮਿਲਿਆ ਕਰਨਗੀਆਂ। ਧਾਲੀਵਾਲ ਨੇ ਕਿਹਾ ਕਿ ਬਠਿੰਡਾ ਤੋਂ ‘ਕੈਂਸਰ ਐਕਸਪ੍ਰੈੱਸ’ ਨਾਂ ਦੀ ਰੇਲਗੱਡੀ ਚੱਲ ਰਹੀ ਹੈ। ਇਨ੍ਹਾਂ ਅਕਾਲੀ ਤੇ ਕਾਂਗਰਸੀ ਸਿਆਸਤਦਾਨਾਂ ਨੂੰ ਜਵਾਬ ਦੇਣ ਦੀ ਲੋੜ ਹੈ ਕਿ ਫਿਰ ਇੱਥੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਕਿਉਂ ਵਧੀ?

ਇਹ ਵੀ ਪੜ੍ਹੋ: ਜਲੰਧਰ: ਰੱਖੜੀ ਦੇ ਤਿਉਹਾਰ ਮੌਕੇ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ

ਕਿਸੇ ਵੀ ਸਿਆਸਤਦਾਨ ਤੋਂ ਧੱਕੇ ਨਾਲ ਸਰਕਾਰੀ ਜ਼ਮੀਨ ਵਾਪਸ ਨਹੀਂ ਲਈ
ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧੱਕੇ ਨਾਲ ਕਿਸੇ ਵੀ ਸਿਆਸਤਦਾਨ ਤੋਂ ਸਰਕਾਰੀ ਜ਼ਮੀਨ ਵਾਪਸ ਨਹੀਂ ਲਈ। ਸਾਡੇ ਕੋਲ ਸਰਕਾਰੀ ਰਿਕਾਰਡ ਹੈ। ਜੇ ਕੋਈ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਅਦਾਲਤ ਵਿਚ ਜਾਂਦਾ ਹੈ ਤਾਂ ਇਹ ਉਸ ਦਾ ਅਧਿਕਾਰ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਚੰਡੀਗੜ੍ਹ ਨੇੜੇ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਹਟਾਉਣ ਲਈ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਤਕ 9053 ਏਕੜ ਸਰਕਾਰੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਵਿਚ ਕਾਮਯਾਬ ਹੋ ਚੁੱਕੀ ਹੈ। ਪੰਜਾਬ ਦਾ ਕੋਈ ਵੀ ਵਿਅਕਤੀ ਉਨ੍ਹਾਂ ਦੇ ਪਰਿਵਾਰ ’ਤੇ ਇਹ ਦੋਸ਼ ਨਹੀਂ ਲਗਾ ਸਕਦਾ ਕਿ ਉਨ੍ਹਾਂ ਇਕ ਮਰਲਾ ਵੀ ਸਰਕਾਰੀ ਜ਼ਮੀਨ ਆਪਣੇ ਕਬਜ਼ੇ ’ਚ ਲਈ ਹੈ।

ਕਰੋੜਾਂ-ਅਰਬਾਂ ਦੇ ਮਾਲਕ ਸਿਆਸਤਦਾਨ ਬਰਦਾਸ਼ਤ ਨਹੀਂ ਕਰ ਸਕਦੇ ਕਿ ‘ਆਪ’ ਕਿਵੇਂ ਅੱਗੇ ਆ ਗਈ
ਧਾਲੀਵਾਲ ਨੇ ਕਿਹਾ ਕਿ ਕਰੋੜਾਂ-ਅਰਬਾਂ ਦੇ ਮਾਲਕ ਬਣ ਚੁੱਕੇ ਵੱਡੇ ਸਿਆਸਤਦਾਨਾਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿ ਆਮ ਆਦਮੀ ਪਾਰਟੀ ਕਿਵੇਂ ਅੱਗੇ ਆ ਗਈ ਹੈ। ਉਨ੍ਹਾਂ ਕਿਹਾ ਕਿ ਜੇ ਜਨਤਾ ਨੇ ਆਪਣੇ ਵਿਚਕਾਰ ਦੇ ਲੋਕਾਂ ਨੂੰ ਸੱਤਾ ਸੌਂਪੀ ਹੈ ਤਾਂ ਇਸ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ। ਜਨਤਾ ਨੇ ਅਕਾਲੀ ਦਲ, ਕਾਂਗਰਸ ਆਦਿ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਅਜ਼ਮਾ ਕੇ ਵੇਖ ਲਿਆ ਸੀ, ਜਿਨ੍ਹਾਂ ਨੇ ਪੰਜਾਬ ਦਾ ਭਲਾ ਕਰਨ ਦੀ ਬਜਾਏ ਹਮੇਸ਼ਾ ਆਪਣਾ ਹੀ ਭਲਾ ਕੀਤਾ।

ਇਹ ਵੀ ਪੜ੍ਹੋ: ਖ਼ੁਸ਼ੀ-ਖ਼ੁਸ਼ੀ ਭਰਾ ਨੂੰ ਰੱਖੜੀ ਬੰਨ੍ਹ ਕੇ ਘਰ ਪਰਤ ਰਹੀ ਭੈਣ ਨਾਲ ਵਾਪਰੀ ਅਣਹੋਣੀ, ਘਰ ’ਚ ਵਿਛੇ ਸੱਥਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News