ਗੰਨੇ ਦੇ ਬਕਾਏ ਨੂੰ ਲੈ ਕੇ ਕਿਸਾਨਾਂ ਵੱਲੋਂ ਲਾਏ ਧਰਨੇ ਬਾਰੇ ਖੁੱਲ੍ਹ ਕੇ ਬੋਲੇ ਮੰਤਰੀ ਕੁਲਦੀਪ ਧਾਲੀਵਾਲ, ਜਾਣੋ ਕੀ ਕਿਹਾ

Tuesday, Aug 09, 2022 - 11:04 PM (IST)

ਗੰਨੇ ਦੇ ਬਕਾਏ ਨੂੰ ਲੈ ਕੇ ਕਿਸਾਨਾਂ ਵੱਲੋਂ ਲਾਏ ਧਰਨੇ ਬਾਰੇ ਖੁੱਲ੍ਹ ਕੇ ਬੋਲੇ ਮੰਤਰੀ ਕੁਲਦੀਪ ਧਾਲੀਵਾਲ, ਜਾਣੋ ਕੀ ਕਿਹਾ

ਜਲੰਧਰ (ਬਿਊਰੋ) : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਖਾਸ ਮੁਲਾਕਾਤ ਕੀਤੀ ਤੇ ਖੇਤੀ, ਵਾਤਾਵਰਣ, ਪਿੰਡਾਂ ਤੇ ਸਾਹਿਤ ਬਾਰੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਗਈਆਂ। ਫਗਵਾੜਾ ਵਿਖੇ ਗੰਨਾ ਮਿੱਲ ਦੇ ਸਾਹਮਣੇ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨਾ ਲਾ ਦਿੱਤਾ ਗਿਆ ਹੈ। ਗੱਲਬਾਤ ਦੌਰਾਨ ਇਸ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਮੰਤਰੀ ਧਾਲੀਵਾਲ ਨੇ ਕਿਹਾ ਕਿ ਇਸ 19 ਤਾਰੀਖ ਨੂੰ ਸਾਡੀ ਸਰਕਾਰ ਨੂੰ 5 ਮਹੀਨੇ ਹੋ ਜਾਣੇ ਹਨ, ਜੋ ਵੀ ਮਸਲੇ ਹਨ, ਉਨ੍ਹਾਂ 'ਚੋਂ ਕੋਈ 5 ਸਾਲ, ਕੋਈ 3 ਸਾਲ ਪੁਰਾਣਾ ਹੈ ਤੇ ਕਈ ਇਸ ਤੋਂ ਵੀ ਪੁਰਾਣੇ ਮਸਲੇ ਲਟਕ ਰਹੇ ਹਨ। ਇਨ੍ਹਾਂ 'ਚੋਂ ਇਕ ਮਸਲਾ ਫਗਵਾੜਾ ਦੀ ਗੰਨਾ ਮਿੱਲ ਦਾ ਵੀ ਹੈ। ਇਸ ਸਬੰਧੀ ਕਿਸਾਨਾਂ ਨਾਲ ਮੀਟਿੰਗਾਂ ਵੀ ਹੋਈਆਂ।

ਖ਼ਬਰ ਇਹ ਵੀ : 'ਆਪ' MLA ਨੂੰ ਜਾਨੋਂ ਮਾਰਨ ਦੀ ਧਮਕੀ ਤਾਂ ਉਥੇ ਵਿਵਾਦਾਂ 'ਚ ਫਸੇ ਟਰਾਂਸਪੋਰਟ ਮੰਤਰੀ, ਪੜ੍ਹੋ TOP 10

ਉਨ੍ਹਾਂ ਕਿਹਾ ਕਿ ਨਿੱਜੀ ਸੈਕਟਰ ਨੇ ਪੰਜਾਬ 'ਚ ਹਨੇਰਗਰਦੀ ਕੀਤੀ। ਪ੍ਰਾਈਵੇਟ ਮਿੱਲ ਮਾਲਕਾਂ ਦੀ ਹਾਕਮਾਂ ਨਾਲ ਗੰਢਤੁੱਪ ਹੋਣ ਕਾਰਨ ਕਿਸਾਨ ਪਿੱਸ ਰਿਹਾ ਹੈ। 'ਆਪ' ਸਰਕਾਰ ਨੇ ਉਸ ਦਾ ਹੱਲ ਕੱਢਦਿਆਂ ਪਿਛਲਾ 300 ਕਰੋੜ ਦਾ ਬਕਾਇਆ ਜੋ ਸੀ, ਉਸ ਵਿੱਚੋਂ 100 ਕਰੋੜ ਪਿਛਲੇ ਮਹੀਨੇ ਕਿਸਾਨਾਂ ਨੂੰ ਦੇ ਦਿੱਤਾ। ਅਗਲੇ 1-2 ਦਿਨਾਂ 'ਚ 100 ਕਰੋੜ ਹੋਰ ਕਿਸਾਨਾਂ ਦੇ ਖਾਤਿਆਂ 'ਚ ਪਾ ਰਹੇ ਹਾਂ। ਸੀ.ਐੱਮ. ਮਾਨ ਨੇ ਪ੍ਰਾਈਵੇਟ ਮਿੱਲ ਮਾਲਕਾਂ ਨੂੰ ਸਪੱਸ਼ਟ ਕਿਹਾ ਹੈ ਕਿ ਪਹਿਲਾਂ ਕਿਸਾਨਾਂ ਦਾ ਪੈਸਾ ਦਿੱਤਾ ਜਾਵੇ, ਨਹੀਂ ਤਾਂ ਮਿੱਲਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਤੇ ਉਹ ਮੰਨ ਗਏ ਹਨ ਕਿ ਸਤੰਬਰ ਦੇ ਪਹਿਲੇ ਹਫਤੇ ਪੈਸਾ ਦੇ ਦੇਣਗੇ।

ਇਹ ਵੀ ਪੜ੍ਹੋ : ਤਰੁਣ ਚੁੱਘ ਦੀ ਅਗਵਾਈ 'ਚ ਮਜੀਠਾ ਤੋਂ ਕੱਥੂਨੰਗਲ ਤੱਕ ਹਜ਼ਾਰਾਂ ਮੋਟਰਸਾਈਕਲਾਂ ’ਤੇ ਕੱਢੀ ਗਈ ਤਿਰੰਗਾ ਯਾਤਰਾ

ਪਸ਼ੂਆਂ 'ਚ ਫੈਲੀ ਲੰਪੀ ਸਕਿਨ ਬਿਮਾਰੀ, ਜਿਸ ਬਾਰੇ ਕਾਫੀ ਚਿੰਤਾਜਨਕ ਸਥਿਤੀ ਬਣੀ ਹੋਈ ਹੈ, ਨੂੰ ਲੈ ਕੇ ਸਰਕਾਰ ਦੇ ਪੱਧਰ 'ਤੇ ਕੀ ਕੀਤਾ ਜਾ ਰਿਹਾ ਹੈ, ਬਾਰੇ ਮੰਤਰੀ ਧਾਲੀਵਾਲ ਨੇ ਕਿਹਾ ਕਿ ਪਸ਼ੂ ਪਾਲਕਾਂ ਨੂੰ ਬੇਨਤੀ ਹੈ ਕਿ ਇਸ ਬਿਮਾਰੀ ਤੋਂ ਬਹੁਤਾ ਦਹਿਸ਼ਤ 'ਚ ਆਉਣ ਦੀ ਲੋੜ ਨਹੀਂ, ਇਸ ਦਾ ਇਲਾਜ ਹੈ ਤੇ ਸਰਕਾਰ ਨੇ ਆਪਣੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ 'ਚ ਲਗਾ ਦਿੱਤੀਆਂ ਹਨ। ਇਸ ਲਈ ਡੀ.ਸੀ. ਤੇ ਐੱਸ.ਐੱਮ.ਸੀ. ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਤੇ ਡਾਕਟਰਾਂ ਦੀ ਟੀਮ ਪਸ਼ੂਆਂ ਦਾ ਇਲਾਜ ਕਰਨ ਜਾਂਦੀ ਹੈ। ਕਈ ਇਲਾਕਿਆਂ 'ਚ ਦਵਾਈ ਨਾ ਪਹੁੰਚਣ ਦੇ ਸਵਾਲ 'ਤੇ ਧਾਲੀਵਾਲ ਨੇ ਕਿਹਾ ਕਿ ਮਾਨ ਸਰਕਾਰ ਇਸ ਮਾਮਲੇ 'ਚ ਪੂਰੀ ਤਰ੍ਹਾਂ ਸੁਹਿਰਦ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ 'ਚ ਪਸ਼ੂਆਂ ਦਾ ਨੁਕਸਾਨ ਨਾ ਹੋਵੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News