ਕੁਲਬੀਰ ਜ਼ੀਰਾ ਨੂੰ ਖਹਿਰਾ ਦੀ ਸਲਾਹ!
Tuesday, Jan 15, 2019 - 06:57 PM (IST)

ਚੰਡੀਗੜ੍ਹ : ਆਪਣੀ ਹੀ ਪਾਰਟੀ ਖਿਲਾਫ ਝੰਡਾ ਚੁੱਕਣ ਵਾਲੇ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਸੁਖਪਾਲ ਖਹਿਰਾ ਨੇ ਆਪਣੇ ਸਟੈਂਡ 'ਤੇ ਕਾਇਮ ਰਹਿਣ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਇਹ ਕਾਂਗਰਸ ਦਾ ਦੂਸਰਾ ਵਿਧਾਇਕ ਹੈ ਜਿਸ ਨੇ ਨਸ਼ਿਆਂ ਦੇ ਮਾਮਲੇ 'ਤੇ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ ਹਨ। ਇਸ ਤੋਂ ਪਹਿਲਾਂ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਵੀ ਇਸ ਮਾਮਲੇ 'ਤੇ ਆਵਾਜ਼ ਬੁਲੰਦ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੁਲਬੀਰ ਸਿੰਘ ਜ਼ੀਰਾ ਨੇ ਸਟੇਜ ਤੋਂ ਹੀ ਆਈ. ਜੀ. ਅਤੇ ਕਈ ਵੱਡੇ ਆਗੂਆਂ ਦੇ ਸੰਬੰਧ ਨਸ਼ਾ ਤਸਕਰਾਂ ਨਾਲ ਹੋਣ ਦੀ ਗੱਲ ਆਖੀ ਹੈ, ਇਸ ਤੋਂ ਸਾਫ ਹੁੰਦਾ ਹੈ ਕਿ ਪੰਜਾਬ ਵਿਚ ਨਸ਼ਾ ਜਿਉਂ ਦਾ ਤਿਉਂ ਹੈ।
ਖਹਿਰਾ ਨੇ ਕਿਹਾ ਕਿ ਨਸ਼ੇ ਖਿਲਾਫ ਆਵਜ਼ ਚੁੱਕਣ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਿਧਾਇਕ ਜ਼ੀਰਾ ਨੂੰ ਹੀ ਕਾਰਨ ਦੱਸੋ ਨੋਟਿਸ ਭੇਜ ਦਿੱਤਾ ਹੈ ਪਰ ਉਹ ਜ਼ੀਰਾ ਨੂੰ ਅਪੀਲ ਕਰਦੇ ਹਨ ਕਿ ਜੇਕਰ ਹੁਣ ਹਿੰਮਤ ਕੀਤੀ ਹੈ ਤਾਂ ਪਿੱਛੇ ਨਾ ਹਟਣ ਅਤੇ ਨਸ਼ਿਆਂ ਖਿਲਾਫ ਲੜਾਈ ਜਾਰੀ ਰੱਖਣ।
ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਚਾਰ ਹਫਤਿਆਂ ਦੇ ਅੰਦਰ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ ਪਰ ਹੁਣ ਉਨ੍ਹਾਂ ਦੇ ਵਿਧਾਇਕ ਹੀ ਨਸ਼ਿਆਂ 'ਤੇ ਪੋਲ ਖੋਲ੍ਹ ਰਹੇ ਹਨ। ਇਸ 'ਤੇ ਕੈਪਟਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੁਆਫੀ ਮੰਗਣੀ ਚਾਹੀਦੀ ਹੈ।