ਵਿਧਾਇਕ ਕੁਲਬੀਰ ਜ਼ੀਰਾ ਦਾ ਐਲਾਨ, ਜਲਦ ਨਸ਼ਾ ਮੁਕਤ ਕਰਾਂਗੇ ਹਲਕਾ

Sunday, Feb 03, 2019 - 05:36 PM (IST)

ਵਿਧਾਇਕ ਕੁਲਬੀਰ ਜ਼ੀਰਾ ਦਾ ਐਲਾਨ, ਜਲਦ ਨਸ਼ਾ ਮੁਕਤ ਕਰਾਂਗੇ ਹਲਕਾ

ਮੱਖੂ (ਆਹੂਜਾ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਚਲਾਈ ਮੁਹਿੰਮ ਦੇ ਤਹਿਤ ਵਿਧਾਨ ਸਭਾ ਹਲਕਾ ਜ਼ੀਰਾ ਨੂੰ ਜਲਦ ਹੀ ਨਸ਼ਾ ਮੁਕਤ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਮੱਖੂ ਵਿਖੇ ਸਟੇਡੀਅਮ ਦੀ ਦਿੱਖ ਸੰਵਾਰਨ ਲਈ 10 ਲੱਖ ਰੁਪਏ ਦਾ ਚੈੱਕ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਮਹਿੰਦਰ ਮਦਾਨ ਨੂੰ ਦਿੰਦੇ ਕੀਤਾ। ਕੁਲਬੀਰ ਜ਼ੀਰਾ ਨੇ ਕਿਹਾ ਕਿ ਖੇਡ ਸਟੇਡੀਅਮ ਨੂੰ ਵਧੀਆ ਤਰੀਕੇ ਨਾਲ ਬਣਾਉਣ ਲਈ ਜਲਦੀ ਹੀ 10 ਲੱਖ ਰੁਪਏ ਹੋਰ ਦਿੱਤੇ ਜਾਣਗੇ। 

ਕੁਲਬੀਰ ਜ਼ੀਰਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੋ ਅੰਤਰਿਮ ਬਜਟ ਪੇਸ਼ ਕੀਤਾ ਗਿਆ ਹੈ, ਉਹ 2019 ਦੀਆਂ ਚੋਣਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਭਰਮਾਉਣ ਵਾਲਾ ਬਜਟ ਹੈ। ਕਿਸਾਨਾਂ ਨੂੰ 500 ਰੁਪਏ ਮਹੀਨਾ ਦੇਣ ਦਾ ਐਲਾਨ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਜਿਸ ਨਾਲ ਭਾਜਪਾ ਦਾ ਕਿਸਾਨ ਵਿਰੋਧੀ ਹੋਣ ਦਾ ਚਿਹਰਾ ਨੰਗਾ ਹੋ ਗਿਆ ਹੈ। ਕਿਸਾਨਾਂ ਦੇ ਹਿਤੈਸ਼ੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਇਸ ਮੌਕੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਮਹਿੰਦਰ ਮਦਾਨ ਨੇ ਕਿਹਾ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਸ਼ਹਿਰ 'ਚ ਹੋਣ ਵਾਲੇ ਵਿਕਾਸ ਦੇ ਕੰਮ ਕਰਵਾਉਣ ਲਈ ਜੋ ਗਰਾਂਟ ਦਿੱਤੀ ਜਾ ਰਹੀ ਹੈ, ਉਸ ਦੇ ਲਈ ਤਹਿ ਦਿਲੋਂ ਧੰਨਵਾਦੀ ਹਾਂ। ਇਸ ਨਾਲ ਜਲਦ ਖੇਡ ਸਟੇਡੀਅਮ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕੀਤਾ ਜਾਵੇਗਾ ਤਾਂ ਜੋ ਨੌਜਵਾਨ ਖੇਡਾਂ ਵੱਲ ਧਿਆਨ ਦੇ ਸਕਣ। ਇਸ ਮੌਕੇ ਸ਼ਰਨਜੀਤ ਕੌਰ ਕਾਰਜਸਾਧਕ ਅਫਸਰ ਮੱਖੂ, ਗੁਰਮੇਜ ਸਿੰਘ ਬਾਹਰਵਾਲੀ ਸੀਨੀਅਰ ਕਾਂਗਰਸੀ ਆਗੂ, ਰਘਬੀਰ ਸਿੰਘ ਰਸੂਲਪੁਰ ਸਰਪੰਚ, ਦਲੇਰ ਮਸੀਹ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।


author

shivani attri

Content Editor

Related News