ਕੇ. ਐੱਸ. ਮੱਖਣ ਵੱਲੋਂ ਕਕਾਰ ਤਿਆਗਣ ''ਤੇ ਜਾਣੋ ਕੀ ਬੋਲੇ ਸਮਾਣੇ ਵਾਲੇ ਸਿੰਘ
Thursday, Oct 03, 2019 - 05:55 PM (IST)
ਰੋਪੜ (ਸੱਜਣ ਸੈਣੀ) : ਕੇ. ਐੱਸ. ਮੱਖਣ ਵੱਲੋਂ ਕਕਾਰ ਤਿਆਗਣ ਨੂੰ ਲੈ ਕੇ ਸਮਾਣੇ ਵਾਲੇ ਸਿੰਘਾਂ ਨੇ ਕੇ. ਐੱਸ. ਮੱਖਣ 'ਤੇ ਤਿੱਖਾ ਹਮਲਾ ਕੀਤਾ ਹੈ। ਕੇ. ਐੱਸ. ਮੱਖਣ ਵੱਲੋਂ ਸਮਾਣੇ ਵਾਲੇ ਸਿੰਘਾਂ 'ਤੇ ਲਗਾਏ ਗਏ ਇਲਜ਼ਾਮਾਂ 'ਤੇ ਠੋਕਵਾਂ ਜਵਾਬ ਦਿੰਦੇ ਹੋਏ ਸਿੰਘਾਂ ਨੇ ਕਿਹਾ ਕਿ ਮੱਖਣ ਪਹਿਲਾਂ ਹੀ ਅੰਮ੍ਰਿਤ ਨੂੰ ਭੰਗ ਕਰਨਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਅੰਮ੍ਰਿਤ ਛੱਕ ਕੇ ਵੀ ਕੇ. ਐੱਸ. ਮੱਖਣ ਨੇ ਕਈ ਗਲਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੇ. ਐੱਸ. ਮੱਖਣ ਤੋਂ ਸਿੰਘ ਸ਼ਬਦ ਵੀ ਵਾਪਸ ਲੈ ਲੈਣਾ ਚਾਹੀਦਾ ਹੈ। ਸਿੰਘਾਂ ਨੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਸਿੱਖ ਤਾਂ ਸੀਸ ਦੇ ਕੇ ਵੀ ਆਪਣੀ ਸਿੱਖੀ ਨਹੀਂ ਛੱਡਦੇ ਹਨ। ਉਥੇ ਹੀ ਗੁਰਦਾਸ ਮਾਨ ਦੇ ਮੁੱਦੇ 'ਤੇ ਵੀ ਸਿੰਘਾਂ ਨੇ ਕਿਹਾ ਕਿ ਗੁਰਦਾਸ ਮਾਨ ਅਤੇ ਕੇ. ਐੱਸ. ਮੱਖਣ ਨੇ ਆਪਣੀ ਹੈਸੀਅਤ ਦਿਖਾ ਦਿੱਤੀ ਹੈ। ਇਸ ਦੌਰਾਨ ਭਾਈ ਕੁਲਦੀਪ ਸਿੰਘ ਅਤੇ ਭਾਈ ਢੈਠਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਕਰਦੇ ਹੋਏ ਕਿਹਾ ਕਿ ਕੇ. ਐੱਸ. ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਗਾਇਕ ਗੁਰਦਾਸ ਮਾਨ ਦੀ ਹਿਮਾਇਤ ਕਰਨ ਤੋਂ ਬਾਅਦ ਕੇ. ਐੱਸ ਮੱਖਣ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਸਨ, ਜਿਸ ਨੂੰ ਲੈ ਕੇ ਉਹ ਕਾਫੀ ਦੁਖੀ ਸਨ। ਉਨ੍ਹਾਂ ਨੇ ਹਾਲ ਹੀ 'ਚ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਹੋ ਕੇ ਆਪਣੇ ਸਿੱਖੀ ਕਕਾਰ ਗੁਰਦੁਆਰਾ ਸਾਹਿਬ ਜਾ ਕੇ ਭੇਟ ਕੀਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਜੇ ਮੈਂ ਸਿੱਖੀ ਦਾ ਫਾਇਦਾ ਨਹੀਂ ਕਰ ਸਕਦਾ ਤਾਂ ਮੈਂ ਨੁਕਸਾਨ ਕਰਨ ਦੇ ਵੀ ਹੱਕ 'ਚ ਨਹੀਂ ਹਾਂ।
ਦੱਸਣਯੋਗ ਹੈ ਕਿ ਕੇ. ਐੱਸ. ਮੱਖਣ ਨੇ ਕਿਹਾ ਸੀ ਕਿ ਪੰਜਾਬੀ ਕੌਮ ਪੰਜਾਬੀ ਨਾਲ ਨਾ ਲੜੇ। ਸਾਡੇ ਕੁਝ ਸਿੱਖ ਪ੍ਰਚਾਰਕਾਂ ਨੇ ਪੰਜਾਬੀ ਮਾਂ ਬੋਲੀ ਦੇ ਵਿਵਾਦ ਨੂੰ ਸਿੱਧਾ ਸਿੱਖੀ ਨਾਲ ਜੋੜ ਲਿਆ। ਜੇਕਰ ਮੈਂ ਕੁਝ ਬੋਲਦਾ ਹਾਂ ਤਾਂ ਕੁਝ ਲੋਕ ਸਿੱਧਾ ਮੇਰੀ ਸਿੱਖੀ 'ਤੇ ਸਵਾਲ ਖੜ੍ਹੇ ਕਰਦੇ ਹਨ। ਰਣਵੀਰ ਸਾਹਬ, ਅਵਤਾਰ ਸਿੰਘ ਵਰਗੇ ਪ੍ਰਚਾਰਕ ਗੰਭੀਰ ਹੋਣ ਦੇ ਬਾਵਜੂਦ ਵੀ ਇੰਨੇ ਹਲਕੇ ਸ਼ਬਦ ਇਸਤੇਮਾਲ ਕਰਦੇ ਹਨ ਤਾਂ ਬਹੁਤ ਦੁੱਖ ਹੁੰਦਾ ਹੈ।