ਕ੍ਰਿਸ਼ਨਾ ਕਾਲਜ ਰੱਲੀ ਦਾ ਐੱਮ.ਏ. ਹਿਸਟਰੀ ਭਾਗ-ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ
Thursday, Jul 18, 2024 - 04:17 PM (IST)
ਬੁਢਲਾਡਾ (ਮਨਜੀਤ) : ਇਲਾਕੇ ਦੀ ਸਿਰਮੌਰ ਸੰਸਥਾ ਕ੍ਰਿਸ਼ਨਾ ਕਾਲਜ ਰੱਲੀ ਦੇ ਐੱਮ.ਏ. ਇਤਿਹਾਸ ਭਾਗ-ਪਹਿਲਾ (ਸਮੈਸਟਰ-ਪਹਿਲਾ) ਦਾ ਨਤੀਜਾ 100 ਫ਼ੀਸਦੀ ਸਫ਼ਲ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਐੱਮ. ਏ. ਇਤਿਹਾਸ ਭਾਗ ਪਹਿਲਾ ਦੇ ਨਤੀਜਿਆਂ ਵਿਚ ਕ੍ਰਿਸ਼ਨਾ ਕਾਲਜ ਰੱਲੀ ਦੀਆਂ ਵਿਦਿਆਰਥਣਾਂ ਜਿਨ੍ਹਾਂ ਵਿਚ ਕ੍ਰਮਵਾਰ ਦੀਪਮਨਪ੍ਰੀਤ ਕੌਰ ਅਤੇ ਕਰਮਜੀਤ ਕੌਰ ਨੇ 8.50 ਸੀ. ਜੀ. ਪੀ. ਏ. ਨਾਲ ਪਹਿਲਾ, ਵਿਦਿਆਰਥੀ ਗੁਰਤਾਜ ਸਿੰਘ ਅਤੇ ਸਤਨਾਮ ਸਿੰਘ ਨੇ 8.25 ਸੀ.ਜੀ.ਪੀ.ਏ ਨਾਲ ਦੂਜਾ ਅਤੇ ਕੁਲਦੀਪ ਸਿੰਘ ਨੇ 8.25 ਸੀ.ਜੀ.ਪੀ.ਏ ਨਾਲ ਤੀਜਾ ਸਥਾਨ ਹਾਸਲ ਕਰਕੇ ਸੰਸਥਾ, ਇਤਿਹਾਸ ਵਿਭਾਗ ਅਤੇ ਇਲਾਕੇ ਦਾ ਨਾਮ ਯੂਨੀਵਰਸਿਟੀ ਪੱਧਰ ’ਤੇ ਉੱਚਾ ਕੀਤਾ।
ਇਸ ਮੌਕੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ ਅਤੇ ਚੇਅਰਮੈਨ ਸੁਖਵਿੰਦਰ ਸਿੰਘ ਚਹਿਲ ਨੇ ਵਿਦਿਆਰਥੀਆਂ ਦੀ ਇਸ ਉਪਲੱਬਧੀ ਲਈ ਪ੍ਰੋਫ਼ੈਸਰ ਸਾਹਿਬਾਨ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬਾਕੀ ਵਿਭਾਗਾਂ ਦੀ ਤਰ੍ਹਾਂ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਨੇ ਵੀ ਚੰਗੇ ਅੰਕਾਂ ਨਾਲ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਵਿਭਾਗ ਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਪ੍ਰਦਾਨ ਕੀਤੇ।