ਝੋਨੇ ਦੇ ਉਤਪਾਦਨ ''ਚ ਸਰਵੋਤਮ ਕਾਰਗੁਜ਼ਾਰੀ ਲਈ ਪੰਜਾਬ ਨੂੰ ''ਕ੍ਰਿਸ਼ੀ ਕਰਮਨ'' ਐਵਾਰਡ

Thursday, Sep 19, 2019 - 02:59 PM (IST)

ਝੋਨੇ ਦੇ ਉਤਪਾਦਨ ''ਚ ਸਰਵੋਤਮ ਕਾਰਗੁਜ਼ਾਰੀ ਲਈ ਪੰਜਾਬ ਨੂੰ ''ਕ੍ਰਿਸ਼ੀ ਕਰਮਨ'' ਐਵਾਰਡ

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਭਾਰਤ ਸਰਕਾਰ ਵਲੋਂ ਝੋਨੇ ਦੇ ਉਤਪਾਦਨ 'ਚ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਸੂਬੇ ਵਜੋਂ ਪੰਜਾਬ ਦੀ ਚੋਣ 'ਕ੍ਰਿਸ਼ੀ ਕਰਮਨ ਐਵਾਰਡ 2017-18' ਦਿੱਤਾ ਗਿਆ ਹੈ। ਇਸ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਦੀ ਵੱਡੀ ਪ੍ਰਾਪਤੀ ਦੱਸਿਆ। ਮੁੱਖ ਮੰਤਰੀ ਨੇ ਪੰਜਾਬ ਦੀ ਚੋਣ ਦਾ ਸਿਹਰਾ ਸੂਬੇ ਦੇ ਕਿਸਾਨ ਭਾਈਚਾਰੇ ਦੀ ਸਖ਼ਤ ਮਿਹਨਤ-ਮੁਸ਼ੱਕਤ ਅਤੇ ਕਾਬਲੀਅਤ ਦੇ ਸਿਰ ਬੰਨ੍ਹਿਆ, ਜਿਨ੍ਹਾਂ ਨੇ ਅਨਾਜ ਦੀ ਪੈਦਾਵਾਰ 'ਚ ਮੁਲਕ ਨੂੰ ਸਵੈ-ਨਿਰਭਰ ਬਣਾਉਣ ਲਈ ਕਾਰਗਰ ਭੂਮਿਕਾ ਨਿਭਾਈ। ਭਾਰਤ ਸਰਕਾਰ ਵਲੋਂ ਦਿੱਤੇ ਜਾਂਦੇ ਇਸ ਮਾਣਮੱਤੇ ਐਵਾਰਡ 'ਚ ਇਕ ਟਰਾਫੀ, ਸ਼ਲਾਘਾ ਪੱਤਰ ਅਤੇ 2 ਕਰੋੜ ਰੁਪਏ ਦੀ ਨਗਦ ਰਾਸ਼ੀ ਸ਼ਾਮਲ ਹੈ।

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ 'ਚ ਸੂਬਾ ਸਰਕਾਰ ਨੂੰ ਭੇਜੇ ਇਕ ਪੱਤਰ 'ਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਸਾਲ 2017-18 ਲਈ ਝੋਨੇ ਦੇ ਉਤਪਾਦਨ ਦੀ ਸ਼੍ਰੇਣੀ 'ਚ ਪੰਜਾਬ ਦੀ ਚੋਣ 'ਕ੍ਰਿਸ਼ੀ ਕਰਮਨ ਐਵਾਰਡ' ਲਈ ਕੀਤੀ ਗਈ ਹੈ। ਮੰਤਰਾਲਾ ਨੇ ਕਿਸਾਨਾਂ ਨੂੰ ਤਕਨਾਲੋਜੀ ਨਾਲ ਜੁੜੀਆਂ ਸੁਵਿਧਾਵਾਂ ਅਤੇ ਹੋਰ ਸੇਵਾਵਾਂ ਦੇਣ 'ਚ ਕੀਤੇ ਸਮਰਪਿਤ ਉਪਰਾਲਿਆਂ ਲਈ ਸੂਬਾ ਸਰਕਾਰ ਨੂੰ ਵਧਾਈ ਦਿੱਤੀ, ਜਿਸ ਸਦਕਾ ਇਹ ਸ਼ਾਨਦਾਰ ਪ੍ਰਾਪਤੀ ਸੂਬੇ ਦੇ ਹਿੱਸੇ ਆਈ ਹੈ। ਕੇਂਦਰੀ ਮੰਤਰਾਲਾ ਨੇ ਸੂਬਾ ਸਰਕਾਰ ਨੂੰ ਝੋਨੇ ਦਾ ਉਤਪਾਦਨ ਕਰਨ ਵਾਲੇ 2 ਕਿਸਾਨਾਂ ਦੀ ਵੀ ਚੋਣ ਕਰਨ ਲਈ ਆਖਿਆ ਜਿਨ੍ਹਾਂ ਨੇ ਸੂਬੇ ਦੇ ਅਨਾਜ ਭੰਡਾਰ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਹੋਵੇ। ਇਨ੍ਹਾਂ ਕਿਸਾਨਾਂ ਦੀ ਚੋਣ ਝੋਨੇ ਦੇ ਉਤਪਾਦਨ ਅਤੇ ਅਗਾਂਹਵਧੂ ਤੇ ਨਿਵੇਕਲੀ ਪਹੁੰਚ ਰਾਹੀਂ ਪਾਏ ਯੋਗਦਾਨ ਦੇ ਆਧਾਰ 'ਤੇ ਕੀਤੀ ਜਾਵੇਗੀ। ਚੁਣੇ ਗਏ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਸਮੇਤ 2 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
 


author

Anuradha

Content Editor

Related News