ਕੋਟਕਪੂਰਾ ਗੋਲੀ ਕਾਂਡ ''ਤੇ ਅਦਾਲਤ ''ਚ ''ਸਿਟ'' ਦਾ ਇਕ ਹੋਰ ਵੱਡਾ ਖੁਲਾਸਾ

Sunday, Feb 24, 2019 - 07:03 PM (IST)

ਕੋਟਕਪੂਰਾ ਗੋਲੀ ਕਾਂਡ ''ਤੇ ਅਦਾਲਤ ''ਚ ''ਸਿਟ'' ਦਾ ਇਕ ਹੋਰ ਵੱਡਾ ਖੁਲਾਸਾ

ਫ਼ਰੀਦਕੋਟ : ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਸਣੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਇਕ ਹੋਰ ਖੁਲਾਸਾ ਕੀਤਾ ਹੈ। ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਦੇ ਪੁਲਸ ਰਿਮਾਂਡ 'ਚ ਵਾਧੇ ਦੀ ਮੰਗ ਸਮੇਂ ਸਿਟ ਨੇ ਸ਼ਨੀਵਾਰ ਨੂੰ ਫ਼ਰੀਦਕੋਟ ਦੇ ਜੁਡੀਸ਼ਲ ਮੈਜਿਸਟਰੇਟ ਸਾਹਮਣੇ ਖੁਲਾਸਾ ਕੀਤਾ ਕਿ ਸ਼ਾਂਤੀ ਪੂਰਵਕ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ 'ਤੇ ਬਿਨਾਂ ਭੜਕਾਹਟ ਦੇ ਗੋਲੀ ਚਲਾਉਣ ਦੀ ਘਟਨਾ ਨੂੰ ਛਿਪਾਉਣ ਲਈ ਮੁਲਜ਼ਮ ਪੁਲਸ ਅਫਸਰਾਂ ਦੇ ਇਸ਼ਾਰੇ 'ਤੇ ਸੀ. ਸੀ. ਟੀ. ਵੀ. ਫੁਟੇਜ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਕੋਟਕਪੂਰਾ ਦੇ ਮੁੱਖ ਚੌਕ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ 14 ਅਕਤੂਬਰ 2015 ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਕੈਦ ਹੋ ਗਈ ਸੀ।
ਸਿਟ ਨੇ ਅੱਜ ਅਦਾਲਤ 'ਚ ਕੁਝ ਵੀਡੀਓ ਕਲਿੱਪਾਂ ਚਲਾਈਆਂ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਕਿ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਜ਼ੁਲਮ ਢਾਹਿਆ। ਸਿਟ ਦੇ ਦਾਅਵੇ ਦਾ ਵਿਰੋਧ ਕਰਦਿਆਂ ਉਮਰਾਨੰਗਲ ਦੇ ਵਕੀਲ ਨੇ ਵੀ ਅਦਾਲਤ 'ਚ ਇਕ ਹੋਰ ਵੀਡੀਓ ਪੇਸ਼ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਪੁਲਸ ਨੇ ਸਵੈ-ਰੱਖਿਆ 'ਚ ਗੋਲੀਆਂ ਚਲਾਈਆਂ ਸਨ। ਵੀਡੀਓ ਦੇ ਆਧਾਰ 'ਤੇ ਵਕੀਲਾਂ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਕੋਲ ਤੇਜ਼ਧਾਰ ਹਥਿਆਰ ਵੀ ਸਨ।
ਇਸ ਦੌਰਾਨ ਸਿਟ ਨੇ ਦਾਅਵਾ ਕੀਤਾ ਕਿ ਗੋਲੀਆਂ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸਟਰੇਟ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ। ਸਿਟ ਨੇ ਕਿਹਾ ਕਿ ਗੋਲੀਆਂ ਚਲਾਉਣ ਮਗਰੋਂ ਪੁਲਸ ਨੇ ਡਿਊਟੀ ਮੈਜਿਸਟਰੇਟ ਤੋਂ ਇਸ ਸਬੰਧੀ ਜਬਰੀ ਇਜਾਜ਼ਤ ਲਈ। ਡਿਊਟੀ ਮੈਜਿਸਟਰੇਟ ਨੇ ਸਿਟ ਸਾਹਮਣੇ ਬਿਆਨ 'ਚ ਇਹ ਗੱਲ ਕਬੂਲੀ ਹੈ।


author

Gurminder Singh

Content Editor

Related News