ਕੋਰਕਪੂਰਾ ’ਚ ਟ੍ਰੈਵਲ ਏਜੰਟ ਨੇ 52 ਲੋਕਾਂ ਨਾਲ ਮਾਰੀ ਕਰੋੜਾਂ ਦੀ ਠੱਗੀ
Thursday, Feb 27, 2020 - 05:19 PM (IST)
ਫਰੀਦਕੋਟ (ਜਗਤਾਰ) - ਭਾਰਤ ’ਚੋਂ ਨੌਜਵਾਨਾਂ ਦਾ ਬਾਹਰਲੇ ਦੇਸ਼ਾਂ ਵੱਲ ਵੱਡੇ ਤੌਰ ’ਤੇ ਹੋ ਰਿਹਾ ਪਰਵਾਸ ਇਕ ਵੱਡੀ ਸਮੱਸਿਆ ਬਣ ਰਿਹਾ ਹੈ। ਪੰਜਾਬ ’ਚ ਖਾਸ ਤੌਰ ’ਤੇ ਇਹ ਸਮੱਸਿਆ ਬਹੁਤ ਜ਼ਿਆਦਾ ਗੰਭੀਰ ਬਣਦੀ ਜਾ ਰਹੀ ਹੈ, ਕਿਉਂਕਿ ਆਏ ਦਿਨ ਪੰਜਾਬੀ ਵੱਡੀ ਗਿਣਤੀ ’ਚ ਬਾਹਰਲੇ ਮੁਲਕਾਂ ’ਚ ਜਾ ਰਹੇ ਹਨ, ਜਿਨ੍ਹਾਂ ਨੂੰ ਬਾਹਰ ਭੇਜਣ ਦਾ ਕੰਮ ਟ੍ਰੈਵਲ ਏਜੰਟਾਂ ਦੀਆਂ ਕੰਪਨੀਆਂ ਕਰ ਰਹੀਆਂ ਹਨ। ਕਈ ਕੰਪਨੀਆਂ ਤਾਂ ਅਜਿਹੀਆਂ ਹਨ, ਜਿਹੜੀਆਂ ਸਿਰਫ਼ ਲੋਕਾਂ ਨੂੰ ਬਾਹਰ ਭੇਜਣ ਦਾ ਲਾਰਾ ਲਾ ਲੱਖਾਂ ਰੁਪਏ ਦੀ ਠੱਗੀ ਮਾਰ ਰਹੀਆਂ ਹਨ। ਅਜਿਹਾ ਮਾਮਲਾ ਕੋਟਕਪੂਰਾ ’ਚ ਸਾਹਮਣੇ ਆਇਆ, ਜਿੱਥੇ ਇਕ ਟ੍ਰੈਵਲ ਕੰਪਨੀ ਕਰੋੜਾਂ ਰੁਪਏ ਦਾ ਘਪਲਾ ਕਰ ਫ਼ਰਾਰ ਹੋ ਗਈ। ਜਾਣਕਾਰੀ ਅਨੁਸਾਰ ਕੋਟਕਪੂਰਾ ’ਚ ‘ਅਮਰ ਇੰਟਰਪ੍ਰਾਈਜ਼ਸ’ ਦੇ ਨਾਂ ’ਤੇ ਚੱਲ ਰਹੀ ਕੰਪਨੀ ਨੇ ਕਰੀਬ 52 ਲੋਕਾਂ ਨਾਲ ਠੱਗੀ ਮਾਰੀ
ਪੱਤਰਕਾਰ ਨਾਲ ਗੱਲਬਾਤ ਕਰਦੇ ਲੋਕਾਂ ਨੇ ਦੱਸਿਆ ਕਿ ਏਜੰਟ ਨੇ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ’ਚ ਭੇਜਣ ਦਾ ਲਾਰਾ ਲੱਗਾ ਵੀਜ਼ਾ ਦਿਵਾ ਦਿੱਤਾ ਪਰ ਜਦੋਂ ਉਹ ਏਅਰਪੋਰਟ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਟਿਕਟ ਕੈਂਸਲ ਹੋ ਚੁੱਕੀ ਹੈ। ਇਸ ਦੌਰਾਨ ਜਦੋਂ ਉਨ੍ਹਾਂ ਨੇ ਉਕਤ ਏਜੰਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਫੋਨ ਬੰਦ ਆ ਰਿਹਾ ਸੀ। ਦੂਜੇ ਪਾਸੇ ਇਸ ਮਾਮਲੇ ਦੇ ਸਬੰਧ ’ਚ ਸਾਰੇ ਪੀੜਤ ਲੋਕ ਐੱਸ.ਐਸ਼.ਪੀ ਦਫਤਰ ਫਰੀਦਕੋਟ ਪਹੁੰਚੇ, ਜਿਥੇ ਉਨ੍ਹਾਂ ਨੇ ਆਪਣਾ ਦੁੱਖ ਬਿਆਨ ਕਰਦੇ ਹੋਏ ਏਜੰਟਾਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ। ਐੱਸ.ਐੱਸ਼.ਪੀ. ਨੇ ਲੋਕਾਂ ਨੂੰ ਭਰੋਸਾ ਦਿਵਾਇਆ ਉਹ ਇਸ ਮੁੱਦੇ ’ਤੇ ਤੁਰੰਤ ਬਣਦੀ ਕਾਰਵਾਈ ਕਰਨਗੇ।