ਮਕਾਨ ਗਹਿਣੇ ਰੱਖ ਮਲੇਸ਼ੀਆ ਗਈ ਸੀ ਔਰਤ, ਲਾਸ਼ ਬਣ ਪੁੱਜੀ ਘਰ

Tuesday, Jan 28, 2020 - 02:08 PM (IST)

ਮਕਾਨ ਗਹਿਣੇ ਰੱਖ ਮਲੇਸ਼ੀਆ ਗਈ ਸੀ ਔਰਤ, ਲਾਸ਼ ਬਣ ਪੁੱਜੀ ਘਰ

ਕੋਟਕਪੂਰਾ (ਨਰਿੰਦਰ/ਦਿਵੇਦੀ) - ਪੈਸੇ ਕਮਾਉਣ ਵਿਦੇਸ਼ ਗਈ ਕੋਟਕਪੂਰਾ ਦੇ ਜੈਤੋ ਰੋਡ ਦੇ ਇਕ ਗਰੀਬ ਪਰਿਵਾਰ ਦੀ ਔਰਤ ਪਰਮਜੀਤ ਕੌਰ (48) ਪਤਨੀ ਸ਼ੀਰਾ ਸਿੰਘ ਦੀ 20 ਦਿਨ ਪਹਿਲਾਂ ਮਲੇਸ਼ੀਆ ’ਚ ਮੌਤ ਹੋ ਗਈ ਸੀ। ਕਰੀਬ 20 ਦਿਨਾਂ ਬਾਅਦ ਅੱਜ ਉਸ ਦੀ ਲਾਸ਼ ਕਾਫ਼ੀ ਜੱਦੋ-ਜਹਿਦ ਮਗਰੋਂ ਸਮਾਜ ਸੇਵੀਆਂ ਤੇ ਮਲੇਸ਼ੀਆ ’ਚ ਰਹਿੰਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੋਟਕਪੂਰਾ ਪੁੱਜੀ। ਮਿ੍ਤਕ ਦੇ ਪਤੀ ਸ਼ੀਰਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇਹ ਲਿਆਉਣ ਲਈ ਸਹਿਯੋਗੀ ਸੱਜਣਾਂ ਦੇ ਕਰੀਬ 2 ਲੱਖ 50 ਹਜ਼ਾਰ ਰੁਪਏ ਖਰਚ ਹੋਏ ਹਨ।

ਰਣਜੀਤ ਸਿੰਘ ਸਿੱਧੂ ਅਤੇ ਹੋਰਨਾਂ ਨੇ ਦੱਸਿਆ ਕਿ 1 ਲੱਖ ਰੁਪਏ ਤੋਂ ਵੱਧ ਦਾ ਖਰਚ ਕਰ ਪਰਿਵਾਰ ਨੇ ਪਰਮਜੀਤ ਕੌਰ ਨੂੰ ਕਰੀਬ ਡੇਢ ਸਾਲ ਪਹਿਲਾਂ ਮਲੇਸ਼ੀਆ ਭੇਜਿਆ ਸੀ ਪਰ ਉਸ ਨੂੰ ਉਥੇ ਹਾਲੇ ਤੱਕ ਕੋਈ ਵਰਕ ਪਰਮਿਟ ਨਹੀਂ ਮਿਲਿਆ। ਕੋਟਕਪੂਰਾ ਦੇ ਇਕ ਏਜੰਟ ਨੇ ਉਨ੍ਹਾਂ ਨੂੰ ਵਰਕ ਪਰਮਿਟ ’ਤੇ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਸ਼ੁਰੂ ਹੋਣ ਦੀ ਗੱਲ ਕਹੀ ਸੀ। ਪਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਡੇਢ ਸਾਲ ’ਚ ਪਰਮਜੀਤ ਨੇ 30 ਹਜ਼ਾਰ ਰੁਪਏ ਹੀ ਭੇਜੇ ਸਨ। ਵਿਦੇਸ਼ ਵਿਚ ਜਾ ਕੇ ਰੋਜ਼ਗਾਰ ਦੀ ਭਾਲ ਅਤੇ ਚੰਗੇ ਭਵਿੱਖ ਦੀ ਕਾਮਨਾ ਲਈ ਹੀ ਉਨ੍ਹਾਂ ਆਪਣੀ ਪਤਨੀ ਨੂੰ ਭੇਜਿਆ ਸੀ ਪਰ ਉਥੇ ਕੰਮ ਨਾ ਮਿਲਣ ਕਾਰਨ ਅਕਸਰ ਉਨ੍ਹਾਂ ਦੀ ਪਤਨੀ ਪ੍ਰੇਸ਼ਾਨ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ 3 ਪੁੱਤਰ ਹਨ, ਜਿਨ੍ਹਾਂ ਦਾ ਭਵਿੱਖ ਖਤਰੇ ’ਚ ਪੈ ਗਿਆ ਹੈ। ਰਣਜੀਤ ਸਿੰਘ ਸਿੱਧੂ, ਭਜਨ ਸਿੰਘ ਸਮੇਤ ਹੋਰ ਮੁਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਗਰੀਬ ਪਰਿਵਾਰ ਦੀ ਮਾਲੀ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਪਰਿਵਾਰ ਨੂੰ ਕੁਝ ਰਾਹਤ ਮਿਲ ਸਕੇ।


author

rajwinder kaur

Content Editor

Related News