ਗੋਦ ਲਏ ਪੁੱਤ ਦਾ ਕਾਰਾ, ਕੀਤਾ ਪਿਉ ਦਾ ਕਤਲ

Thursday, Jun 20, 2019 - 04:13 PM (IST)

ਗੋਦ ਲਏ ਪੁੱਤ ਦਾ ਕਾਰਾ, ਕੀਤਾ ਪਿਉ ਦਾ ਕਤਲ

ਕੋਟਕਪੂਰਾ (ਨਰਿੰਦਰ) - ਥਾਣਾ ਸਦਰ ਕੋਟਕਪੂਰਾ ਦੇ ਪਿੰਡ ਚੱਕ ਕਲਿਆਣ ਵਿਖੇ ਬੀਤੀ ਰਾਤ ਇਕ ਕਲਯੁੱਗੀ ਪੁੱਤ ਵਲੋਂ ਆਪਣੇ ਹੀ ਪਿਉ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਮ੍ਰਿਤਕ ਅਜਮੇਰ ਸਿੰਘ ਦੇ ਲੜਕੇ ਸੁਖਬੀਰ ਸਿੰਘ ਦੇ ਬਿਆਨਾਂ 'ਤੇ ਰਾਜਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਖਿਲਾਫ਼ ਥਾਣਾ ਸਦਰ ਕੋਟਕਪੂਰਾ ਵਿਖੇ ਮਾਮਲਾ ਦਰਜ ਕਰ ਦਿੱਤਾ। ਜਾਣਕਾਰੀ ਅਨੁਸਾਰ ਅਜਮੇਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚੱਕ ਕਲਿਆਣ ਦਾ ਉਸ ਦੇ ਹੀ ਪੁੱਤਰ ਰਾਜਬੀਰ ਸਿੰਘ, ਜਿਸ ਨੂੰ ਉਸ ਨੇ ਆਪਣੇ ਭਰਾ ਪ੍ਰੀਤਮ ਸਿੰਘ ਨੂੰ ਗੋਦ ਦਿੱਤਾ ਹੋਇਆ ਸੀ ਅਤੇ ਹੁਣ ਰਾਜਬੀਰ ਉਨ੍ਹਾਂ ਤੋਂ ਵੱਖ ਰਹਿ ਰਿਹਾ ਸੀ। ਰਾਜਬੀਰ ਸਿੰਘ ਦੀ ਪਤਨੀ ਬਲਕਰਨਜੀਤ ਕੌਰ ਨਾਲ ਅਣਬਣ ਹੋਣ ਕਾਰਣ ਉਹ ਪਿਛਲੇ ਕਰੀਬ 5 ਮਹੀਨਿਆਂ ਤੋਂ ਆਪਣੇ 3 ਬੱਚਿਆਂ ਸਮੇਤ ਪਿੰਡ ਕੋਟਲੀ ਸੰਘਰ ਰਹਿ ਰਹੀ ਸੀ। 

ਬੀਤੀ ਰਾਤ ਰਾਜਬੀਰ 11:00 ਵਜੇ ਦੇ ਕਰੀਬ ਸ਼ਰਾਬ ਪੀ ਕੇ ਘਰ ਆਇਆ ਅਤੇ ਆਪਣੀ ਮਾਂ ਤੋਂ ਰੋਟੀ ਮੰਗਣ ਲੱਗਾ। ਜਦੋਂ ਉਸ ਦੀ ਮਾਤਾ ਨੇ ਉਸ ਨੂੰ ਰੋਟੀ ਦਿੱਤੀ ਤਾਂ ਉਸ ਨੇ ਬੁਰਾ-ਭਲਾ ਕਹਿੰਦੇ ਹੋਏ ਰੋਟੀ ਖਾਣ ਤੋਂ ਇਨਕਾਰ ਕਰਦਿਆਂ ਪਤਨੀ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ। ਪਿਉ ਵਲੋਂ ਨਾਂਹ ਕਰਨ 'ਤੇ ਰਾਜਬੀਰ ਨੇ ਅਜਮੇਰ ਸਿੰਘ ਦੀਆਂ ਲੱਤਾਂ-ਬਾਵਾਂ ਅਤੇ ਸਿਰ 'ਤੇ ਲੱਕੜ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਅਜਮੇਰ ਸਿੰਘ ਦੇ ਦੂਜੇ ਲੜਕੇ ਸੁਖਬੀਰ ਸਿੰਘ ਨੇ ਉਸ ਨੂੰ ਜ਼ਖਮੀ ਹਾਲਤ 'ਚ ਰਾਤ 1:00 ਵਜੇ ਦੇ ਕਰੀਬ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਸਵੇਰੇ 5:15 ਵਜੇ ਉਸ ਦੀ ਮੌਤ ਹੋ ਗਈ। ਥਾਣਾ ਸਦਰ ਕੋਟਕਪੂਰਾ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਰਾਜਬੀਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

rajwinder kaur

Content Editor

Related News