ਭਾਈ ਮਾਝੀ ਨੂੰ ਸੁਰੱਖਿਆ ਮੁੱਹਈਆ ਨਾ ਕਰਾਉਣਾ ਮੰਦਭਾਗੀ ਘਟਨਾ ਦੀ ਉਡੀਕ ਕਰਨ ਬਰਾਬਰ : ਢੀਂਡਸਾ

Saturday, Aug 01, 2020 - 05:04 PM (IST)

ਭਵਾਨੀਗੜ੍ਹ (ਕਾਂਸਲ):“ਕੋਟਕਪੂਰਾ-ਬਰਗਾੜੀ ਕਾਂਡ ਦੇ ਗਵਾਹ ਅਤੇ ਨਾਮਵਰ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ, ਜਿਸ ਦਾ ਜ਼ਿਕਰ ਬੇਅਦਬੀ ਘਟਨਕ੍ਰਮ ਦੀ ਜਾਂਚ ਕਰ ਰਹੀ ਸਿੱਟ ਦੀ ਚਾਰਜਸੀਟ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਕੀਤਾ ਗਿਆ ਹੈ। ਪਰ ਸੂਬਾ ਸਰਕਾਰ ਵਲੋਂ ਰਿਪੋਰਟ ਪੇਸ਼ ਹੋਣ ਤੇ ਚਾਰਜਸ਼ੀਟ ਦਾਖਲ ਹੋਣ ਤੋਂ ਲੈ ਕੇ ਅੱਜ ਤੱਕ ਭਾਈ ਮਾਝੀ ਦੀ ਸੁਰੱਖਿਆ ਨੂੰ ਲੈ ਕੇ ਕੋਈ ਕਾਰਵਾਈ ਦਾ ਨਾ ਕੀਤਾ ਜਾਣਾ ਮੰਦਭਾਗੀ ਘਟਨਾ ਵਾਪਰਨ ਦੀ ਉਡੀਕ ਕਰਨ ਬਰਾਬਰ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਡ) ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਭਾਈ ਹਰਜਿੰਦਰ ਸਿੰਘ ਮਾਝੀ ਨਾਲ ਇਕ ਮੁਲਾਕਾਤ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਮਾਰਚ 2015 'ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਭਾਈ ਮਾਝੀ ਵਲੋਂ ਕੀਤੇ ਗੁਰਮਤਿ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਡੇਰਾ ਪ੍ਰੇਮੀ ਡੇਰੇ ਨੂੰ ਛੱਡ ਕੇ ਸਿੱਖੀ ਦੀ ਮੁੱਖ ਧਾਰਾ 'ਚ ਸ਼ਾਮਲ ਹੋਣ ਲੱਗ ਪਏ ਸੀ। ਜਿਸ ਕਾਰਨ ਡੇਰਾ ਮੁੱਖੀ ਦੇ ਕੁਝ ਅਹਿਮ ਚੇਲਿਆਂ ਨੇ ਕਥਿਤ ਤੌਰ 'ਤੇ ਭਾਈ ਮਾਝੀ ਤੋਂ ਬਦਲਾ ਲੈਣ ਦਾ ਮਨ ਬਣਾ ਲਿਆ ਅਤੇ ਇਸ ਦੌਰਾਨ ਹੀ ਗੁਰੂ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਵਰਗੇ ਘੋਰ ਅਪਰਾਧ ਦੀਆਂ ਘਟਨਾਵਾਂ ਵੀ ਵਾਪਰੀਆਂ। ਉਨ੍ਹਾਂ ਅੱਗੇ ਕਿਹਾ ਕਿ ਸਿੱਖੀ ਤੋਂ ਬੇਮੁੱਖ ਹੋ ਕੇ ਕੁਰਾਹੇ ਪੈਣ ਵਾਲੀ ਸਿੱਖ ਪਨੀਰੀ 'ਤੇ ਭੁੱਲ਼ੜ ਸਿੱਖਾਂ ਨੂੰ ਸਿੱਖੀ ਵੱਲ ਪ੍ਰੇਰ ਕੇ ਮੋੜਨ ਵਾਲ਼ੇ ਅਜਿਹੇ ਪ੍ਰਚਾਰਕਾਂ ਦੀ ਸਿੱਖ ਕੌਮ ਅਤੇ ਸਮਾਜ ਨੂੰ ਬਹੁਤ ਲੋੜ ਹੈ ਅਤੇ ਅਜਿਹੇ ਪ੍ਰਚਾਰਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਸਰਕਾਰ ਦਾ ਮੁੱਢਲਾ ਫ਼ਰਜ਼ ਹੈ। ਇਸ ਲਈ ਸੂਬਾ ਸਰਕਾਰ ਵਲੋਂ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕਰਨ ਲਈ ਮੈਂ ਮੁੱਖ ਮੰਤਰੀ ਪੰਜਾਬ ਤੇ ਡੀ.ਜੀ.ਪੀ. ਪੰਜਾਬ ਨੂੰ ਇਕ ਪੱਤਰ ਵੀ ਲਿਖਾਂਗਾ। 

ਇਸ ਸਮੇਂ ਭਾਈ ਮਾਝੀ ਨੇ ਦੱਸਿਆ ਕਿ ਉਨ੍ਹਾਂ ਦਿਨਾਂ 'ਚ ਉਨ੍ਹਾਂ ਨੂੰ ਪੁਲਸ ਵੱਲੋਂ ਪ੍ਰਚਾਰ ਕਰਨ ਤੱਕ ਤੋਂ ਜ਼ਬਰਦਸਤੀ ਰੋਕਿਆ ਗਿਆ ਸੀ ਤੇ ਸ਼ਰੇਆਮ ਧਮਕੀਆਂ ਦੇਣਾ ਆਮ ਗੱਲ ਸੀ। ਥਾਣਾ ਫ਼ਰੀਦਕੋਟ ਦੇ ਤਤਕਾਲੀ ਮੁੱਖ ਅਫ਼ਸਰ ਦੀ ਧਮਕਾਉਂਦੇ ਦੀ ਤਾਂ ਵੀਡੀਓ ਤੱਕ ਵੀ ਵਾਇਰਲ ਹੋ ਚੁੱਕੀ ਹੈ। ਦੂਜੇ ਪਾਸੇ ਡੇਰਾ ਸਿਰਸਾ ਦੀ ਫ਼ਿਲਮ ਦੇ ਪੋਸਟਰਾਂ ਤੱਕ ਦੀ ਰਾਖੀ ਵੀ ਪੁਲਸ ਵਲੋਂ ਕੀਤੀ ਜਾਂਦੀ ਰਹੀ। ਗ਼ੌਰਤਲਬ ਹੈ ਕਿ ਭਾਈ ਮਾਝੀ ਨੂੰ ਧਮਕਾਉਣ ਵਾਲਾ ਇੰਸਪੈਕਟਰ ਕੋਟਕਪੂਰਾ-ਬਹਿਬਲ ਕਲਾਂ ਗੋਲ਼ੀ ਕਾਂਡ ਦੇ ਦੋਸ਼ਾਂ 'ਚ ਵੀ ਸਿੱਟ ਵੱਲੋਂ ਨਾਮਜ਼ਦ ਕੀਤਾ ਗਿਆ ਹੈ।


Shyna

Content Editor

Related News