ਕੋਟਕਪੂਰਾ ਤੇ ਬਹਿਬਲਕਲਾਂ ਗੋਲੀਕਾਂਡ ਮਾਮਲਿਆਂ ਦੀ ਅਦਾਲਤ 'ਚ ਹੋਈ ਸੁਣਵਾਈ
Monday, Jan 29, 2024 - 04:27 PM (IST)
ਫਰੀਦਕੋਟ (ਜਗਤਾਰ) : ਸਾਲ 2015 'ਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਉਸ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲਕਲਾਂ ਵਿਚ ਵਾਪਰੇ ਗੋਲੀਕਾਂਡ ਮਾਮਲਿਆਂ ਦੀ ਫਰੀਦਕੋਟ ਅਦਾਲਤ 'ਚ ਅੱਜ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਇਨ੍ਹਾਂ ਮਾਮਲਿਆਂ 'ਚ ਨਾਮਜ਼ਦ ਮੋਗਾ ਦੇ ਤਤਕਾਲੀ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ ਨਿੱਜੀ ਤੌਰ 'ਤੇ ਅਦਾਲਤ 'ਚ ਪੇਸ਼ ਹੋਏ, ਜਦੋਂ ਕਿ ਬਾਕੀ ਸਾਰੇ ਨਾਮਜ਼ਦ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰ ਰਹੇ।
ਇਸ ਮੌਕੇ ਜਿੱਥੇ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਿਤ ਐੱਫ. ਆਈ. ਆਰ. ਨੰਬਰ 129 'ਚ ਦੋਸ਼ ਤੈਅ ਕਰਨ ਨੂੰ ਲੈ ਕੇ ਦੋਹਾਂ ਪੱਖਾਂ ਵਿਚਕਾਰ ਬਹਿਸ ਹੋਈ, ਉੱਥੇ ਹੀ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 5 ਅਤੇ 13 ਫਰਵਰੀ 2024 ਨੂੰ ਰੱਖੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿੱਖ ਜੱਥੇਬੰਦੀਆ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਅੱਜ ਅਦਾਲਤ 'ਚ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਿਤ ਮੁਕੱਦਮਾ ਨੰਬਰ 129 ਵਿਚ ਦੋਸ਼ ਤੈਅ ਕਰਨ ਨੂੰ ਲੈ ਕੇ ਬਹਿਸ ਹੋਈ ਹੈ ਅਤੇ ਅੱਗੇ ਦੀ ਸੁਣਵਾਈ ਲਈ ਅਦਾਲਤ ਵੱਲੋਂ 5 ਅਤੇ 13 ਫਰਵਰੀ 2024 ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਅੱਜ ਚਰਨਜੀਤ ਸ਼ਰਮਾ ਨਿੱਜੀ ਤੌਰ 'ਤੇ, ਜਦੋਂ ਕਿ ਬਾਕੀ ਸਾਰੇ ਨਾਮਜ਼ਦ ਵੀਡੀਓ ਕਾਨਫਰੰਸਿੰਗ ਰਾਹੀ ਅਦਾਲਤ ਵਿਚ ਪੇਸ਼ ਹੋਏ ਸਨ।