ਜਾਣੋ ਕੌਣ ਹਨ ਡਾ. ਸੁਖਵਿੰਦਰ ਸੁੱਖੀ ਤੇ ਉਨ੍ਹਾਂ ਨੇ ਕਿਉਂ ਛੱਡਿਆ ਅਕਾਲੀ ਦਲ

Wednesday, Aug 14, 2024 - 06:26 PM (IST)

ਜਲੰਧਰ (ਵੈਬ ਡੈੱਸਕ) : 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਹਾਸ਼ੀਏ 'ਤੇ ਚੱਲ ਰਹੇ ਅਕਾਲੀ ਦਲ ਨੂੰ ਜਿਥੇ ਪਾਰਟੀ ਦੇ ਅੰਦਰੂਨੀ ਕਲੇਸ਼ ਨੇ ਹਿਲਾ ਕੇ ਰੱਖ ਦਿੱਤਾ ਹੈ, ਉਥੇ ਹੀ ਪਾਰਟੀ ਨੂੰ ਅੱਜ ਉਸ ਸਮੇਂ ਇਕ ਹੋਰ ਤਗੜਾ ਝਟਕਾ ਲੱਗਾ ਜਦੋਂ ਪਾਰਟੀ ਦੇ ਮੌਜੂਦਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਕੋਲ ਸਿਰਫ ਤਿੰਨ ਹੀ ਵਿਧਾਇਕ ਸਨ, ਜਿਨ੍ਹਾਂ ਵਿਚੋਂ ਡਾ. ਸੁੱਖੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ, ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਕੋਲ ਪੰਜਾਬ ਵਿਚ ਸਿਰਫ ਦੋ ਵਿਧਾਇਕ ਹੀ ਰਹਿ ਗਏ ਹਨ। ਜਿਨ੍ਹਾਂ ਵਿਚ ਮੁੱਲਾਂਪੁਰ ਦਾਖਾ ਤੋਂ ਮਨਪ੍ਰੀਤ ਸਿੰਘ ਇਆਲੀ ਅਤੇ ਹਲਕਾ ਮਜੀਠਾ ਤੋਂ ਗਨੀਵ ਕੌਰ ਮਜੀਠੀਆ ਸ਼ਾਮਲ ਹਨ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਆਪਣੀਆਂ ਹੀ ਨਾਬਾਲਗ ਧੀਆਂ 'ਤੇ ਪਿਓ ਨੇ ਰੱਖੀ ਮਾੜੀ ਅੱਖ, ਪਤਨੀ ਨੇ ਕੀਤਾ ਕਤਲ

PunjabKesari

ਜਾਣੋ ਕੌਣ ਹਨ ਡਾ. ਸੁਖਵਿੰਦਰ ਸੁੱਖੀ

ਡਾ. ਸੁਖਵਿੰਦਰ ਸੁੱਖੀ ਅਕਾਲੀ ਦਲ ਤੋਂ ਪਹਿਲਾਂ ਬਸਪਾ ਵਿਚ ਸਨ, 2009 ਵਿਚ ਉਨ੍ਹਾਂ ਨੇ ਬਸਪਾ ਦੀ ਟਿਕਟ 'ਤੇ ਹੁਸ਼ਿਆਰਪੁਰ ਤੋਂ ਚੋਣ ਲੜੀ ਸੀ। ਇਸ ਤੋਂ ਬਾਅਦ ਉਹ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੇ ਉਨ੍ਹਾਂ ਨੂੰ ਟਿਕਟ ਦਿੱਤੀ ਅਤੇ ਬੰਗਾ ਹਲਕੇ ਤੋਂ ਮੈਦਾਨ ਵਿਚ ਉਤਾਰਿਆ। ਇਨ੍ਹਾਂ ਚੋਣਾਂ ਵਿਚ ਉਹ ਜੇਤੂ ਰਹੇ ਅਤੇ ਪਹਿਲੀ ਵਾਰ ਵਿਧਾਇਕ ਚੁਣੇ ਗਏ। ਡਾਕਟਰ ਸੁਖਵਿੰਦਰ ਸੁੱਖੀ ਸਮਾਜ ਸੇਵੀ ਹਨ, ਵਿਧਾਇਕੀ ਦੇ ਨਾਲ ਉਹ ਆਪਣਾ ਕਲੀਨਿਕ ਵੀ ਚਲਾਉਂਦੇ ਹਨ ਜਿੱਥੇ ਉਹ ਗਰੀਬਾਂ ਦਾ ਮੁਫਤ ਇਲਾਜ ਕਰਦੇ ਹਨ। ਸਮਾਜ ਭਲਾਈ ਦੇ ਕੰਮਾਂ ਸਦਕਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਅਕਾਲੀ ਦਲ ਨੇ ਮੁੜ ਟਿਕਟ ਨਾਲ ਨਿਵਾਜ਼ਿਆ ਅਤੇ ਲਗਾਤਾਰ ਦੂਜੀ ਵਾਰ ਚੋਣ ਜਿੱਤ ਕੇ ਉਹ ਵਿਧਾਇਕ ਬਣੇ। 2023 ਦੌਰਾਨ ਜਲੰਧਰ ਵਿਚ ਹੋਈ ਲੋਕ ਸਭਾ ਜ਼ਿਮਨੀ ਚੋਣ ਵਿਚ ਅਕਾਲੀ ਦਲ ਨੇ ਉਨ੍ਹਾਂ ਨੂੰ ਮੁੜ ਮੈਦਾਨ ਵਿਚ ਉਤਾਰਿਆ ਪਰ ਇਥੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। 

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਸੁੱਖੀ ਨੇ ਕਿਉਂ ਛੱਡਿਆ ਅਕਾਲੀ

ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੌਰਾਨ ਡ. ਸੁੱਖੀ ਨੇ ਕਿਹਾ ਕਿ ਅਕਾਲੀ ਦਲ ਵਿਚ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਮਿਲਿਆ ਅਕਾਲੀ ਦਲ ਦੀ ਟਿਕਟ 'ਤੇ ਹੀ ਉਹ ਦੋ ਵਾਰ ਵਿਧਾਇਕ ਬਣੇ। ਨਾ ਤਾਂ ਉਨ੍ਹਾਂ ਦੇ ਪਾਰਟੀ ਨਾਲ ਤੇ ਨਾ ਹੀ ਪਾਰਟੀ ਪ੍ਰਧਾਨ ਨਾਲ ਕੋਈ ਮਨ ਮੁਟਾਵ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਧਾਇਕ ਬਣੇ 7 ਸਾਲ ਹੋ ਗਏ। ਬੀਤੀ ਕਾਂਗਰਸ ਸਰਕਾਰ ਸਮੇਂ ਵੀ ਉਨ੍ਹਾਂ ਦੇ ਹਲਕੇ ਦਾ ਵਿਕਾਸ ਨਹੀਂ ਹੋਇਆ। ਹਲਕੇ ਦੇ ਲੋਕਾਂ ਦੀ ਭਲਾਈ ਲਈ ਹੀ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਹਨ। ਡਾ. ਸੁੱਖੀ ਨੇ ਕਿਹਾ ਕਿ ਉਹ ਉਸ ਹਲਕੇ ਤੋਂ ਹਨ ਜਿਥੇ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਹੈ। ਜੇ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਇਹ ਸਿਰਫ ਸ਼ਹੀਦਾਂ ਦੀ ਬਦੌਲਤ ਹੈ। ਮੇਰੀ ਇਹ ਦਿਲੀ ਖੁਆਇਸ਼ ਹੈ ਕਿ ਉਹ ਹਲਕਾ ਜਿੱਥੇ ਸ਼ਹੀਦ ਭਗਤ ਸਿੰਘ ਨੇ ਆਪਣਾ ਬਚਪਨ ਬਿਤਾਇਆ ਹੋਵੇ ਉਸ ਦਾ ਵੱਡੇ ਪੱਧਰ 'ਤੇ ਵਿਕਾਸ ਹੋਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਸੀ ਕਿ ਜਿਸ ਧਰਤੀ 'ਤੇ ਤੁਸੀਂ ਸਹੁੰ ਚੁੱਕੀ ਹੈ, ਉਥੇ ਮੈਡੀਕਲ ਕਾਲਜ ਬਣਾਇਆ ਜਾਵੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਇਥੇ ਮੈਡੀਕਲ ਕਾਲਜ ਜ਼ਰੂਰ ਬਣਾਇਆ ਜਾਵੇਗਾ, ਇਸ ਤੋਂ ਇਲਾਵਾ ਵਿਧਾਨ ਸਭਾ ਵਿਚ ਵੀ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਕ ਭ੍ਰਿਸ਼ਟ ਨਾਇਬ ਤਹਿਸੀਲਦਾਰ ਦੀ ਸ਼ਿਕਾਇਤ ਕੀਤੀ ਸੀ ਤਾਂ ਇਸ 'ਤੇ ਵੀ ਉਨ੍ਹਾਂ ਨੇ ਤੁਰੰਤ ਕਾਰਵਾਈ ਸੀ। ਅਜਿਹੇ ਸੋਚ ਵਾਲੇ ਮੁੱਖ ਮੰਤਰੀ ਤੇ ਪਾਰਟੀ ਨਾਲ ਕੰਮ ਕਰਨਾ ਮਾਣ ਵਾਲੀ ਗੱਲ ਹੈ। 

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਤੀਜਿਆਂ ਦਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News