ਜਾਣੋ ਕਿਵੇਂ ਸ਼ੁਰੂ ਹੋਈ 1000 ਸ਼ਾਖਾਵਾਂ ਵਾਲੇ Yes Bank ਦੀ ਤਬਾਹੀ ਦੀ ਕਹਾਣੀ

Friday, Mar 06, 2020 - 05:33 PM (IST)

ਜਾਣੋ ਕਿਵੇਂ ਸ਼ੁਰੂ ਹੋਈ 1000 ਸ਼ਾਖਾਵਾਂ ਵਾਲੇ Yes Bank ਦੀ ਤਬਾਹੀ ਦੀ ਕਹਾਣੀ

ਨਵੀਂ ਦਿੱਲੀ — ਆਪਣੇ ਗਾਹਕਾਂ ਨੂੰ ਔਸਤ ਤੋਂ ਜ਼ਿਆਦਾ ਵਿਆਜ ਦੇਣ ਵਾਲਾ Yes Bank ਅੱਜ ਡੁੱਬਣ ਦੀ ਕਗਾਰ 'ਤੇ ਹੈ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਇਸ ਨੂੰ ਬਚਾਉਣ ਲਈ ਮਹੀਨਿਆਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਅਸਫਲ ਹੁੰਦੀਆਂ ਦਿਖਾਈ ਦੇ ਰਹੀਆਂ ਹਨ।  ਬੈਂਕ ਦੇ ਸ਼ੇਅਰ ਲਗਾਤਾਰ ਟੁੱਟਦੇ ਜਾ ਰਹੇ ਹਨ ਅਤੇ ਅੱਜ ਦੇ ਸੈਸ਼ਨ ਵਿਚ ਇਹ 50 ਫੀਸਦੀ ਹੇਠਾਂ ਟ੍ਰੇਡ ਕਰ ਰਿਹਾ ਹੈ। ਸਟੇਟ ਬੈਂਕ ਵਲੋਂ ਇਸ ਨੂੰ ਬਚਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਪਰ...। ਆਓ ਜਾਣਦੇ ਹਾਂ Yes ਬੈਂਕ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ।

ਰਾਣਾ ਕਪੂਰ ਨੇ ਸ਼ੁਰੂ ਕੀਤਾ ਯੈੱਸ ਬੈਂਕ

ਸਾਲ 2004 'ਚ ਰਾਣਾ ਕਪੂਰ ਨੇ ਆਪਣੇ ਰਿਸ਼ਤੇਦਾਰ ਅਸ਼ੋਕ ਕਪੂਰ ਨਾਲ ਮਿਲ ਕੇ ਇਸ ਬੈਂਕ ਦੀ ਨੀਂਹ ਰੱਖੀ। 26/11 ਦੇ ਮੁੰਬਈ ਹਮਲੇ ਵਿਚ ਅਸ਼ੋਕ ਕਪੂਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਅਸ਼ੋਕ ਕਪੂਰ ਦੀ ਪਤਨੀ ਮਧੂ ਕਪੂਰ ਅਤੇ ਰਾਣਾ ਕਪੂਰ ਵਿਚਕਾਰ ਬੈਂਕ ਦੇ ਮਾਲਕੀ  ਹੱਕ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਮਧੂ ਆਪਣੀ ਬੇਟੀ ਲਈ ਬੋਰਡ ਵਿਚ ਜਗ੍ਹਾਂ ਚਾਹੁੰਦੀ ਸੀ। ਇਸ ਤਰ੍ਹਾਂ ਨਾਲ ਸਿਰਫ ਚਾਰ ਸਾਲ ਬਾਅਦ ਹੀ ਪਰਿਵਾਰ ਦਾ ਵਿਵਾਦ ਬੈਂਕ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਨ ਲੱਗਾ।

Yes Bank ਦੀ ਦੇਸ਼ 'ਚ ਸਥਿਤੀ

ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਿੱਜੀ ਬੈਂਕ ਯਾਨੀ ਕਿ ਯੈੱਸ ਬੈਂਕ ਦੀਆਂ ਸ਼ਾਖਾਵਾਂ ਪੂਰੇ ਦੇਸ਼ ਵਿਚ ਹਨ। ਬੈਂਕ ਦਾ ਹੈੱਡ ਆਫਿਸ ਮੁੰਬਈ ਵਿਚ ਹੈ ਅਤੇ ਇਸ ਦਾ ਵਿਸਥਾਰ ਕਾਫੀ ਵੱਡਾ ਹੈ। ਦੇਸ਼ ਵਿਚ ਇਸ ਦੀਆਂ ਲਗਭਗ 1000 ਸ਼ਾਖਾਵਾਂ ਅਤੇ 1800 ਏ.ਟੀ.ਐਮ. ਹਨ। ਬੈਂਕ ਦੀ ਇਕ ਸਪੈਸ਼ਲ ਮਹਿਲਾ ਸ਼ਾਖਾ ਵੀ ਹੈ ਜਿਹੜੀ ਕਿ 'ਯੈੱਸ ਗ੍ਰੇਸ ਬ੍ਰਾਂਚ' ਦੇ ਨਾਂ ਨਾਲ ਚਲਾਈ ਜਾਂਦੀ ਹੈ। ਇਸ ਬ੍ਰਾਂਚ ਵਿਚ ਔਰਤਾਂ ਲਈ ਖਾਸ ਉਤਪਾਦ ਆਫਰ ਕੀਤੇ ਜਾਂਦੇ ਹਨ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਬ੍ਰਾਂਚ ਦਾ ਪੂਰਾ ਸਟਾਫ ਔਰਤਾਂ ਦਾ ਹੀ ਹੈ। ਇਸ ਤੋਂ ਇਲਾਵਾ ਦੇਸ਼ ਵਿਚ 30 ਤੋਂ ਜ਼ਿਆਦਾ 'ਯੈੱਸ ਐਸ.ਐਮ.ਈ. ਬ੍ਰਾਂਚ ਵੀ ਹਨ, ਜੋ SMEs ਨੂੰ ਸਪੈਸ਼ਲ ਸਰਵਿਸ ਮੁਹੱਈਆ ਕਰਦੇ ਹਨ।

ਕੀ ਕਹਿੰਦਾ ਹੈ ਵਿੱਤ ਮੰਤਰਾਲੇ ਦਾ ਸਰਕੂਲਰ?

ਵਿੱਤ ਮੰਤਰਾਲੇ ਵਲੋਂ ਵੀਰਵਾਰ 5 ਮਾਰਚ 2020 ਦੀ ਸ਼ਾਮ 6 ਵਜੇ ਤੋਂ 3 ਅਪ੍ਰੈਲ ਤੱਕ ਬੈਂਕ ਦੇ ਖਾਤਾ ਧਾਰਕਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਖਾਤੇ ਵਿਚੋਂ ਪੈਸੇ ਕਢਵਾਉਣ ਦੀ ਲਿਮਟ ਸਮੇਤ ਇਸ ਬੈਂਕ ਦੇ ਕਾਰੋਬਾਰ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗ ਗਈਆਂ ਹਨ। ਇਸ ਪੂਰੀ ਮਿਆਦ ਦੌਰਾਨ ਖਾਤਾਧਾਰਕ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਰਕਮ ਨਹੀਂ ਕਢਵਾ ਸਕਣਗੇ। ਇਸ ਤੋਂ ਇਲਾਵਾ ਨੋਟੀਫਿਕੇਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਖਾਤਾ ਧਾਰਕ ਨੇ ਬੈਂਕ ਤੋਂ ਕਰਜ਼ਾ ਲਿਆ ਹੋਇਆ ਹੈ ਜਾਂ ਫਿਰ ਉਸ 'ਤੇ ਬੈਂਕ ਦੀ ਕੋਈ ਦੇਣਦਾਰੀ ਹੈ ਤਾਂ ਉਸ ਰਾਸ਼ੀ ਨੂੰ ਘਟਾਉਣ ਤੋਂ ਬਾਅਦ ਹੀ ਖਾਤਾਧਾਰਕ ਨੂੰ ਉਸਦੇ ਖਾਤੇ ਵਿਚੋਂ ਪੈਸੇ ਦਿੱਤੇ ਜਾਣਗੇ।

ਬੈਂਕ ਦਾ ਬੋਰਡ ਭੰਗ 

ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਯੈੱਸ ਬੈਂਕ ਦੇ ਬੋਰਡ ਆਫ ਡਾਇਰੈਕਟਰ ਨੂੰ ਭੰਗ ਕਰ ਦਿੱਤਾ ਹੈ ਅਤੇ ਪ੍ਰਬੰਧਕ ਨਿਯੁਕਤ ਕਰ ਦਿੱਤੇ ਹਨ। ਕੇਂਦਰੀ ਬੈਂਕ ਨੇ ਅਗਲੇ ਆਦੇਸ਼ ਤੱਕ ਬੈਂਕ ਦੇ ਗਾਹਕਾਂ ਲਈ ਪੈਸੇ ਕਢਵਾਉਣ ਦੀ ਲਿਮਟ 50,000 ਰੁਪਏ ਤੈਅ ਕਰ ਦਿੱਤੀ ਹੈ।

ਇਸ ਤਰ੍ਹਾਂ ਸ਼ੁਰੂ ਹੋਈ ਬੈਂਕ ਦੇ ਪਤਨ ਦੀ ਕਹਾਣੀ

ਪਰਿਵਾਰਕ ਕਾਰਨ 

ਸਾਲ 2008 ਵਿਚ ਜਦੋਂ ਅਸ਼ੋਕ ਕਪੂਰ ਦੀ ਮੌਤ ਹੋਈ ਤਾਂ ਕੂਪਰ ਪਰਿਵਾਰ 'ਚ ਬੈਂਕ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਅਸ਼ੋਕ ਕਪੂਰ ਦੀ ਪਤਨੀ ਮਧੂ ਆਪਣੀ ਬੇਟੀ ਸ਼ਗੁਨ ਨੂੰ ਬੈਂਕ ਦੇ ਬੋਰਡ ਵਿਚ ਸ਼ਾਮਲ ਕਰਨਾ ਚਾਹੁੰਦੀ ਸੀ, ਮਾਮਲਾ ਮੁੰਬਈ ਦੀ ਅਦਾਲਤ ਵਿਚ ਪਹੁੰਚਿਆ, ਜਿਸ ਵਿਚ ਜਿੱਤ ਰਾਣਾ ਕਪੂਰ ਦੇ ਪੱਖ ਦੀ ਹੋਈ। ਥੋੜ੍ਹੇ ਸਮੇਂ ਲਈ ਮਾਮਲਾ ਸ਼ਾਂਤ ਹੋ ਗਿਆ ਅਤੇ ਰਣਵੀਰ ਗਿੱਲ ਨੂੰ ਬੈਂਕ ਦਾ ਐਮ.ਡੀ. ਨਿਯੁਕਤ ਕਰ ਦਿੱਤਾ ਗਿਆ। ਇਸ ਦੌਰਾਨ ਕਾਰਪੋਰੇਟ ਗਵਰਨੈਂਸ ਨਾਲ ਸਮਝੌਤੇ ਦੇ ਮਾਮਲੇ ਸਾਹਮਣੇ ਆਏ ਅਤੇ ਬੈਂਕ ਕਰਜ਼ੇ ਹੇਠ ਆ ਗਿਆ। ਬੈਂਕ ਦੇ ਕਰਜ਼ੇ ਹੇਠ ਆਉਂਦੇ ਹੀ ਹੌਲੀ-ਹੌਲੀ ਪ੍ਰਮੋਟਰਾਂ ਨੇ ਆਪਣੀ ਹਿੱਸੇਦਾਰੀ ਵੇਚਣੀ ਸ਼ੁਰੂ ਕਰ ਦਿੱਤੀ। 

ਰਾਣਾ ਕਪੂਰ ਨੂੰ ਵੇਚਣੇ ਪਏ ਆਪਣੇ ਸ਼ੇਅਰ

ਰਾਣਾ ਕਪੂਰ ਬੈਂਕ ਵਿਚ ਆਪਣੇ ਸ਼ੇਅਰਸ ਨੂੰ ਹੀਰਾ-ਮੋਤੀ ਦੱਸਦੇ ਸਨ ਅਤੇ ਕਦੇ ਵੀ ਵੇਚਣਾ ਨਹੀਂ ਚਾਹੁੰਦੇ ਸਨ। ਪਰ ਅਕਤੂਬਰ 2019 'ਚ ਹਾਲਾਤ ਇਹ ਹੋ ਗਏ ਕਿ ਰਾਣਾ ਕਪੂਰ ਅਤੇ ਉਸਦੇ ਗਰੁੱਪ ਦੀ ਹਿੱਸੇਦਾਰੀ ਘੱਟ ਕੇ 4.72 ਰਹਿ ਗਈ। 3 ਅਕਤਬੂਰ ਨੂੰ ਸੀਨੀਅਰ ਗਰੁੱਪ ਪ੍ਰੈਜ਼ੀਡੈਂਟ ਰਜਤ ਮੋਂਗਾ ਨੇ ਅਸਤੀਫਾ ਦੇ ਦਿੱਤਾ ਅਤੇ ਸਤੰਬਰ 'ਚ ਉਨ੍ਹਾਂ ਨੇ ਆਪਣੀ ਹਿੱਸੇਦਾਰੀ ਵੀ ਵੇਚ ਦਿੱਤੀ।

ਕਾਰਪੋਰੇਟ ਗਾਹਕਾਂ ਨੇ ਡੁਬੋਇਆ

ਯੈੱਸ ਬੈਂਕ ਦੇ ਗਾਹਕਾਂ ਦੀ ਸੂਚੀ ਵਿਚ ਰੀਟੇਲ ਤੋਂ ਜ਼ਿਆਦਾ ਕਾਰਪੋਰੇਟ ਗਾਹਕ ਹਨ। ਯੈੱਸ ਬੈਂਕ ਨੇ ਜਿਹੜੀਆਂ ਕੰਪਨੀਆਂ ਨੂੰ ਲੋਨ ਦਿੱਤਾ, ਉਨ੍ਹਾਂ ਵਿਚੋਂ ਜ਼ਿਆਦਾਤਰ ਘਾਟੇ ਵਿਚ ਹਨ। ਕੰਪਨੀਆਂ ਘਾਟੇ ਦੀ ਕਗਾਰ 'ਤੇ ਹਨ ਇਸ ਲਈ ਲੋਨ ਵਾਪਸ ਮਿਲਣ ਦੀ ਗੁੰਜਾਇਸ਼ ਨਹੀਂ ਹੈ। ਜਦੋਂ ਲੋਨ ਲੈਣ ਵਾਲੀਆਂ ਕੰਪਨੀਆਂ ਡੁੱਬਣ ਲੱਗੀਆਂ ਤਾਂ ਬੈਂਕ ਦੀ ਹਾਲਤ ਵੀ ਪਤਲੀ ਹੋਣ ਲੱਗ ਗਈ।

ਬੈਂਕ ਨੂੰ ਲੱਗੇ ਕਈ ਵੱਡੇ ਝਟਕੇ

ਰਾਣਾ ਕਪੂਰ ਦਾ ਅਸਤੀਫਾ

ਯੈੱਸ ਬੈਂਕ ਨੂੰ ਸਭ ਤੋਂ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਰਿਜ਼ਰਵ ਬੈਂਕ ਨੇ ਕਿਹਾ ਕਿ ਉਹ ਬੈਲੇਂਸ ਸ਼ੀਟ ਦਾ ਸਹੀ ਜਾਣਕਾਰੀ ਨਹੀਂ ਦੇ ਰਹੇ। 31 ਜਨਵਰੀ ਨੂੰ ਉਨ੍ਹਾਂ ਨੂੰ ਅਹੁਦਾ ਛੱਡਣ ਲਈ ਕਿਹਾ ਗਿਆ ਸੀ।

ਜੁਰਮਾਨਾ

ਰਿਜ਼ਰਵ ਬੈਂਕ ਨੇ ਯੈੱਸ ਬੈਂਕ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ। ਦੋਸ਼ ਲਗਾਇਆ ਕਿ ਬੈਂਕ ਮੈਸੇਜਿੰਗ ਸਾਫਟਵੇਅਰ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ। ਇਸ ਸਾਫਟਵੇਅਰ ਦਾ ਇਸਤੇਮਾਲ ਬੈਂਕ ਲੈਣ-ਦੇਣ ਲਈ ਕਰਦੇ ਹਨ।

ਰੇਟਿੰਗ ਘਟੀ

ਇਸ ਤੋਂ ਬਾਅਦ QIBs ਦੇ ਜ਼ਰੀਏ ਫੰਡ ਇਕੱਠਾ ਕਰਨ ਦੇ ਟੀਚੇ ਤੱਕ ਬੈਂਕ ਨਹੀਂ ਪਹੁੰਚ ਸਕਿਆ। ਅਗਸਤ 2019 'ਚ ਮੂਡੀਜ਼ ਨੇ ਯੈੱਸ ਬੈਂਕ ਦੀ ਰੇਟਿੰਗ ਘਟਾ ਦਿੱਤੀ ਅਤੇ ਜ਼ਿਆਦਾਤਰ ਰੇਟਿੰਗ ਏਜੰਸੀਆਂ ਇਸ ਨੂੰ ਲੈ ਕੇ ਭਰੋਸੇਮੰਦ ਨਹੀਂ ਰਹੀਆਂ। ਇਸ ਦੀ ਰੇਟਿੰਗ ਘਟਣ ਨਾਲ ਬੈਂਕ ਦੀ ਹਾਲਤ ਹੋਰ ਖਰਾਬ ਹੋ ਗਈ, ਬਾਜ਼ਾਰ ਵਿਚ ਨੈਗੇਟਿਵ ਸੰਕੇਤ ਪਹੁੰਚੇ।

ਮਾਰਕਿਟ ਕੈਪ ਡਿੱਗਾ

ਸਤੰਬਰ 2018 'ਚ ਜਿਥੇ ਯੈੱਸ ਬੈਂਕ ਦਾ ਮਾਰਕਿਟ ਕੈਪ 80 ਹਜ਼ਾਰ ਕਰੋੜ ਰੁਪਏ ਦੇ ਆਸਪਾਸ ਸੀ ਇਹ 90 ਫੀਸਦੀ ਤੋਂ ਜ਼ਿਆਦਾ ਘੱਟ ਗਿਆ। ਅਗਸਤ 2018 'ਚ ਬੈਂਕ ਦੇ ਸ਼ੇਅਰ ਦੀ ਕੀਮਤ ਕਰੀਬ 400 ਰੁਪਏ ਸੀ ਜਿਹੜੀ ਕਿ ਨਕਦੀ ਦੀ ਕਮੀ ਕਰਕੇ ਫਿਲਹਾਲ 15 ਰੁਪਏ ਦੇ ਆਸਪਾਸ ਹੈ। ਅੱਜ ਬੈਂਕ ਦੇ ਸ਼ੇਅਰ 50 ਫੀਸਦੀ ਹੇਠਾਂ ਕਾਰੋਬਾਰ ਕਰ ਰਹੇ ਹਨ।


ਇਹ ਖਾਸ ਖਬਰ ਵੀ ਜ਼ਰੂਰ ਪੜ੍ਹੋ : YES Bank ਸੰਕਟ 'ਤੇ ਬੋਲੇ RBI ਗਵਰਨਰ- 30 ਦਿਨਾਂ ਅੰਦਰ ਕੱਢਿਆ ਜਾਵੇਗਾ ਹੱਲ


Related News