ਨੌਜਵਾਨਾਂ ਲਈ ਮਿਸਾਲ ਬਣਿਆ ਮਕੈਨੀਕਲ ਇੰਜੀਨੀਅਰ, ਖੇਤੀ ਕਰਕੇ ਹੋਇਆ ਮਾਲੋਮਾਲ
Wednesday, Feb 12, 2020 - 10:25 AM (IST)
ਕਲਾਨੌਰ : ਪੰਜਾਬ ਸੂਬੇ ਵਿਚ ਪਿਛਲੇ ਸਮੇਂ ਤੋਂ ਆਰਥਿਕ ਸੰਕਟ ਅਤੇ ਬੇਰੁਜ਼ਗਾਰ ਨੌਜਵਾਨ ਪੀੜ੍ਹੀ ਨੂੰ ਨੌਕਰੀਆਂ ਨਾ ਮਿਲਣ ਕਾਰਨ ਜ਼ਿਆਦਾਤਰ ਨੌਜਵਾਨ ਰੋਜ਼ੀ ਰੋਟੀ ਦੀ ਭਾਲ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਸਤਕੋਟ ਦੇ ਮਕੈਨੀਕਲ ਇੰਜੀਨੀਅਰ ਡਿਪਲੋਮਾ ਹੋਲਡਰ ਬਲਪ੍ਰਰੀਤ ਸਿੰਘ ਨੇ ਨੌਕਰੀ ਮਿਲਣ ਦੀ ਆਸ ਛੱਡ ਦਿੱਤੀ ਹੈ ਅਤੇ ਉਸ ਨੇ ਵਿਦੇਸ਼ ਜਾਣ ਦੀ ਬਿਜਾਏ ਆਪਣੀ ਮਾਂ ਧਰਤੀ ਤੇ ਹੀ ਖੁੰਬਾਂ ਦੀ ਖੇਤੀ ਨੂੰ ਤਰਜੀਹ ਦਿੱਤੀ ਹੈ। ਅਜਿਹਾ ਕਰਕੇ ਉਹ ਬਾਕੀ ਨੌਜਵਾਨਾਂ ਲਈ ਮਿਸਾਲ ਬਣਿਆ ਹੈ।
ਇਸ ਸਬੰਧੀ ਇਕ ਅਖਬਾਰ ਨਾਲ ਗੱਲਬਾਤ ਕਰਦਿਆਂ ਹੋਇਆ ਮਕੈਨੀਕਲ ਇੰਜੀਨੀਅਰ ਡਿਪਲੋਮਾ ਹੋਲਡਰ ਬਲਪ੍ਰਰੀਤ ਸਿੰਘ ਪੁੱਤਰ ਮੁਖਵਿੰਦਰ ਸਿੰਘ ਸੁਪਰਵਾਈਜਰ ਮੰਡੀਕਰਨ ਬੋਰਡ ਨੇ ਦੱਸਿਆ ਕਿ ਬੀ.ਏ. ਦੀ ਵਿੱਦਿਆ ਤੋਂ ਇਲਾਵਾ ਬੀ ਟੈੱਕ ਮਕੈਨੀਕਲ ਇੰਜੀਨੀਅਰ ਦਾ ਡਿਪਲੋਮਾ ਕੀਤਾ ਹੈ ਪਰ ਨੌਕਰੀ ਦੀ ਆਸ ਨਾ ਹੋਣ ਤੋਂ ਬਾਅਦ ਉਸ ਵੱਲੋਂ ਵਿਦੇਸ਼ ਜਾਣ ਦੀ ਬਜਾਏ ਆਪਣੇ ਪਿੰਡ ਆਪਣੀ ਜ਼ਮੀਨ ਵਿੱਚ ਖੁੰਭਾਂ ਦੀ ਖੇਤੀ ਸ਼ੁਰੂ ਕੀਤੀ ਹੋਈ ਹੈ। ਉਸ ਨੇ ਦੱਸਿਆ ਕਿ ਖੁੰਬਾਂ ਦੀ ਖੇਤੀ ਸਬੰਧੀ ਟਰੇਨਿੰਗ ਲੈਣ ਤੋਂ ਬਾਅਦ 60ਬਾਈ80 ਸਕੇਅਰ ਫੁੱਟ ਦੇ 3 ਸ਼ੈੱਡਾਂ ਦਾ ਨਿਰਮਾਣ ਕੀਤਾ ਹੈ ਅਤੇ ਅਕਤੂਬਰ ਦਸੰਬਰ ਵਿੱਚ ਖੁੰਬਾਂ ਦੀ ਖੇਤੀ ਸ਼ੁਰੂ ਕੀਤੀ ਗਈ ਸੀ। ਮਾਰਕੀਟ ਵਿੱਚ ਖੁੰਭਾਂ ਪ੍ਰਤੀ ਕਿੱਲੋ 80 ਇਸ ਤੋਂ 120 ਰੁਪਏ ਆਸਾਨੀ ਨਾਲ ਵਿਕ ਜਾਂਦੀਆਂ ਹਨ ਅਤੇ ਹੁਣ ਤੱਕ ਉਸ ਵੱਲੋਂ 2 ਲੱਖ ਰੁਪਏ ਦੇ ਕਰੀਬ ਖੁੰਬਾਂ ਦੀ ਵਿਕਰੀ ਕੀਤੀ ਜਾ ਚੁੱਕੀ ਹੈ।ਖੁੰਭਾਂ ਦੀ ਖੇਤੀ ਪ੍ਰਭਾਵਿਤ ਹੋਣ ਕਾਰਨ ਝਾੜ ਵਿੱਚ ਫਰਕ ਪਿਆ ਹੈ ਪਰ ਫੇਰ ਵੀ ਖੁੰਬਾਂ ਦੀ ਖੇਤੀ ਲਾਹੇਵੰਦ ਸਾਬਤ ਹੋਈ ਹੈ।ਇਸ ਦੇ ਨਾਲ ਹੀ ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿੱਚ ਲੱਖਾਂ ਰੁਪਏ ਖਰਚ ਕਰਕੇ ਜਾਣ ਦੀ ਬਜਾਏ ਆਪਣੀ ਮਾਂ ਧਰਤੀ ਤੇ ਹੀ ਰੋਜ਼ਗਾਰ ਦੇ ਵਸੀਲੇ ਪੈਦਾ ਕਰਨ।