25 ਕਿੱਲੇ ਜ਼ਮੀਨ ''ਤੇ ਮਾਲਕਾਨਾ ਹੱਕ ਜਤਾਉਣ ਪੁੱਜਿਆ ਫੌਜੀ ਪਰਿਵਾਰ

Saturday, May 05, 2018 - 01:43 AM (IST)

ਫਿਰੋਜ਼ਪੁਰ(ਮਲਹੋਤਰਾ)—ਝੋਕ ਹਰੀਹਰ ਪਿੰਡ ਦੀ 25 ਕਿੱਲੇ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਚੱਲੇ ਆ ਰਹੇ ਵਿਵਾਦ ਨੇ ਅੱਜ ਇਕ ਨਵਾਂ ਮੋੜ ਲੈ ਲਿਆ ਹੈ। ਪਿਛਲੇ ਚਾਰ ਮਹੀਨਿਆਂ ਤੋਂ ਡੀ. ਸੀ. ਦਫਤਰ ਦੇ ਬਾਹਰ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਧਰਨਾ ਲਾ ਕੇ ਬੈਠੇ ਝੋਕ ਹਰੀਹਰ ਦੇ ਕਿਸਾਨ ਮੰਗ ਕਰ ਰਹੇ ਹਨ ਕਿ ਇਸ ਜ਼ਮੀਨ 'ਤੇ ਪ੍ਰਸ਼ਾਸਨ ਨੇ ਸਿਆਸੀ ਦਬਾਅ ਕਾਰਨ ਧਾਰਾ 145 ਲਾ ਕੇ ਉਨ੍ਹਾਂ ਨੂੰ ਬੇਦਖਲ ਕਰ ਦਿੱਤਾ ਹੈ, ਜਦਕਿ ਉਸ ਜ਼ਮੀਨ 'ਤੇ ਉਹ ਪਿਛਲੇ ਲੰਬੇ ਸਮੇਂ ਤੋਂ ਕਾਸ਼ਤ ਕਰਦੇ ਆ ਰਹੇ ਹਨ ਤੇ ਇਸ ਪੂਰੇ ਮਾਮਲੇ ਵਿਚ ਉਨ੍ਹਾਂ ਦੇ ਪਰਿਵਾਰਾਂ ਦੀਆਂ ਕੁਝ ਔਰਤਾਂ ਵੀ ਉਨ੍ਹਾਂ ਦੇ ਨਾਲ ਧਰਨੇ 'ਤੇ ਬੈਠੀਆਂ ਹਨ ਪਰ ਅੱਜ ਕੋਟਕਪੂਰਾ ਤੋਂ ਆਏ ਇਕ ਫੌਜੀ ਪਰਿਵਾਰ ਦੇ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਝੋਕ ਹਰੀਹਰ ਦੀ ਜਿਸ ਜ਼ਮੀਨ ਨੂੰ ਲੈ ਕੇ ਕਿਸਾਨ ਯੂਨੀਅਨ ਨਾਲ ਮਿਲ ਕੇ ਜੋ ਕਿਸਾਨ ਧਰਨਾ ਦੇ ਰਹੇ ਹਨ, ਉਨ੍ਹਾਂ ਦਾ ਇਸ ਜ਼ਮੀਨ ਨਾਲ ਕੁਝ ਲੈਣਾ-ਦੇਣਾ ਨਹੀਂ ਹੈ ਤੇ ਉਹ 72 ਕਿੱਲੇ ਜ਼ਮੀਨ ਦੇ ਮਾਲਕ ਹਨ ਤੇ ਉਨ੍ਹਾਂ ਦੇ ਬਜ਼ੁਰਗਾਂ ਨੂੰ ਚਾਰ ਦਹਾਕੇ ਪਹਿਲਾਂ ਪਿੰਡ ਦੇ ਕੁਝ ਲੋਕਾਂ ਨੇ ਧੱਕੇ ਨਾਲ ਕੱਢ ਦਿੱਤਾ ਸੀ। ਲੰਬੇ ਸਮੇਂ ਤੱਕ ਉਹ ਉਥੋਂ ਹੀ ਜ਼ਮੀਨ ਦੀ ਦੇਖ-ਰੇਖ ਕਰਦੇ ਆ ਰਹੇ ਹਨ। ਅਮਰਜੀਤ ਕੌਰ, ਮਨਜੀਤ ਕੌਰ ਪੁੱਤਰੀਆਂ ਗੁਰਦਿਆਲ ਸਿੰਘ, ਅਮਰੀਕ ਸਿੰਘ, ਰੁਪਿੰਦਰ ਸ਼ਰਮਾ, ਸੰਦੀਪ ਕੁਮਾਰ ਪੁੱਤਰ ਗੁਰਦਿਆਲ ਸਿੰਘ ਨੇ 'ਜਗ ਬਾਣੀ' ਨੂੰ ਦੱਸਿਆ ਕਿ ਉਨ੍ਹਾਂ ਦੇ ਦਾਦਾ ਕਾਹਨ ਚੰਦ ਅਤੇ ਪੜਦਾਦਾ ਕਨ੍ਹਈਆ ਰਾਮ ਪਿੰਡ ਝੋਕ ਹਰੀਹਰ ਵਿਚ 72 ਕਿੱਲੇ ਜ਼ਮੀਨ ਦੇ ਮਾਲਕ ਸਨ। 1969 ਵਿਚ ਉਨ੍ਹਾਂ ਦੇ ਪਿਤਾ ਗੁਰਦਿਆਲ ਸਿੰਘ ਦੀ ਮੌਤ ਹੋ ਗਈ, ਉਦੋਂ ਉਹ ਬਿਲਕੁਲ ਛੋਟੇ-ਛੋਟੇ ਸਨ ਤੇ ਇਸ ਤੋਂ ਬਾਅਦ ਕੁਝ ਅਸਰ-ਰਸੂਖ ਵਾਲੇ ਲੋਕਾਂ ਨੇ ਉਨ੍ਹਾਂ ਦੇ ਦਾਦੇ ਕਾਹਨ ਚੰਦ ਨੂੰ ਡਰਾ-ਧਮਕਾ ਕੇ ਪਿੰਡ 'ਚੋਂ ਕੱਢ ਦਿੱਤਾ ਤੇ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ। ਫੌਜ ਤੋਂ ਰਿਟਾਇਰ ਹੋ ਕੇ ਆਏ ਗੁਰਦਿਆਲ ਸਿੰਘ ਦੇ ਪੁੱਤਰ ਸੰਦੀਪ ਕੁਮਾਰ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਪਟਵਾਰੀਆਂ, ਤਹਿਸੀਲਦਾਰਾਂ ਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲ ਧੱਕੇ ਖਾ ਰਹੇ ਹਨ ਪਰ ਉਨ੍ਹਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ। ਉਸ ਨੇ ਦੋਸ਼ ਲਾਇਆ ਕਿ ਕਿਸਾਨ ਯੂਨੀਅਨ ਵੱਲੋਂ ਜਿਨ੍ਹਾਂ ਲੋਕਾਂ ਨੂੰ ਨਾਲ ਲੈ ਕੇ ਇਸ ਜ਼ਮੀਨ 'ਤੇ ਆਪਣਾ ਹੱਕ ਜਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਦਾ ਇਸ ਜ਼ਮੀਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸਲੀ ਮਾਲਕ ਅਸੀਂ ਹਾਂ ਤੇ ਅਸੀਂ ਤਦ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ, ਜਦ ਤਕ ਸਾਨੂੰ ਸਾਡੀ ਜ਼ਮੀਨ ਦਾ ਕਬਜ਼ਾ ਨਹੀਂ ਮਿਲ ਜਾਂਦਾ। ਅਮਰਜੀਤ ਕੌਰ ਨੇ ਕਿਹਾ ਕਿ ਅਸੀਂ ਫੌਜੀ ਪਰਿਵਾਰ ਤੋਂ ਹਾਂ, 72 ਕਿੱਲਿਆਂ ਦੇ ਮਾਲਕ ਹੋਣ ਦੇ ਬਾਵਜੂਦ ਅਸੀਂ ਦਿਹਾੜੀਆਂ ਕਰ ਰਹੇ ਹਾਂ। ਅਸੀਂ ਕਾਂਗਰਸ ਦੇ ਸੱਚੇ ਸਿਪਾਹੀ ਹਾਂ, ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਨਿਆਂ ਦੁਆਇਆ ਜਾਵੇ। ਉਨ੍ਹਾਂ ਕਿਹਾ ਕਿ ਜੋ ਲੋਕ ਹੁਣ ਧਰਨਾ ਲਾ ਰਹੇ ਹਨ, ਉਹ ਜ਼ਮੀਨ ਦੇ ਹੱਕਦਾਰ ਨਹੀਂ ਹਨ ਤੇ ਇਹ ਜ਼ਮੀਨ ਕਨ੍ਹਈਆ ਰਾਮ, ਕਾਹਨ ਚੰਦ, ਗੁਰਦਿਆਲ ਸਿੰਘ ਦੇ ਨਾਂ 'ਤੇ ਹੈ। ਆਪਣਾ ਹੱਕ ਲੈਣ ਲਈ ਅਸੀਂ ਅਦਾਲਤ ਜਾਵਾਂਗੇ ਤੇ ਧਰਨੇ 'ਤੇ ਬੈਠਾਂਗੇ। 


Related News