ਕਿਸਾਨ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

02/04/2018 6:57:31 AM

ਸੁਲਤਾਨਪੁਰ ਲੋਧੀ, (ਧੀਰ)- ਮੋਦੀ ਸਰਕਾਰ ਵਲੋਂ ਆਪਣੇ ਪੇਸ਼ ਕੀਤੇ ਆਖਰੀ ਬਜਟ 'ਚ ਵੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਮੁੱਲ ਸਵਾਮੀਨਾਥਨ ਰਿਪੋਰਟ ਰਾਹੀਂ ਲਾਗੂ ਨਾ ਕਰਨ 'ਤੇ ਕਿਸਾਨਾਂ ਦੇ ਸਿਰ ਚੜ੍ਹੇ ਕਰਜ਼ੇ ਦੀ ਪੰਡ ਨੂੰ ਵੀ ਨਾ ਮੁਆਫ ਕਰਨ ਤੇ ਵਾਅਦਾ ਖਿਲਾਫੀ ਦੇ ਰੋਸ ਵਜੋਂ ਅੱਜ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਪ੍ਰਮੁੱਖ ਪਰਮਜੀਤ ਸਿੰਘ ਬਾਊਪੁਰ ਦੀ ਅਗਵਾਈ ਹੇਠ ਟਾਪੂਨੁਮਾ ਮੰਡ ਖੇਤਰ ਦੇ ਪਲਟੂਨ ਬ੍ਰਿਜ ਤੇ ਮੋਦੀ ਸਰਕਾਰ ਦੇ ਖਿਲਾਫ ਜਮਕੇ ਨਾਅਰੇਬਾਜ਼ੀ ਕਰਦਿਆਂ ਰੋਸ ਜ਼ਾਹਿਰ ਕੀਤਾ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਮੌਜੂਦਾ ਤੇ ਆਖਰੀ ਬਜਟ ਫਿਰ ਤੋਂ ਕਿਸੇ ਜੁਮਲੇ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ 11 ਲੱਖ ਕਰੋੜ ਕਰਜ਼ਾ ਦੇਣ ਦਾ ਜੋ ਐਲਾਨ ਕੀਤਾ ਗਿਆ ਹੈ ਅਜਿਹਾ ਕਰਜ਼ਾ ਦੇਣ ਨਾਲੋਂ ਤਾਂ ਪਹਿਲਾਂ ਕਰਜ਼ੇ ਹੇਠ ਡੁੱਬੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਤਾਂ ਜੋ ਆਏ ਦਿਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਉਸ 'ਤੇ ਠੱਲ ਪੈ ਸਕੇ। ਅੱਜ ਕਿਸਾਨੀ ਕਰਜ਼ਾ ਮੁਆਫੀ ਦੀ ਲੋੜ ਸੀ ਨਾ ਕਿ ਕਰਜ਼ਾ ਦੇਣ ਲਈ ਰੱਖੇ ਗਏ ਬਜਟ ਨੂੰ ਵਧਾਉਣ ਦੀ। ਕੇਂਦਰ ਸਰਕਾਰ ਵੀ ਕੈਪਟਨ ਸਰਕਾਰ ਦੀ ਤਰ੍ਹਾਂ ਜੇ ਕਿਸਾਨਾਂ ਦੇ ਕਰਜ਼ੇ ਨੂੰ ਮੁਆਫ ਕਰਨ 'ਚ ਯੋਗਦਾਨ ਪਾਉਂਦੀ ਤਾਂ ਕਿਸਾਨਾਂ ਨੂੰ ਕਾਫੀ ਰਾਹਤ ਮਿਲਣ ਦੀ ਸੰਭਾਵਨਾ ਸੀ। ਇਸ ਮੌਕੇ ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਹੀ ਕਿਸਾਨੀ ਦਾ ਘਾਣ ਕੀਤਾ ਹੈ। 
ਵੋਟਾਂ ਵਲੋਂ ਸਿਰਫ ਸਿਆਸੀ ਲੀਡਰ ਕਿਸਾਨਾਂ ਦਾ ਵੋਟ ਬੈਂਕ ਬਟੋਰਨ ਲਈ ਦੇਸ਼ ਦਾ ਅੰਨਦਾਤਾ ਕਹਿ ਕੇ ਵਡਿਆਈ ਕਰਦੇ ਹਨ ਪਰ ਪਿੱਛੋਂ ਨਿੱਤ ਰੋਜ਼ ਮਰ ਰਹੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੋਈ ਬਾਤ ਨਹੀਂ ਪੁੱਛਦਾ। ਬਜਟ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਭਾਅ ਡਾ. ਸਵਾਮੀਨਾਥਾਨ ਦੀ ਰਿਪੋਰਟ ਅਨੁਸਾਰ ਦਿੱਤੇ ਜਾਂਦੇ, ਡੀਜ਼ਲ ਖੇਤੀ ਧੰਦੇ ਲਈ ਸਸਤਾ ਕੀਤਾ ਜਾਂਦਾ, ਕੀਟਨਾਸ਼ਕ ਦਵਾਈਆਂ, ਖਾਦਾਂ ਬੀਜਾਂ ਤੇ ਖੇਤੀ ਸੰਦਾਂ ਉੱਪਰ ਸਬਸਿਡੀ ਦਿੱਤੀ  ਜਾਣੀ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਇਸ ਲਈ ਕੇਂਦਰ ਸਰਕਾਰ ਦਾ ਇਹ ਬਜਟ ਵੀ ਕਿਸਾਨਾਂ ਨੂੰ ਮਦਦ ਦੇਣ ਤੋਂ ਅਸਫਲ ਸਿੱਧ ਹੋਇਆ ਹੈ। ਇਸ ਮੌਕੇ ਪਰਮਜੀਤ ਸਿੰਘ ਬਾਊਪੁਰ ਤੋਂ ਇਲਾਵਾ, ਕੁਲਦੀਪ ਸਿੰਘ ਸਾਂਗਰਾ, ਸਰਵਣ ਸਿੰਘ ਬਾਊਪੁਰ, ਬਲਜੀਤ ਸਿੰਘ ਰਾਮਪੁਰ ਗੋਰੇ, ਅਜੀਤ ਸਿੰਘ ਬਾਊਪੁਰ ਕਦੀਮ, ਰਣਜੀਤ ਸਿੰਘ, ਸ਼ਾਮ ਸਿੰਘ, ਜਗਜੀਤ ਸਿੰਘ ਸਾਂਗਰਾ, ਗੁਰਮੇਜ ਸਿੰਘ, ਕੁਲਵੰਤ ਸਿੰਘ ਭੈਣੀ, ਗੁਰਮੇਜ ਸਿੰਘ, ਬਾਜਦੀਨ ਮੰਡ ਹੁਸੈਨ ਪੁਰਬੂਲੇ ਆਦਿ ਵੀ ਹਾਜ਼ਰ ਸਨ।


Related News