ਸਰਕਾਰ ਦੇ ਭਰੋਸੇ ''ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਜੇਲ ਭਰੋ ਅੰਦੋਲਨ ਮੁਲਤਵੀ
Tuesday, Apr 02, 2019 - 10:15 AM (IST)
ਚੰਡੀਗੜ੍ਹ/ਅੰਮ੍ਰਿਤਸਰ (ਭੁੱਲਰ, ਦਲਜੀਤ) - ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਪੰਜਾਬ ਦੇ ਆਗੂਆਂ ਨਾਲ ਪੰਜਾਬ ਸਰਕਾਰ ਦੀ ਬੀਤੀ ਦੇਰ ਰਾਤ ਹੋਈ ਲੰਬੀ ਗੱਲਬਾਤ ਤੋਂ ਬਾਅਦ ਮੰਗਾਂ ਬਾਰੇ ਲਿਖਤੀ ਭਰੋਸਾ ਮਿਲਣ ਬਾਅਦ ਹੋਏ ਸਮਝੌਤੇ ਤਹਿਤ ਜੇਲ ਭਰੋ ਅਤੇ ਰੇਲ ਰੋਕੋ ਅੰਦੋਲਨ ਮੁਲਤਵੀ ਕਰ ਦਿੱਤਾ ਹੈ। ਦੱਸ ਦੇਈਏ ਕਿ ਕਮੇਟੀ ਵਲੋਂ ਮੁੱਖ ਰੇਲ ਮਾਰਗ ਜਾਮ ਕੀਤੇ ਜਾਣ ਦੀ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਸਰਕਾਰ ਹਰਕਤ 'ਚ ਆ ਗਈ ਅਤੇ ਮੁੱਖ ਸਕੱਤਰ ਵਲੋਂ ਅੰਦੋਲਨ ਨਾਲ ਸਬੰਧਤ ਜ਼ਿਲਾ ਅਧਿਕਾਰੀਆਂ ਨੂੰ ਗੱਲਬਾਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ। ਮੁੱਖ ਸਕੱਤਰ ਨੇ ਖੁਦ ਵੀ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੰਘਰਸ਼ ਕਮੇਟੀ ਦੀਆਂ ਮੰਗਾਂ ਸਬੰਧੀ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਫੈਸਲੇ ਲੈਣ ਤੋਂ ਬਾਅਦ ਕਮੇਟੀ ਦੇ ਆਗੂਆਂ ਨੂੰ ਇਕ ਲਿਖਤੀ ਪੱਤਰ ਦੇ ਕੇ ਮਾਮਲਿਆਂ ਦੇ ਨਿਪਟਾਰੇ ਬਾਰੇ ਜਾਣਕਾਰੀ ਦਿੱਤੀ। ਇਸੇ ਦੌਰਾਨ ਤੀਜੇ ਦਿਨ ਜੇਲ ਭਰੋ ਐਕਸ਼ਨ ਦੇ ਤਹਿਤ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਜਲੰਧਰ ਅਤੇ ਗੁਰਦਾਸਪੁਰ ਦੇ ਡੀ. ਸੀ. ਦਫ਼ਤਰਾਂ ਅੱਗੇ ਰੋਸ ਮੁਜ਼ਾਹਰੇ ਕੀਤੇ ਗਏ।
ਪੰਜਾਬ ਸਰਕਾਰ ਵਲੋਂ 14 ਮੰਗਾਂ ਬਾਰੇ ਦਿੱਤੇ ਗਏ ਭਰੋਸੇ ਸਬੰਧੀ ਮੁੱਖ ਸਕੱਤਰ ਵਲੋਂ ਜਾਰੀ ਪੱਤਰ ਆਈ.ਜੀ. ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਲੋਂ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਅੰਮ੍ਰਿਤਸਰ ਵਿਖੇ ਖੁਦ ਸੌਂਪਿਆ ਗਿਆ। ਇਸ ਪੱਤਰ 'ਚ ਮਿਲੇ ਭਰੋਸੇ ਤੋਂ ਬਾਅਦ ਕਮੇਟੀ ਵਲੋਂ ਆਪਣਾ ਅੰਦੋਲਨ ਮੁਲਤਵੀ ਕੀਤਾ ਗਿਆ। ਅੰਦੋਲਨ ਮੁਲਤਵੀ ਕਰਨ ਤੋਂ ਬਾਅਦ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਿਸਾਨ ਆਗੂਆਂ ਨਾਲ ਕੀਤੇ ਲਿਖਤੀ ਸਮਝੌਤੇ ਅਨੁਸਾਰ ਗੰਨਾ ਕਾਸ਼ਤਕਾਰਾਂ ਦਾ ਪਿਛਲਾ 100 ਕਰੋੜ ਦਾ ਬਕਾਇਆ ਜਾਰੀ ਕਰ ਦਿੱਤਾ ਗਿਆ ਹੈ ਤੇ ਬਾਕੀ ਰਹਿੰਦਾ 71 ਕਰੋੜ ਰੁਪਏ 4 ਅਪ੍ਰੈਲ ਤੱਕ ਜਾਰੀ ਕਰ ਦਿੱਤਾ ਜਾਵੇਗਾ ਤੇ 14 ਦਿਨਾਂ ਬਾਅਦ 15 ਫੀਸਦੀ ਵਿਆਜ ਦੇਣ ਦਾ ਕੇਸ ਹਾਈਕੋਰਟ ਵਿਚ ਚੱਲ ਰਿਹਾ ਹੈ, ਜੋ ਵੀ ਫੈਸਲਾ ਹੋਵੇਗਾ, ਨੂੰ ਪੰਜਾਬ ਸਰਕਾਰ ਮੰਨ ਕੇ ਬਣਦਾ ਵਿਆਜ ਗੰਨਾ ਕਿਸਾਨਾਂ ਨੂੰ ਦੇਵੇਗੀ। ਇਸੇ ਤਰ੍ਹਾ ਬਾਕੀ ਮੰਗਾਂ ਦਾ ਵੀ ਨਿਪਟਾਰਾ ਛੇਤੀ ਕਰਨ ਦਾ ਭਰੋਸਾ ਦਿੱਤਾ ਗਿਆ।