ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ, ਡੀ. ਸੀ. ਦਫ਼ਤਰਾਂ ਮੂਹਰੇ ਦਿਨ-ਰਾਤ ਲਾਉਣਗੇ ਧਰਨੇ

Friday, Aug 27, 2021 - 05:19 PM (IST)

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ, ਡੀ. ਸੀ. ਦਫ਼ਤਰਾਂ ਮੂਹਰੇ ਦਿਨ-ਰਾਤ ਲਾਉਣਗੇ ਧਰਨੇ

ਸੁਲਤਾਨਪੁਰ ਲੋਧੀ (ਸੋਢੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸੂਬਾ ਖ਼ਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਦੀ ਅਗਵਾਈ ਵਿਚ ਹੋਈ, ਜਿਸ ਵਿੱਚ ਜਿੱਥੇ ਦਿੱਲੀ ''ਚ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਹੋਰ ਤੇਜ਼ ਕਰਨ ਸਬੰਧੀ ਲਾਮਬੰਦੀ ਕਰਨ ਵਾਸਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਉੱਥੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਤੋਂ ਜਨਤਾ ਨਾਲ ਕੀਤੇ ਗਏ ਵਾਅਦਿਆਂ ਦਾ ਹਿਸਾਬ ਲੈਣ ਦਾ ਵੀ ਸਰਬ ਸੰਮਤੀ ਨਾਲ ਫ਼ੈਸਲਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਕਿਹਾ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਯੋਗ ਅਗਵਾਈ ਹੇਠ ਆਉਣ ਵਾਲੇ ਦਿਨਾਂ 'ਚ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਚੋਣਾਂ 'ਚ ਜਨਤਾ ਨਾਲ ਕੀਤੇ ਵਾਅਦੇ ਪੂਰਾ ਨਾ ਕਰਨ ਕਰਕੇ ਡੀ. ਸੀ ਦਫ਼ਤਰਾਂ ਅੱਗੇ 28 ਸਤੰਬਰ ਤੋਂ 30 ਸਤੰਬਰ ਤੱਕ ਰੋਸ ਧਰਨੇ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸੁਖਬੀਰ ਨੇ ਬਾਘਾਪੁਰਾਣਾ ਤੋਂ ਤੀਰਥ ਸਿੰਘ ਮਾਹਲਾ ਨੂੰ ਐਲਾਨਿਆ ਉਮੀਦਵਾਰ

ਉਨ੍ਹਾਂ ਦੱਸਿਆ ਕਿ ਸਰਵ ਸੰਮਤੀ ਨਾਲ ਪਾਸ ਕੀਤੇ ਗਏ ਇਸ ਮਤੇ ''ਚ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਮੋਰਚੇ ਲਗਾਏ ਜਾਣਗੇ ਅਤੇ ਕਾਂਗਰਸ ਦੀ ਸਰਕਾਰ ਨੂੰ ਜੋ ਵਾਅਦੇ ਸਾਢੇ 4 ਸਾਲ ਪਹਿਲਾਂ ਜਨਤਾ ਨਾਲ ਕੀਤੇ ਸਨ, ਉਹ ਯਾਦ ਕਰਵਾਏ ਜਾਣਗੇ। ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2017 'ਚ ਕੈਪਟਨ ਅਮਰਿੰਦਰ ਸਿੰਘ ਨੇ ਗੁਰਬਾਣੀ ਦਾ ਪਾਵਨ ਗੁਟਕਾ ਸਾਹਿਬ ਹੱਥ 'ਚ ਫੜ ਕੇ ਜਿਹੜੇ ਵੱਡੇ ਵੱਡੇ ਝੂਠੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਮੁਹਰੇ 28, 29, 30 ਸਤੰਬਰ ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਮੋਰਚੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦਿਨ ਅਤੇ ਰਾਤ ਚੱਲਣ ਵਾਲੇ ਇਨ੍ਹਾਂ ਧਰਨਿਆਂ 'ਚ ਕਿਸਾਨਾਂ-ਮਜ਼ਦੂਰਾਂ ਦਾ ਹਰ ਤਰ੍ਹਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ, ਹਰ ਘਰ ਨੌਕਰੀ ਦੇਣ, ਲੋੜਵੰਦਾਂ ਨੂੰ 5-5 ਮਰਲੇ ਦੇ ਪਲਾਟ ਦੇਣ ਅਤੇ ਘਰ ਬਣਾਉਣ ਲਈ ਗਰਾਂਟ ਦੇਣ, ਵਿਧਵਾ ਪੈਨਸ਼ਨ 2000, ਬੁਢਾਪਾ ਅਤੇ ਅੰਗਹੀਣ ਪੈਨਸ਼ਨ ਦੁੱਗਣੀ ਕਰਕੇ ਦੇਣ, ਬੇਰੁਜ਼ਗਾਰਾਂ ਨੂੰ ਨੌਕਰੀ ਨਾ ਮਿਲਣ ਤੱਕ ਬੇਰੋਜ਼ਗਾਰੀ ਭੱਤਾ ਦੇਣ, ਸਮਾਰਟ ਫ਼ੋਨ ਸਮੇਤ ਅਨੇਕਾਂ ਹੋਰ ਜੋ ਲੋਕ ਭਲਾਈ ਦੇ ਵੱਡੇ ਵੱਡੇ ਵਾਅਦੇ ਕੀਤੇ ਸਨ, ਸਾਰੇ ਵਾਅਦੇ ਪੂਰੇ ਕਰਨ ਲਈ ਸੂਬਾ ਸਰਕਾਰ ਨੂੰ ਘੇਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਾਂ ਪਾ ਕੇ ਸਰਕਾਰ ਬਣਾਉਣ ਵਾਲੀ ਸੂਬੇ ਦੀ ਜਨਤਾ ਨੂੰ ਪੂਰਾ ਹੱਕ ਹੈ ਕਿ ਸਰਕਾਰ ਵੱਲੋਂ ਕੀਤੇ ਵਾਅਦਿਆਂ ਦਾ ਹਿਸਾਬ ਲਵੇ ।

ਇਹ ਵੀ ਪੜ੍ਹੋ: ਜਲੰਧਰ: ਰੱਖੜੀ ਵਾਲੇ ਦਿਨ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

ਬਾਊਪੁਰ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਕਿਸੇ ਵਾਅਦੇ ਤੇ ਪੂਰੀ ਨਹੀਂ ਉੱਤਰੀ। ਸਗੋਂ ਪੰਜਾਬ ''ਚ ਨਸ਼ੇ ਦੇ ਸੌਦਾਗਰਾਂ,ਰੇਤ ਮਾਫ਼ੀਆ, ਬਜਰੀ ਮਾਫ਼ੀਆ ਨੂੰ ਅੰਨੀਂ ਲੁੱਟ ਕਰਨ ਦੀ ਸਰਕਾਰ ਨੇ ਖੁੱਲ੍ਹ ਦਿੱਤੀ ਹੋਈ ਹੈ, ਜੋ ਸੂਬੇ ਦੀ ਜਨਤਾ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਦਿਨ ਦਿਹਾੜੇ ਕਤਲੇਆਮ, ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਆਮ ਲੋਕਾਂ ਦਾ ਜਿਉਣਾ ਦੁੱਭਰ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਰਾਹੀਂ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਭਰ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਵਾਉਣ ਲਈ ਕੈਪਟਨ ਸਰਕਾਰ ਕਿਸਾਨਾਂ-ਮਜ਼ਦੂਰਾਂ ਦੇ ਉਲਟ ਮੋਦੀ ਸਰਕਾਰ ਦੇ ਹੱਕ ਵਿੱਚ ਭੁਗਤਦਿਆਂ ਮਾਰਕੀਟ ਕਮੇਟੀਆਂ ਅਤੇ ਆੜ੍ਹਤੀਆਂ ਰਾਹੀਂ ਜ਼ਮੀਨਾਂ ਦੀਆਂ ਫਰਦਾਂ ਜਬਰਨ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਾਈਵੇਟ ਪੜ੍ਹਾਈ ਦੇ ਅਦਾਰਿਆਂ ਨਾਲ ਗਾਂਠ ਸਾਂਠ ਕਰਕੇ ਫੀਸਾਂ ਦਾਖ਼ਲੇ ਅਤੇ ਐਨੂਅਲ ਖ਼ਰਚੇ ਭਰਵਾ ਦਿੱਤੇ ਹਨ ਪਰ ਫਿਰ ਵੀ ਸਕੂਲ ਅੱਧੇ ਅਧੂਰੇ ਖੁੱਲ੍ਹ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਦਰਿਆ ਬਿਆਸ ਅਤੇ ਹੋਰ ਦਰਿਆ ਅਤੇ ਭਾਰੀ ਬਾਰਸ਼ਾਂ ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਭਾਰੀ ਨੁਕਸਾਨ ਦਾ ਸੂਬਾ ਸਰਕਾਰ ਵੱਜੋਂ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ: ਬੇਰੁਜ਼ਗਾਰ ਨੌਜਵਾਨਾਂ ਲਈ ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਸ਼ੁਰੂ ਹੋਵੇਗੀ ਇਹ ਨਵੀਂ ਸਕੀਮ

ਸੂਬਾਈ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਸਰਕਾਰ ਵੱਲੋਂ ਜਨਤਾ ਨਾਲ ਕੀਤੇ ਗਏ ਵਾਅਦਿਆਂ ਦਾ ਹਿਸਾਬ ਲਿਆ ਜਾਵੇ, ਜਿਸ ਵਿੱਚ ਬਿਜਲੀ ਸਮਝੌਤੇ ਰੱਦ ਕਰਨ ਦਾ ਵਾਅਦਾ, ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦਾ ਵਾਅਦਾ ,ਸਮੁੱਚੇ ਕਰਜ਼ੇ ਨੂੰ ਮੁਆਫ਼ ਕਰਨ ਦਾ ਵਾਅਦਾ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਆਦਿ ਹੋਰ ਬਾਰੇ ਕੀਤੀ ਵਾਅਦਾ ਖਿਲਾਫੀ ਦਾ ਹਿਸਾਬ ਪੰਜਾਬ ਦੇ ਸਾਰਿਆਂ ਜਿਲਿਆਂ ਦੇ ਡੀ.ਸੀ.ਦਫਤਰਾ ਅੱਗੇ ਧਰਨੇ ਦੇ ਕੇ ਮੰਗਿਆ ਜਾਵੇਗਾ। ਇਸ ਸਮੇਂ ਮੀਟਿੰਗ ''ਚ ਜਿਲ੍ਹਾ ਸਕੱਤਰ ਸੁੱਖਪ੍ਰੀਤ ਸਿੰਘ ਪੱਸਨ ,ਸੀਨੀਅਰ ਮੀਤ ਪ੍ਰਧਾਨ ਸ਼ੇਰ ਸਿੰਘ ਮਹੀਵਾਲ, ਮੀਤ ਪ੍ਰਧਾਨ ਪਰਮਜੀਤ ਸਿੰਘ ,ਸੀਨੀਅਰ ਮੀਤ ਪ੍ਰਧਾਨ ਜਗਮੋਹਨਦੀਪ ਸਿੰਘ ,ਦਿਲਪ੍ਰੀਤ ਸਿੰਘ ਪ੍ਰਚਾਰ ਸਕੱਤਰ , ਸਕੱਤਰ ਪੁਸ਼ਪਿੰਦਰ ਸਿੰਘ ਮੋਮੀ , ਤਰਸੇਮ ਵਿੱਕੀ ਜੈਨਪੁਰ ਪ੍ਰੈੱਸ ਸਕੱਤਰ,ਮਨਜੀਤ ਸਿੰਘ ਖੀਰਾਂਵਾਲੀ ਮੀਤ ਪ੍ਰੈੱਸ ਸਕੱਤਰ ਤੋਂ ਇਲਾਵਾ ਜੋਨ ਨਡਾਲੇ ਤੋਂ ਪ੍ਰਧਾਨ ਨਿਸ਼ਾਨ ਸਿੰਘ ਇਬਰਾਹੀਮਵਾਲ ,ਨਿਰਮਲ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਜੀਤ ਸਿੰਘ ਸਕੱਤਰ, ਮੁਖਤਿਆਰ ਸਿੰਘ ,ਹਰਵਿੰਦਰ ਸਿੰਘ ਜੋਨ ਮੀਰੀ ਪੀਰੀ ,ਹਰਵਿੰਦਰ ਸਿੰਘ ਆਦਿ ਮੈਂਬਰ ਹਾਜ਼ਰ ਸਨ ।

ਇਹ ਵੀ ਪੜ੍ਹੋ: ਜਲੰਧਰ: ਘਰ 'ਚ ਦਾਖ਼ਲ ਹੋ ਕੇ 16 ਸਾਲਾ ਕੁੜੀ ਦੀ ਰੋਲ੍ਹ ਦਿੱਤੀ ਪੱਤ, ਇੰਝ ਸਾਹਮਣੇ ਆਇਆ ਸੱਚ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News