ਕਿਸਾਨਾਂ ਦੀ ਦੀਵਾਲੀ ਮੰਡੀਆਂ ''ਚ ਫਸਲ ਦੀ ਰਾਖੀ ਕਰਦਿਆਂ ਲੰਘੀ : ਬਾਜਵਾ

Friday, Nov 08, 2024 - 05:54 PM (IST)

ਕਿਸਾਨਾਂ ਦੀ ਦੀਵਾਲੀ ਮੰਡੀਆਂ ''ਚ ਫਸਲ ਦੀ ਰਾਖੀ ਕਰਦਿਆਂ ਲੰਘੀ : ਬਾਜਵਾ

ਭਵਾਨੀਗੜ੍ਹ (ਵਿਕਾਸ ਮਿੱਤਲ) : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸ਼ੁੱਕਰਵਾਰ ਸ਼ਾਮ ਭਵਾਨੀਗੜ੍ਹ ਦੇ ਪਿੰਡ ਨਦਾਮਪੁਰ ਵਿਖੇ ਵਿਸ਼ੇਸ਼ ਰੂਪ ਵਿਚ ਪੁੱਜੇ। ਜਿੱਥੇ ਉਨ੍ਹਾਂ ਨੇ ਪਿਛਲੇ ਦਿਨੀਂ ਖੁਦਕੁਸ਼ੀ ਕਰਨ ਵਾਲੇ ਕਿਸਾਨ ਜਸਵਿੰਦਰ ਸਿੰਘ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਤਾਪ ਬਾਜਵਾ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਦੇ ਹੋਏ ਆਖਿਆ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਨਹੀਂ ਖਰੀਦੀ ਜਾ ਰਹੀ ਜਿਸ ਕਾਰਨ ਕਿਸਾਨ ਮੰਡੀਆਂ ਵਿਚ ਰੁੱਲ ਰਿਹਾ ਹੈ। ਕਿਸਾਨਾਂ ਦੇ ਤਿਉਹਾਰ ਵੀ ਦਿਨ ਰਾਤ ਮੰਡੀਆਂ ਵਿਚ ਸੁੱਟੀ ਆਪਣੀ ਫਸਲ ਦੀ ਰਾਖੀ ਕਰਦਿਆਂ ਹੀ ਲੰਘੇ ਹਨ ਤੇ ਨਦਾਮਪੁਰ ਦੇ ਉਕਤ ਕਿਸਾਨ ਨੇ ਵੀ ਇਸੇ ਪ੍ਰੇਸ਼ਾਨੀ  ਦੇ ਚੱਲਦਿਆਂ ਖੁਦਕੁਸ਼ੀ ਵਰਗਾ ਵੱਡਾ ਤੇ ਖੌਫਨਾਕ ਕਦਮ ਚੁੱਕਿਆ। 

ਬਾਜਵਾ ਨੇ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨ ਤੇ ਉਨ੍ਹਾਂ ਦੀ ਫਸਲ ਨੂੰ ਮੰਡੀਆਂ ਵਿਚ ਰੁਲਣ ਨਹੀਂ ਦਿੱਤਾ ਜਾਵੇਗਾ ਅਤੇ ਬਿਨ੍ਹਾਂ ਪ੍ਰੇਸ਼ਾਨੀ ਤੋਂ ਕਿਸਾਨਾਂ ਨੂੰ ਵੇਚੀ ਫਸਲ ਦੇ ਪੈਸੇ ਸਰਕਾਰ ਉਨ੍ਹਾਂ ਦੇ ਖਾਤਿਆਂ 'ਚ ਪਾਵੇਗੀ ਪਰ ਅਸਲ ਸੱਚਾਈ ਕੋਹਾਂ ਦੂਰ ਹੈ ਅਤੇ ਕਿਸਾਨਾਂ ਨੂੰ ਕਈ-ਕਈ ਦਿਨ ਮੰਡੀਆਂ 'ਚ ਬੈਠਣਾ ਪੈ ਰਿਹਾ ਹੈ। ਇਸ ਦੌਰਾਨ ਬਾਜਵਾ ਨੇ ਕਿਸਾਨਾਂ ਨੂੰ ਡੀਏਪੀ ਖਾਦ ਦੀ ਪੇਸ਼ ਆ ਰਹੀ ਕਿੱਲਤ 'ਤੇ ਵੀ ਚਿੰਤਾ ਜ਼ਾਹਿਰ ਕੀਤੀ। ਇਸ ਦੌਰਾਨ ਬਾਜਵਾ ਨੇ ਮ੍ਰਿਤਕ ਕਿਸਾਨ ਜਸਵਿੰਦਰ ਸਿੰਘ ਦੇ ਪਰਿਵਾਰ ਨੂੰ ਆਪਣੀ ਤਰਫ਼ੋਂ ਗੁਪਤ ਤੌਰ 'ਤੇ ਸਹਾਇਤਾ ਰਾਸ਼ੀ ਉਨ੍ਹਾਂ ਦੇ ਖਾਤੇ ਵਿਚ ਪਾਉਣ ਦਾ ਵੀ ਐਲਾਨ ਕੀਤਾ ਅਤੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਕੋਲੋਂ ਵੀ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ।


author

Gurminder Singh

Content Editor

Related News