ਕਿਰਤੀ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਦਿੱਤਾ ਧਰਨਾ

Tuesday, Mar 06, 2018 - 07:23 AM (IST)

ਕਿਰਤੀ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਦਿੱਤਾ ਧਰਨਾ

ਤਰਨਤਾਰਨ,  (ਰਾਜੂ,ਆਹਲੂਵਾਲੀਆ) -  ਸੈਂਟਰ ਆਫ ਟਰੇਡ ਯੂਨੀਅਨ (ਸੀ. ਟੀ. ਯੂ.) ਪੰਜਾਬ ਦੇ ਸੱਦੇ 'ਤੇ ਅੱਜ ਕਿਰਤੀ ਮਜ਼ਦੂਰਾਂ ਨੇ ਜ਼ਿਲਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਅਤੇ ਪੰਜਾਬ ਦੇ ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜਿਆ।  ਇਸ ਦੀ ਅਗਵਾਈ ਧਰਮ ਸਿੰਘ ਪੱਟੀ, ਇੰਦਰਜੀਤ ਸਿੰਘ ਵੇਈਂਪੁਈਂ, ਦਿਲਬਾਗ ਸਿੰਘ ਰਾਜੋਕੇ, ਕਰਤਾਰ ਸਿੰਘ ਪੱਖੋਕੇ ਨੇ ਕੀਤੀ। ਇਸ ਮੌਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬ 'ਚ ਕੰਮ ਕਰਦੇ ਸਨਅਤੀ ਮਜ਼ਦੂਰਾਂ ਦੀਆਂ ਵੱਖ-ਵੱਖ ਕੈਟਾਗਰੀਆਂ ਦੀਆਂ ਉਜਰਤਾਂ 'ਚ ਵਾਧਾ ਕੀਤਾ ਜਾਵੇ। ਇਸ ਲਈ ਉਨ੍ਹਾਂ ਦੀਆਂ ਉਜਰਤਾਂ ਅਣ-ਸਿੱਖਿਅਤ ਮਜ਼ਦੂਰਾਂ ਲਈ ਘੱਟੋ-ਘੱਟ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੇ ਸਿੱਖਿਅਤ ਕਾਮਿਆਂ ਲਈ 20.30.50 ਦੇ ਅਨੁਪਾਤ ਅਨੁਸਾਰ ਤਰਤੀਬਵਾਰ ਵਾਧਾ ਕੀਤਾ ਜਾਵੇ। ਗੈਰ-ਜਥੇਬੰਦ ਮਜ਼ਦੂਰਾਂ ਲਈ ਬਣਿਆ ਕਾਨੂੰਨ 2008 ਤੇ ਪੰਜਾਬ ਰੂਲਜ਼ 2012 ਵੈੱਲਫੇਅਰ ਬੋਰਡ ਦਾ ਗਠਨ ਕਰ ਕੇ ਉਨ੍ਹਾਂ ਨੂੰ ਸਹੂਲਤਾਂ ਦੇਣ ਦਾ ਫੌਰੀ ਉਪਰਾਲਾ ਕੀਤਾ ਜਾਵੇ।
 ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਬਠਿੰਡਾ ਅਤੇ ਰੋਪੜ ਥਰਮਲ ਪਲਾਂਟ ਨੂੰ ਤੁਰੰਤ ਚਾਲੂ ਕੀਤਾ ਜਾਵੇ ਤੇ ਕੱਚੇ ਕਾਮਿਆਂ ਨੂੰ ਬਹਾਲ ਕੀਤਾ ਜਾਵੇ, ਸਿੱਖਿਆ, ਸਿਹਤ ਅਤੇ ਹੋਰ ਪਬਲਿਕ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਅਤੇ ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮਿਆਂ 'ਚ ਲੱਖਾਂ ਪਈਆਂ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ। ਮਗਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਤੇ ਦਿਹਾੜੀ ਘੱਟੋ-ਘੱਟ 600 ਰੁਪਏ ਨਿਸ਼ਚਿਤ ਕੀਤੀ ਜਾਵੇ, ਭੱਠਿਆਂ 'ਤੇ ਕੰਮ ਕਰਦੀਆਂ ਸਾਰੀਆਂ ਕੈਟਾਗਰੀਆਂ ਦੇ ਮਜ਼ਦੂਰਾਂ ਨੂੰ ਉਸਾਰੀ ਕਾਨੂੰਨ 1996 ਤਹਿਤ ਭੱਠਿਆਂ 'ਤੇ ਕੈਂਪ ਲਾ ਕੇ ਰਜਿਸਟ੍ਰੇਸ਼ਨ ਕੀਤੀ ਜਾਵੇ ਤੇ ਸਾਰੀਆਂ ਸਹੂਲਤਾਂ ਦਾ ਮਿਲਣਾ ਯਕੀਨੀ ਬਣਾਇਆ ਜਾਵੇ।  ਇਸ ਮੌਕੇ ਤਰਸੇਮ ਸਿੰਘ, ਦਿਲਬਾਗ ਸਿੰਘ, ਕੁਲਦੀਪ ਸਿੰਘ, ਗੁਲਜ਼ਾਰ ਸਿੰਘ, ਬੁੱਧ ਸਿੰਘ, ਸਰਵਨ ਸਿੰਘ, ਦਲਬੀਰ ਸਿੰਘ, ਹੀਰਾ ਸਿੰਘ, ਸੁਖਵੰਤ ਸਿੰਘ, ਮੂਰਤਾ ਸਿੰਘ ਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ। 


Related News