ਕਿਰਤੀ ਕਿਸਾਨ ਯੂਨੀਅਨ ਵੱਲੋਂ 30 ਦੇ ਮੁਜ਼ਾਹਰੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ

Friday, Jun 24, 2022 - 01:38 AM (IST)

ਕਿਰਤੀ ਕਿਸਾਨ ਯੂਨੀਅਨ ਵੱਲੋਂ 30 ਦੇ ਮੁਜ਼ਾਹਰੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਸਾਦਿਕ/ਫਰੀਦਕੋਟ (ਪਰਮਜੀਤ) : ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ’ਚ ਪਾਣੀ ਸੰਕਟ ਦੇ ਹੱਲ ਲਈ 30 ਜੂਨ ਨੂੰ ਚੰਡੀਗੜ੍ਹ ਵਿਖੇ ਕੀਤੇ ਜਾ ਰਹੇ ਮੁਜ਼ਾਹਰੇ ਦੀਆਂ ਤਿਆਰੀਆਂ ਸਬੰਧੀ ਸਾਦਿਕ ਬਲਾਕ ਕਮੇਟੀ ਦੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪਸਿੰਘ ਵਾਲਾ ਤੇ ਬਲਾਕ ਪ੍ਰਧਾਨ ਰਜਿੰਦਰ ਸਿੰਘ ਕਿੰਗਰਾ ਨੇ ਕਿਹਾ ਕਿ ਪੰਜਾਬ ਫਸਲਾਂ ਤੇ ਪੀਣ ਵਾਲੇ ਪਾਣੀ ਦੇ ਗੰਭੀਰ ਸੰਕਟ ’ਚ ਹੈ ਤੇ ਧਰਤੀ ਹੇਠਲਾ 86 ਫ਼ੀਸਦੀ ਪਾਣੀ ਨਿਕਲ ਚੁੱਕਾ ਹੈ ਤੇ ਬਾਕੀ ਰਹਿੰਦੇ ਪਾਣੀ ਦਾ ਵੱਡਾ ਹਿੱਸਾ ਫਸਲਾਂ ਤੇ ਮਨੁੱਖਾਂ ਦੀ ਸਿਹਤ ਲਈ ਬਹੁਤ ਖਤਰਨਾਕ ਹੈ। ਪੰਜਾਬ ਦੇ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਬਾਹਰ ਜਾ ਰਿਹਾ ਹੈ ਤੇ ਪੰਜਾਬ ਦੀਆਂ ਨਹਿਰਾਂ ਜ਼ਿਆਦਾ ਸਮਾਂ ਬੰਦ ਰਹਿੰਦੀਆਂ ਹਨ। ਸਾਰਾ ਸਾਲ ਪੰਜਾਬ ਦੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਮਿਲਣਾ ਚਾਹੀਦਾ ਹੈ ਤੇ ਜਿਨ੍ਹਾਂ ਇਲਾਕਿਆਂ ’ਚ ਨਹਿਰੀ ਪਾਣੀ ਢਾਂਚਾ ਨਾ ਹੋਣ ਕਰਕੇ ਪਾਣੀ ਨਹੀਂ ਪਹੁੰਚਦਾ, ਉਥੇ ਨਹਿਰੀ ਢਾਂਚਾ ਵਿਕਸਿਤ ਕਰਨਾ ਚਾਹੀਦਾ ਹੈ ਤੇ ਮੋਘਿਆਂ ਦੇ ਮੁੱਢ 'ਚ ਰੀਚਾਰਜ ਪੁਆਇੰਟ ਬਣਾਉਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਨਾ ਹੋਣ ਦੀ ਸੂਰਤ 'ਚ ਪਾਣੀ ਰੀਚਾਰਜ ਪੁਆਇੰਟ ਵਿੱਚ ਡਿੱਗਦਾ ਰਹੇ ਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਉਪਰ ਆ ਸਕੇ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : ਵੋਟਰਾਂ ਨੇ ਨਹੀਂ ਦਿਖਾਇਆ ਉਤਸ਼ਾਹ, 36.4 ਫ਼ੀਸਦੀ ਹੋਈ ਪੋਲਿੰਗ

ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਲ ਰਿਪੇਰੀਅਨ ਕਾਨੂੰਨ ਤਹਿਤ ਕੀਤਾ ਜਾਵੇ ਤੇ ਪੰਜਾਬ ਦੇ ਦਰਿਆਈ ਪਾਣੀਆਂ ’ਚ ਲੁਧਿਆਣੇ ਦੀ ਇੰਡਸਟਰੀ ਸਮੇਤ ਸਮੁੱਚੀ ਇੰਡਸਟਰੀ ਦੁਆਰਾ ਸੁੱਟਿਆ ਜਾਂਦਾ ਜ਼ਹਿਰੀਲਾ ਮਾਦਾ ਸਖਤੀ ਨਾਲ ਰੋਕਿਆ ਜਾਵੇ ਤਾਂ ਜੋ ਪੰਜਾਬ ਗੰਭੀਰ ਬੀਮਾਰੀਆਂ ਦੀ ਲਪੇਟ ’ਚੋਂ ਬਾਹਰ ਆ ਸਕੇ। ਕੇਂਦਰ ਸਰਕਾਰ ਨੇ ਡੈਮ ਸੇਫਟੀ ਐਕਟ ਲਿਆ ਕੇ ਸਾਰੇ ਮੁਲਕ ਦੇ ਪਾਣੀਆਂ ਨੂੰ ਆਪਣੇ ਅਧੀਨ ਕਰਕੇ ਜਿੱਥੇ ਸੂਬਿਆਂ ਦੇ ਹੱਕਾਂ ’ਤੇ ਡਾਕਾ ਮਾਰਿਆ ਹੈ, ਉਥੇ ਹੀ ਪਾਣੀ ਵਾਲੇ ਮਸਲੇ ’ਤੇ ਧੱਕਾ ਝੱਲ ਰਹੇ ਪੰਜਾਬ ਨਾਲ ਹੋਰ ਧੱਕਾ ਕੀਤਾ ਹੈ ਤੇ ਪੰਜਾਬ ਨੂੰ ਬਰਬਾਦੀ ਵੱਲ ਧੱਕਣ ਦੀ ਕੋਈ ਕਸਰ ਨਹੀਂ ਛੱਡੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਵਾਹਨਾਂ ਦੇ ਫੈਂਸੀ ਨੰਬਰਾਂ ਨੂੰ ਲੈ ਕੇ ਨਵਾਂ ਹੁਕਮ ਜਾਰੀ

ਉਨ੍ਹਾਂ ਮੰਗ ਕੀਤੀ ਕਿ ਡੈਮ ਸੇਫਟੀ ਐਕਟ ਤੁਰੰਤ ਰੱਦ ਕੀਤਾ ਜਾਵੇ। ਪੰਜਾਬ ਸਰਕਾਰ ਪੰਜਾਬੀਆਂ ਦੇ ਹੱਕਾਂ ਲਈ ਖੜ੍ਹਨ ’ਚ ਫੇਲ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਫਸਲੀ ਵਿਭਿੰਨਤਾ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਬਾਗ਼ਬਾਨੀ ਦਾ ਸਾਰਾ ਇਲਾਕਾ ਨਹਿਰੀ ਪਾਣੀ ਨਾ ਮਿਲਣ ਕਰਕੇ ਬਾਗ਼ ਪੁੱਟਣ ਲਈ ਮਜਬੂਰ ਹੋ ਰਿਹਾ ਹੈ। ਕਿਸਾਨ ਆਗੂਆਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਪਾਣੀਆਂ ਦੇ ਸੰਕਟ ਦੇ ਹੱਲ ਲਈ ਚੰਡੀਗੜ੍ਹ ਮੁਜ਼ਾਹਰੇ ’ਚ ਪਹੁੰਚਣ ਦਾ ਸੱਦਾ ਦਿੱਤਾ। ਮੀਟਿੰਗ 'ਚ ਗੁਰਮੀਤ ਸਿੰਘ ਸੰਗਰਾਹੂਰ, ਗੁਰਤੇਜ ਸਿੰਘ ਸੰਗਰਾਹੂਰ, ਬੋਹੜ ਸਿੰਘ ਸ਼ੇਰ ਸਿੰਘ ਵਾਲਾ, ਭੁਪਿੰਦਰ ਕਿੰਗਰਾ, ਗੁਰਜੀਤ ਸਿੰਘ ਦੀਪਸਿੰਘ ਵਾਲਾ, ਬਲਵਿੰਦਰ ਸਿੰਘ ਰੂਪੇਵਾਲੀਆ ਆਦਿ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ : ਦੁਖਦ ਖ਼ਬਰ : ਨਹਿਰ 'ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਗੋਤਾਖੋਰਾਂ ਵੱਲੋਂ ਭਾਲ ਜਾਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News