ਸੜਕ ''ਤੇ ਟੈਂਟ ਲਾਉਣ ਖਿਲਾਫ ''ਕਿਰਨ ਖੇਰ'' ਨੂੰ ਨੋਟਿਸ ਜਾਰੀ
Saturday, May 18, 2019 - 12:05 PM (IST)

ਚੰਡੀਗੜ੍ਹ (ਸਾਜਨ) : ਮਾਡਲ ਕੋਡ ਆਫ ਕੰਡਕਟ ਅਧਿਕਾਰੀ ਅਨਿਲ ਗਰਗ ਨੇ ਭਾਜਪਾ ਉਮੀਦਵਾਰ ਕਿਰਨ ਖੇਰ ਨੂੰ ਸੜਕ ਵਿਚਕਾਰ ਟੈਂਟ ਲਾ ਕੇ ਜਨਸਭਾ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਹੈ, ਜਿਸ ਦਾ 24 ਘੰਟਿਆਂ 'ਚ ਜਵਾਬ ਦੇਣ ਲਈ ਕਿਹਾ ਗਿਆ ਹੈ। ਐਡਵੋਕੇਟ ਪੰਕਜ ਚਾਂਦਗੋਠੀਆ ਨੇ ਅਨਿਲ ਗਰਗ ਨੂੰ ਭਾਜਪਾ ਦੀ ਬਾਪੂਧਾਮ ਕਾਲੋਨੀ ਦੇ ਈ. ਡਬਲਿਊ. ਐੱਸ. ਫਲੈਟਾਂ ਕੋਲ ਸੜਕ 'ਤੇ ਟੈਂਟ ਲਾ ਕੇ ਪ੍ਰਚਾਰ ਕਰਨ ਖਿਲਾਫ ਸ਼ਿਕਾਇਤ ਕੀਤੀ ਹੈ।
ਚਾਂਦ ਗੋਠੀਆ ਮੁਤਾਬਕ ਇਸ ਪਬਲਿਕ ਮੀਟਿੰਗ 'ਚ ਅਨੁਪਮ ਖੇਰ ਨੂੰ ਬੁਲਾਇਆ ਗਿਆ ਸੀ ਅਤੇ ਸੜਕ 'ਤੇ ਟੈਂਟ ਲਾ ਕੇ 250 ਕੁਰਸੀਆਂ ਲਾ ਦਿੱਤੀਆਂ ਗਈਆਂ, ਜਿਸ ਨਾਲ ਆਉਣ-ਜਾਣ ਵਾਲਿਆਂ ਨੂੰ ਦਿੱਕਤਾਂ ਆਈਆਂ ਅਤੇ ਰਸਤਾ ਰੁਕ ਗਿਆ। ਮੌਕੇ 'ਤੇ ਪੁਲਸ ਨੂੰ 100 ਨੰਬਰ 'ਤੇ ਕਾਲ ਕਰਕੇ ਬੁਲਾਇਆ ਗਿਆ ਪਰ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ। ਚੋਣ ਕਮਿਸ਼ਨ ਦਾ ਇਕ ਅਧਿਕਾਰੀ ਮੌਕੇ 'ਤੇ ਆਇਆ, ਜਿਸ ਨੂੰ ਇਜਾਜ਼ਤ ਦਿਖਾ ਕੇ ਰਵਾਨਾ ਕਰ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਉਸ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ।ਚਾਂਦਗੋਠੀਆ ਮੁਤਾਬਕ ਇਹ ਸਿਰਫ ਲਾਊਡ ਸਪੀਕਰ ਦੀ ਇਜਾਜ਼ਤ ਸੀ, ਰੋਡ ਰੋਕਣ ਦੀ ਨਹੀਂ। ਭਾਜਪਾ ਵਰਕਰਾਂ ਅਤੇ ਆਗੂਆਂ ਨੇ 4 ਘੰਟਿਆਂ ਤੱਕ ਸੜਕ ਰੋਕ ਕੇ ਰੱਖੀ।