ਅਮਰੀਕਾ 'ਚ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦਾ ਨਹੀਂ ਮਿਲਿਆ ਕੋਈ ਸੁਰਾਗ, ਹੁਸ਼ਿਆਰਪੁਰ 'ਚ ਸਦਮੇ 'ਚ ਪਰਿਵਾਰ

Wednesday, Oct 05, 2022 - 01:14 PM (IST)

ਅਮਰੀਕਾ 'ਚ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦਾ ਨਹੀਂ ਮਿਲਿਆ ਕੋਈ ਸੁਰਾਗ, ਹੁਸ਼ਿਆਰਪੁਰ 'ਚ ਸਦਮੇ 'ਚ ਪਰਿਵਾਰ

ਕੈਲੀਫੋਰਨੀਆ/ਹੁਸ਼ਿਆਰਪੁਰ (ਭਾਸ਼ਾ/ਵਰਿੰਦਰ ਪੰਡਿਤ/ਕੁਲਦੀਸ਼)- ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਭਾਰਤੀ ਮੂਲ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਅਗਵਾ ਕੀਤੇ ਜਾਣ ਤੋਂ ਬਾਅਦ ਇੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਦਮੇ ਵਿੱਚ ਹਨ। ਅਮਰੀਕਾ ਵਿੱਚ ਅਧਿਕਾਰੀਆਂ ਨੇ ਕਿਹਾ ਕਿ 8 ਮਹੀਨੇ ਦੀ ਬੱਚੀ ਸਮੇਤ ਚਾਰ ਮੈਂਬਰੀ ਸਿੱਖ ਪਰਿਵਾਰ ਦੇ ਅਗਵਾ ਕਰਨ ਵਿੱਚ "ਸ਼ੱਕੀ" ਮੰਨੇ ਜਾਂਦੇ ਇੱਕ 48 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸਦੀ ਹਾਲਤ ਗੰਭੀਰ ਹੈ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਪੀੜਤ ਅਜੇ ਵੀ ਲਾਪਤਾ ਹਨ। ਮਰਸਡ ਕਾਉਂਟੀ ਵਿੱਚ ਸੋਮਵਾਰ ਨੂੰ ਪਰਿਵਾਰ ਨੂੰ ਅਗਵਾ ਕਰ ਲਿਆ ਗਿਆ ਸੀ। ਪਰਿਵਾਰਕ ਮੈਂਬਰਾਂ ਦੀ ਪਛਾਣ 8 ਮਹੀਨੇ ਦੀ ਅਰੂਹੀ ਢੇਰੀ, ਉਸ ਦੀ ਮਾਂ 27 ਸਾਲਾ ਜਸਲੀਨ ਕੌਰ, ਪਿਤਾ 36 ਸਾਲਾ ਜਸਦੀਪ ਸਿੰਘ ਅਤੇ ਜਸਦੀਪ ਦੇ ਭਰਾ 39 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ। ਜਸਦੀਪ ਦੇ ਮਾਤਾ-ਪਿਤਾ ਡਾ: ਰਣਧੀਰ ਸਿੰਘ ਅਤੇ ਕ੍ਰਿਪਾਲ ਕੌਰ ਹੁਸ਼ਿਆਰਪੁਰ ਦੇ ਟਾਂਡਾ ਬਲਾਕ ਦੇ ਹਰਸੀ ਪਿੰਡ ਦੇ ਵਸਨੀਕ ਹਨ। ਰਣਧੀਰ ਸਿੰਘ ਦੇ ਗੁਆਂਢੀ ਚਰਨਜੀਤ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਜਸਦੀਪ ਦੇ ਮਾਪੇ ਸਦਮੇ ਵਿੱਚ ਹਨ ਅਤੇ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਰਣਧੀਰ ਸਿਹਤ ਵਿਭਾਗ ਅਤੇ ਕ੍ਰਿਪਾਲ ਸਿੱਖਿਆ ਵਿਭਾਗ ਤੋਂ ਸੇਵਾਮੁਕਤ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਪੰਜਾਬੀ ਪਰਿਵਾਰ ਨੂੰ ਅਗਵਾ ਕਰਨ ਵਾਲਾ ਸ਼ੱਕੀ ਹਿਰਾਸਤ 'ਚ, ਹਾਲਤ ਗੰਭੀਰ

PunjabKesari

ਰਣਧੀਰ 29 ਸਤੰਬਰ ਨੂੰ ਅਮਰੀਕਾ ਤੋਂ ਭਾਰਤ ਪਰਤੇ ਸਨ। ਭਾਰਤ ਪਰਤਣ ਤੋਂ ਬਾਅਦ ਉਹ ਤੀਰਥ ਯਾਤਰਾ ਲਈ ਉਤਰਾਖੰਡ ਚਲੇ ਗਏ ਸਨ। ਜਦੋਂ ਉਹ ਰਿਸ਼ੀਕੇਸ਼ ਪਹੁੰਚੇ ਤਾਂ ਉਨ੍ਹਾਂ ਨੂੰ ਅਮਰੀਕਾ ਤੋਂ ਉਨ੍ਹਾਂ ਦੀ ਨੂੰਹ ਜਸਪ੍ਰੀਤ ਕੌਰ ਦਾ ਫੋਨ ਆਇਆ, ਜਿਸ ਨੇ ਉਨ੍ਹਾਂ ਨੂੰ ਆਪਣੇ ਪਤੀ ਅਮਨਦੀਪ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਅਗਵਾ ਹੋਣ ਦੀ ਸੂਚਨਾ ਦਿੱਤੀ। ਉਨ੍ਹਾਂ ਦੇ ਗੁਆਂਢੀ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ 'ਤੇ ਰਣਧੀਰ ਮੰਗਲਵਾਰ ਸ਼ਾਮ ਨੂੰ ਪਿੰਡ ਪਰਤੇ। ਰਣਧੀਰ ਸਿੰਘ ਅਤੇ ਕ੍ਰਿਪਾਲ ਕੌਰ ਬੀਤੀ ਸ਼ਾਮ ਅਮਰੀਕਾ ਲਈ ਰਵਾਨਾ ਹੋ ਗਏ ਹਨ। ਚਰਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦਾ ਪਤਾ ਲੱਗਦਿਆਂ ਹੀ ਹਰਸੀ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਰਣਧੀਰ ਸਿੰਘ ਦੇ ਘਰ ਪੁੱਜੇ ਅਤੇ ਅਗਵਾ ਹੋਏ ਵਿਅਕਤੀਆਂ ਦੀ ਸੁਰੱਖਿਅਤ ਵਾਪਸੀ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਵੀ ਰਣਧੀਰ ਸਿੰਘ ਨੂੰ ਫੋਨ ਕਰਕੇ ਕੇਂਦਰ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਟਾਂਡਾ ਦੇ ਉਪ ਪੁਲਸ ਕਪਤਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰਣਧੀਰ ਸਿੰਘ ਦੇ ਘਰ ਜਾ ਕੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ: ਦੁਬਈ 'ਚ ਵਿਸ਼ਾਲ ਹਿੰਦੂ ਮੰਦਰ ਦਾ ਉਦਘਾਟਨ, ਭਾਰਤੀਆਂ ਦਾ ਸੁਫ਼ਨਾ ਹੋਇਆ ਪੂਰਾ, ਵੇਖੋ ਤਸਵੀਰਾਂ

PunjabKesari

 


author

cherry

Content Editor

Related News