ਵਿਦਿਆਰਥੀਆਂ ਨੇ ਸਾਥੀ ਨੂੰ ਹੀ ਕਰ ਲਿਆ ਅਗਵਾ, ਫ਼ਿਰੌਤੀ ''ਚ ਮੰਗੇ ਡੇਢ ਲੱਖ ਰੁਪਏ
Monday, Apr 21, 2025 - 03:07 PM (IST)

ਖਰੜ (ਰਣਬੀਰ): ਥਾਣਾ ਘੜੂੰਆਂ ਪੁਲਸ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਕੈਂਪਸ ਦੇ ਇਕ ਵਿਦਿਆਰਥੀ ਨੂੰ ਅਗਵਾ ਕਰ ਇਸਦੇ ਬਦਲੇ ਫਿਰੌਤੀ ਮੰਗੇ ਜਾਣ ਸਬੰਧੀ ਵਾਰਦਾਤ ਨੂੰ ਮਹਿਜ਼ ਇਕ ਘੰਟੇ ਦੇ ਅੰਦਰ ਹੱਲ ਕਰ ਨਾ ਸਿਰਫ ਅਗਵਾ ਕੀਤੇ ਨੌਜਵਾਨ ਨੂੰ ਬਰਾਮਦ ਕਰ ਲਿਆ ਸਗੋਂ ਇਸ ਵਾਰਦਾਤ ਚ ਸ਼ਾਮਲ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ। ਪੁਲਸ ਵਲੋਂ ਇਸ ਕਿਡਨੈਪਿੰਗ 'ਚ ਸ਼ਾਮਲ ਤਿੰਨ ਹੋਰ ਅਗਵਾਕਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਸਿਵਲ ਲਾਇਨ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਅਮਿਤ ਧੀਮਾਨ ਨਾਮਕ ਵਿਅਕਤੀ ਨੇ ਦੱਸਿਆ ਕਿ ਉਸ ਦਾ ਲੜਕਾ ਅਥਰਵ ਧੀਮਾਨ (19) ਉਕਤ ਯੂਨੀਵਰਸਿਟੀ ਵਿਖੇ ਬੀ ਟੈਕ -1 ਦਾ ਵਿਦਿਆਰਥੀ ਹੈ ਬੀਤੀ 17 ਤਰੀਕ ਸ਼ਾਮੀ 6.01 ਵਜੇ ਉਹ ਜਦੋਂ ਆਪਣੀ ਪਤਨੀ ਅਤੇ ਛੋਟੀ ਬੇਟੀ ਨਾਲ ਘਰ ਚ ਮੌਜੂਦ ਸੀ ਤਾਂ ਇਸੇ ਦਰਮਿਆਨ ਉਸਦੀ ਪਤਨੀ ਨੂੰ ਫੋਨ ਕਾਲ ਆਉਂਦੀ ਹੈ ਜਿਸਦੇ ਦੂਜੇ ਪਾਸਿਓਂ ਉਸਦਾ ਲੜਕਾ ਅਥਰਵ ਬੜੀ ਡਰੀ ਅਤੇ ਰੋਣੀ ਆਵਾਜ਼ ਦੇ ਵਿੱਚ ਗੱਲ ਕਰ ਰਿਹਾ ਸੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਇੱਕ ਲੱਖ ਰੁਪਏ ਦਾ ਇੰਤਜਾਮ ਕਰ ਲੈਣ ਕਿਉਂਕਿ ਕੁਝ ਲੜਕਿਆਂ ਨੇ ਉਸਨੂੰ ਅਗਵਾ ਕਰ ਲਿਆ ਹੈ। ਦਰਖਾਸਤ ਕਰਤਾ ਮੁਤਾਬਿਕ ਗੱਲਬਾਤ ਦੇ ਦੌਰਾਨ ਫੋਨ ਚ ਉਕਤ ਅਗਵਾਕਾਰ ਲੜਕਿਆਂ ਵਲੋਂ ਉਸ ਦੇ ਬੇਟੇ ਨੂੰ ਡਰਾਉਣ ਧਮਕਾਉਣ ਦੀ ਆਵਾਜ਼ ਵੀ ਸੁਣਾਈ ਦੇ ਰਹੀਉ ਸਨ। ਬੇਟੇ ਦੀ ਜਾਨ ਬਚਾਉਣ ਖਾਤਿਰ ਉਨ੍ਹਾਂ ਇਹ ਰਕਮ ਦੇਣ ਦੇ ਲਈ ਹਾਮੀ ਭਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਜ਼ਰੂਰੀ ਖ਼ਬਰ! 22 ਅਪ੍ਰੈਲ ਤੋਂ...
ਇਸ ਪਿੱਛੋਂ ਅਗਵਾਕਾਰਾਂ ਨੇ ਬਾਰ-ਬਾਰ ਉਨ੍ਹਾਂ ਨੂੰ ਪੈਸੇ ਦਾ ਬੰਦੋਬਸਤ ਕਰਨ ਦੇ ਲਈ ਫੋਨ ਕਾਲ ਕਰਨੀ ਜਾਰੀ ਰੱਖੀ ਅਤੇ 1.50 ਲੱਖ ਰੁਪਏ ਦੀ ਡਿਮਾਂਡ ਕਰਦੇ ਹੋਏ ਧਮਕੀ ਦਿੱਤੀ ਕਿ ਜੇਕਰ ਜਲਦ ਇਸ ਰਕਮ ਦਾ ਬੰਦੋਬਸਤ ਨਾ ਕੀਤਾ ਤਾਂ ਉਹ ਉਹਨਾਂ ਦੇ ਲੜਕੇ ਨੂੰ ਰੋਪੜ ਨਹਿਰ ਦੇ ਵਿੱਚ ਧੱਕਾ ਦੇ ਕੇ ਖਤਮ ਕਰ ਦੇਣਗੇ।
ਇਸੇ ਦਰਮਿਆਨ ਰਾਤੀ 8:49 ਵਜੇ ਉਨ੍ਹਾਂ ਦੇ ਲੜਕੇ ਦਾ ਫੋਨ ਆਇਆ ਕਿ ਉਕਤ ਚਾਰ ਲੜਕੇ ਜਿਨਾਂ ਨੇ ਉਸ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਕੈਂਪਸ ਦੇ ਮੇਨ ਗੇਟ ਬਾਹਰੋਂ ਸ਼ਾਮ ਕਰੀਬ 5 ਵਜੇ ਅਗਵਾ ਕਰਨ ਮਗਰੋਂ ਪੀ ਬੀ 12 ਏਈ- 1091 ਕਰੇਟਾ ਰੰਗ ਚਿੱਟਾ ਗੱਡੀ ਚ ਸੁੱਟ ਕਿਧਰੇ ਅਣਜਾਣ ਥਾਂ ਲੈ ਗਏ ਸਨ ਉਹ ਚਾਰ ਲੜਕੇ ਜਿਨਾਂ ਵਿੱਚੋਂ ਕਾਰ ਦਾ ਮਾਲਕ ਰਾਘਵ ਤੇ ਇੱਕ ਹੋਰ ਪੂਰਵ ਜੋ ਉਸਦੇ ਕਾਲਜ ਦੇ ਹੀ ਸਟੁਡੈਂਟ ਹਨ ਇਨ੍ਹਾਂ ਦੋਵਾਂ ਤੋਂ ਇਲਾਵਾ ਤਿੰਨ ਹੋਰ ਨਾਮ ਮਾਲੂਮ ਜਿਨ੍ਹਾਂ ਨੂੰ ਸਾਹਮਣੇ ਆਉਣ ਤੇ ਪਛਾਣ ਸਕਦਾ ਹੈ। ਫੜੇ ਜਾਣ ਦੇ ਡਰ ਤੋਂ ਇਕ ਨਹਿਰ ਦੇ ਕੰਢੇ ਛੱਡ ਕੇ ਫਰਾਰ ਹੋ ਚੁੱਕੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਪੁਲਸ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਇਸ ਲਈ ਭੱਜਣ ਤੋਂ ਪਹਿਲਾਂ ਦੋਸ਼ੀਆਂ ਨੇ ਅਥਰਵ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਉਸਨੂੰ ਡਰਾਉਣ ਧਮਕਾਉਣ ਅਤੇ ਉਸਦੀ ਗਲਤ ਵੀਡੀਓ ਬਣਾ, ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਅਮਿਤ ਨੇ ਦੱਸਿਆ ਕਿ ਜਦੋਂ ਦੋਸ਼ੀਆਂ ਵੱਲੋਂ ਉਨ੍ਹਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਉਨ੍ਹਾਂ ਨੇ ਰਹਿਮ ਦੀ ਅਪੀਲ ਕਰਦਿਆਂ ਦੋਸ਼ੀਆਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਕੁਝ ਸਮੇਂ ਦੀ ਮੌਹਲਤ ਦੇ ਦੇਣ, ਉਹ ਜਲਦ ਹੀ ਰਕਮ ਦਾ ਬੰਦੋਬਸਤ ਕਰਕੇ ਉਹਨਾਂ ਤੱਕ ਪੁੱਜਦੀ ਕਰਵਾ ਦੇਣਗੇ। ਇਸੇ ਦਰਮਿਆਨ ਉਨ੍ਹਾਂ ਬੇਟੇ ਦੇ ਦੋਸਤਾਂ ਨੂੰ ਫੋਨ ਤੇ ਇਸ ਬਾਰੇ ਇਤਲਾਹ ਦੇਣ ਦੇ ਨਾਲ -2 ਇਸਦੀ ਸੂਚਨਾ ਥਾਣਾ ਘੜੂੰਆਂ ਪੁਲਸ ਨੂੰ ਵੀ ਦਿੱਤੀ ਸੀ। ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਰਾਤੀਂ ਕਰੀਬ 9.25 ਤੇ ਮਿਲਦੀਆਂ ਸਾਰ ਉਨ੍ਹਾਂ ਵਾਰਦਾਤ ਵਾਲੀ ਥਾਂ ਅਤੇ ਇਸਦੇ ਆਸ ਪਾਸ ਦੀ ਸੀਸੀਟੀਵੀ ਫੁਟੇਜ ਖੰਗਾਲਣ ਦੇ ਨਾਲ ਦੋਸ਼ੀਆਂ ਦੇ ਫੋਨ ਦੀ ਲੋਕੇਸ਼ਨ ਟਰੈਕ ਕਰ ਕਰੀਬ ਇਕ ਘੰਟੇ ਦੇ ਅੰਦਰ ਰੋਪੜ ਦੇ ਨਹਿਰੂ ਸਟੇਡੀਅਮ ਨਹਿਰ ਕੋਲੋਂ ਉਕਤ ਨੌਜਵਾਨ ਜੋ ਕਾਫੀ ਸਹਿਮੀਆਂ ਨਜ਼ਰ ਆ ਰਿਹਾ ਸੀ ਨੂੰ ਬਰਾਮਦ ਕਰ ਲਿਆ ਗਿਆ।
2 ਘੰਟੇ 46 ਮਿੰਟ ਚ ਫਿਰੋਤੀ ਲਈ ਕੀਤੀਆਂ 22 ਫੋਨ ਕਾਲਾਂ
ਇੱਕ ਪਾਸੇ ਦੋਸ਼ੀਆਂ ਵੱਲੋਂ ਵਾਰ-ਵਾਰ ਅਥਰਵ ਦੇ ਘਰਦਿਆਂ ਨੂੰ ਫਿਰੋਤੀ ਲਈ ਜਦੋਂ ਫੋਨ ਕੀਤਾ ਜਾ ਰਿਹਾ ਸੀ ਤਾਂ ਪੁਲਸ ਵੱਲੋਂ ਦੂਜੇ ਪਾਸੇ ਉਹਨਾਂ ਦੀ ਲੋਕੇਸ਼ਨ ਨੂੰ ਟਰੈਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਪਹਿਲੀ ਕਾਲ ਸ਼ਾਮ 6.01 ਤੋਂ ਲੈਕੇ ਆਖਰੀ ਕਾਲ 8.47 ਵਜੇ ਪੂਰੇ 2 ਘੰਟੇ 46 ਮਿੰਟ ਦਰਮਿਆਨ ਦੋਸ਼ੀਆਂ ਨੇ ਅਥਰਵ ਦੇ ਮਾਪਿਆਂ ਨੂੰ 22 ਵਾਰ ਫੋਨ ਕਾਲ ਕੀਤੀ ਸੀ। ਇਸ ਸਭ ਦੇ ਦਰਮਿਆਨ ਜਿਵੇਂ ਹੀ ਅਗਵਾਕਾਰਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਕਿ ਪੁਲਸ ਦੀ ਇਸ ਮਾਮਲੇ ਦੇ ਅੰਦਰ ਐਂਟਰੀ ਹੋ ਚੁੱਕੀ ਹੈ ਫੜੇ ਜਾਣ ਦੇ ਮਾਰੇ ਉਕਤ ਚਾਰੋਂ ਦੋਸ਼ੀ ਅਥਰਵ ਨੂੰ ਛੱਡਕੇ ਵੱਖ-2 ਦਿਸ਼ਾਵਾਂ ਚ ਫ਼ਰਾਰ ਹੋ ਗਏ। ਉਨ੍ਹਾਂ ਵਲੋਂ ਲਗਾਤਾਰ ਫੋਨ ਕਾਲ ਕੀਤੇ ਜਾਣ ਤੇ ਉਹ ਜਲਦ ਹੀ ਪੁਲਸ ਦੀ ਰਡਾਰ ਹੇਠ ਆ ਗਏ।
ਇਹ ਖ਼ਬਰ ਵੀ ਪੜ੍ਹੋ - Punjab: ਬੱਸ ਸਟੈਂਡ ਨੇੜੇ ਗੰਦਾ ਧੰਦਾ ਕਰਦੀਆਂ ਕੁੜੀਆਂ ਨੂੰ ਥਾਣੇ ਲੈ ਆਏ ਪੁਲਸ ਮੁਲਾਜ਼ਮ, ਫ਼ਿਰ ਜੋ ਹੋਇਆ...
ਮੌਕੇ ਤੋਂ ਪੁੱਜੀ ਪੁਲਸ ਵਲੋਂ ਨੌਜਵਾਨ ਨੂੰ ਬਰਾਮਦ ਕਰ ਅਗਲੇ ਦਿਨ 18 ਤਾਰੀਖ ਸ਼ੁਕਰਵਾਰ ਨੂੰ ਉਸਦੇ ਮਾਪਿਆਂ ਦੇ ਖਰੜ ਪੁੱਜਣ ਪਿੱਛੋਂ ਉਸਦੇ ਪਿਤਾ ਦੇ ਬਿਆਨਾਂ ਤੇ ਦੋਸ਼ੀਆਂ ਜੋ ਸੀ ਯੂ ਦੇ ਹੀ ਸਟੁਡੈਂਟ ਦੱਸੇ ਜਾ ਰਹੇ ਹਨ ਕੁੱਲ 5 ਦੋਸ਼ੀਆਂ ਖਿਲਾਫ ਬੀ ਐੱਨ ਐੱਸ ਦੀ ਧਾਰਾ 140(3),308(2),351(1),351(3), 3(5) ਤਹਿਤ ਮੁਕੱਦਮਾ ਦਰਜ ਕਰ ਦੋ ਦੋਸ਼ੀਆਂ ਰਾਘਵ ਅਤੇ ਪੂਰਵ ਨੂੰ ਯੂਨੀਵਰਸਿਟੀ ਨੇੜੇ ਤੋਂ ਕਾਬੂ ਕਰ ਲਿਆ ਗਿਆ। ਜਦੋਂ ਕਿ ਮੁੱਖ ਸਾਜਿਸ਼ਕਰਤਾ ਸਣੇ ਫ਼ਰਾਰ ਫਰਾਰ ਹੋਰ ਦੋ ਕੁੱਲ ਤਿੰਨ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਦੋਵੇਂ ਦੋਸ਼ੀਆਂ ਨੂੰ ਅੱਜ ਖਰੜ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ ਜਿੱਥੋਂ ਦੋਵਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਹਾਸਿਲ ਕਰ ਪੁਲਸ ਵੱਲੋਂ ਉਨ੍ਹਾਂ ਦੇ ਬਾਕੀ ਫ਼ਰਾਰ ਸਾਥੀਆਂ ਦਾ ਪਤਾ ਲਗਾਉਣ ਸਣੇ ਹੋਰ ਕਈ ਅਹਿਮ ਸੁਰਾਗ਼ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8