ਨਵਾਂਸ਼ਹਿਰ ਤੋਂ ਸਬਜ਼ੀ ਮੰਡੀ ਆਏ ਦੁਕਾਨਦਾਰ ਦੀ 8 ਸਾਲਾ ਬੇਟੀ ਅਗਵਾ
Sunday, Jun 17, 2018 - 06:04 AM (IST)
ਲੁਧਿਆਣਾ(ਮਹੇਸ਼)- ਜਲੰਧਰ ਬਾਈਪਾਸ ਦੇ ਨੇੜੇ ਸਬਜ਼ੀ ਮੰਡੀ ਤੋਂ ਖਰੀਦਦਾਰੀ ਕਰਨ ਆਏ ਨਵਾਂਸ਼ਹਿਰ ਦੇ ਇਕ ਦੁਕਾਨਦਾਰ ਦੀ 8 ਸਾਲਾ ਬੇਟੀ ਸ਼ੱਕੀ ਹਾਲਾਤ 'ਚ ਲਾਪਤਾ ਹੋ ਗਈ। ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਉਸਨੂੰ ਅਗਵਾ ਕਰ ਲਿਆ ਗਿਆ ਹੈ। ਬੱਚੀ ਨੂੰ ਲੱਭਣ ਲਈ ਜ਼ਿਲਾ ਪੁਲਸ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ। ਅਸਿਸਟੈਂਟ ਪੁਲਸ ਕਮਿਸ਼ਨਰ ਨਾਰਥ ਲਖਵੀਰ ਸਿੰਘ ਟਿਵਾਣਾ ਦੀ ਅਗਵਾਈ ਵਿਚ 2 ਐੱਸ. ਐੱਚ. ਓਜ਼ ਅਤੇ ਉਨ੍ਹਾਂ ਦੀ ਇਕ ਦਰਜਨ ਤੋਂ ਜ਼ਿਆਦਾ ਮੁਲਾਜ਼ਮਾਂ ਦੀ ਟੀਮ ਦੇਰ ਰਾਤ ਆਸ-ਪਾਸ ਦਾ ਇਲਾਕਾ ਖੰਗਾਲਦੀ ਰਹੀ, ਪਰ ਦੇਰ ਸ਼ਾਮ ਸਮਾਚਾਰ ਲਿਖੇ ਜਾਣ ਤੱਕ ਪੁਲਸ ਦੇ ਹੱਥ ਕੋਈ ਸਫਲਤਾ ਨਹੀਂ ਲੱਗੀ ਹੈ। ਜਦਕਿ ਘਟਨਾ ਸਥਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ 2 ਲੋਕਾਂ ਵਿਚਕਾਰ ਜਾਂਦੀ ਹੋਈ ਬੱਚੀ ਦੀ ਝਲਕ ਆਈ ਹੈ। ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਬਜ਼ੀ ਵਿਕਰੇਤਾ ਪਿੰਟੂ ਦੀ ਨਵਾਂਸ਼ਹਿਰ ਮੰਡੀ 'ਚ ਸਬਜ਼ੀ ਵੇਚਣ ਦੀ ਦੁਕਾਨ ਹੈ। ਅੱਜ ਉਹ ਆਪਣੇ ਛੋਟੇ ਹਾਥੀ ਟੈਂਪੂ 'ਚ ਲੁਧਿਆਣਾ ਮੰਡੀ ਤੋਂ ਸਬਜ਼ੀ ਖਰੀਦਣ ਲਈ ਆਇਆ ਸੀ ਤਦ ਉਸਦੇ ਨਾਲ ਉਸਦੀ 8 ਸਾਲਾ ਬੇਟੀ ਰਾਧਿਕਾ ਵੀ ਸੀ, ਜੋ ਕਿ ਤੀਜੀ ਕਲਾਸ 'ਚ ਪੜ੍ਹਦੀ ਹੈ ਤੇ 3 ਭੈਣਾਂ 'ਚੋਂ ਸਭ ਤੋਂ ਛੋਟੀ ਹੈ। ਲਗਭਗ 9.15 ਵਜੇ ਪਿੰਟੂ ਮੰਡੀ ਪੁੱਜਾ ਸੀ। ਉਸਨੇ ਮੰਡੀ ਦੇ ਗੇਟ ਨੇੜੇ ਟੈਂਪੂ ਪਾਰਕ ਕੀਤਾ ਤੇ ਬੇਟੀ ਨੂੰ ਟੈਂਪੂ ਵਿਚ ਹੀ ਛੱਡ ਕੇ ਸਬਜ਼ੀ ਖਰੀਦਣ ਲਈ ਚਲਾ ਗਿਆ। ਲਗਭਗ 20 ਮਿੰਟ ਬਾਅਦ ਜਦ ਵਾਪਸ ਆਇਆ ਤਾਂ ਰਾਧਿਕਾ ਟੈਂਪੂ ਤੋਂ ਗਾਇਬ ਸੀ। ਉਸਦਾ ਕੋਈ ਅਤਾ ਪਤਾ ਨਹੀਂ ਸੀ। ਬੇਟੀ ਨੂੰ ਨਾ ਦੇਖ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸਨੇ ਬੇਟੀ ਦਾ ਹੁਲੀਆ ਦੱਸਦੇ ਹੋਏ ਆਸ-ਪਾਸ ਦੇ ਰੇਹੜੀ ਵਾਲੇ ਤੇ ਲੋਕਾਂ ਤੋਂ ਪੁੱਛਿਆ, ਪਰ ਉਸਦੀ ਬੇਟੀ ਦਾ ਕੁਝ ਪਤਾ ਨਹੀਂ ਲੱਗਿਆ। ਬੱਚੀ ਦੇ ਲਾਪਤਾ ਹੋਣ ਦੀ ਖਬਰ ਜੰਗਲ ਦੀ ਅੱਗ ਵਾਂਗ ਪੂਰੀ ਮੰਡੀ 'ਚ ਫੈਲ ਗਈ। ਕਈ ਦੁਕਾਨਦਾਰ, ਆੜ੍ਹਤੀ, ਪਾਰਕਿੰਗ ਠੇਕੇਦਾਰ ਦੇ ਕਰਿੰਦੇ ਅਤੇ ਹੋਰ ਲੋਕ ਉਸਨੂੰ ਖੋਜਣ 'ਚ ਜੁਟ ਗਏ। ਤੁਰੰਤ ਮਾਮਲੇ ਦੀ ਜਾਣਕਾਰੀ ਜੋਧੇਵਾਲ ਥਾਣਾ ਇੰਚਾਰਜ ਬੀਰਬਲ ਨੂੰ ਦਿੱਤੀ ਗਈ। ਜਿਨ੍ਹਾਂ ਨੇ ਪਿੰਟੂ ਦੀ ਦਰਖਾਸਤ ਲਿਖਣ ਦੇ ਬਾਅਦ ਏ. ਐੱਸ. ਆਈ. ਸਮੇਤ ਮੁਲਾਜ਼ਮਾਂ ਦੀ ਟੀਮ ਨੂੰ ਘਟਨਾ ਸਥਾਨ 'ਤੇ ਭੇਜਿਆ। ਮਾਮਲਾ ਜਦ ਉਚ ਅਧਿਕਾਰੀਆਂ ਦੇ ਧਿਆਨ 'ਚ ਆਇਆ ਤਾਂ ਬਾਅਦ ਦੁਪਹਿਰ ਏ. ਸੀ. ਪੀ. ਟਿਵਾਣਾ, ਬੀਰਬਲ ਅਤੇ ਥਾਣਾ ਸਲੇਮ ਟਾਬਰੀ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਦਰਜਨ ਤੋਂ ਜ਼ਿਆਦਾ ਮੁਲਾਜ਼ਮਾਂ ਦੀ ਟੀਮ ਨਾਲ ਘਟਨਾ ਸਥਾਨ 'ਤੇ ਪੁੱਜੇ। ਜਿਸਦੇ ਬਾਅਦ ਵੱਡੇ ਪੱਧਰ 'ਤੇ ਬੱਚੀ ਨੂੰ ਲੱਭਣ ਲਈ ਸਰਚ ਮੁਹਿੰਮ ਛੇੜੀ ਗਈ।
ਕੀ ਇਸ ਮਾਮਲੇ 'ਚ ਪੁਲਸ ਪਹਿਲਾਂ ਦੀ ਤਰ੍ਹਾਂ ਇਤਿਹਾਸ ਰਚ ਸਕੇਗੀ?
ਲਗਭਗ ਢਾਈ ਮਹੀਨੇ ਪਹਿਲਾਂ ਸਲੇਮ ਟਾਬਰੀ ਦੀ ਬਾਜ਼ੀਗਰ ਬਸਤੀ ਤੋਂ ਡੇਢ ਸਾਲ ਦੇ ਰਹਿਮਾਨ ਨੂੰ ਅੱਧੀ ਰਾਤ ਅਗਵਾ ਕਰ ਲਿਆ ਗਿਆ ਸੀ, ਜਦ ਉਹ ਆਪਣੀ ਮਾਂ ਦੀ ਬੁੱਕਲ ਵਿਚ ਸੌਂ ਰਿਹਾ ਸੀ। ਤਦ ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ 2 ਦਰਜਨ ਤੋਂ ਜ਼ਿਆਦਾ ਪੁਲਸ ਮੁਲਾਜ਼ਮਾਂ ਦੀ ਟੀਮ ਬੱਚੇ ਨੂੰ ਲੱਭਣ 'ਚ ਲਗਾ ਦਿੱਤੀ ਸੀ। ਜਿਨ੍ਹਾਂ ਨੇ 3 ਦਿਨਾਂ ਤੱਕ ਲਗਾਤਾਰ ਦਿਨ ਰਾਤ ਸਰਚ ਮੁਹਿੰਮ ਜਾਰੀ ਰੱਖੀ ਸੀ। ਹਾਲਾਂਕਿ ਰਹਿਮਾਨ ਦੇ ਅਗਵਾਕਾਰਾਂ ਨੂੰ ਪੁਲਸ ਹੁਣ ਤੱਕ ਫੜ ਨਹੀਂ ਸਕੀ ਪਰ ਉਸਦੇ ਦਬਾਅ ਦੇ ਕਾਰਨ ਅਗਵਾਕਾਰਾਂ ਨੇ ਰਹਿਮਾਨ ਨੂੰ ਛੱਡ ਦਿੱਤਾ ਸੀ ਅਤੇ ਉਹ ਆਪਣੇ ਰਿਸ਼ਤੇਦਾਰਾਂ ਤੱਕ ਪਹੁੰਚ ਗਿਆ ਸੀ। ਹੁਣ ਲੋਕਾਂ ਦੀਆਂ ਨਜ਼ਰਾਂ ਪੁਲਸ ਵੱਲ ਹਨ ਕਿ ਇਸ ਮਾਮਲੇ 'ਚ ਵੀ ਪੁਲਸ ਕੋਈ ਇਤਿਹਾਸ ਰਚ ਸਕੇਗੀ ਜਾਂ ਨਹੀਂ ਜਾਂ ਫਿਰ ਰਾਧਿਕਾ ਉਨ੍ਹਾਂ ਬੱਚਿਆਂ ਦੀ ਭੀੜ 'ਚ ਗਵਾਚ ਜਾਵੇਗੀ ਜਿਨ੍ਹਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਿਆ।
ਬੱਚੀ ਨੂੰ ਲੱਭਣ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ
ਟਿਵਾਣਾ ਨੇ ਕਿਹਾ ਕਿ ਬੱਚੀ ਨੂੰ ਲੱਭਣ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਗੁਰਦੁਆਰਾ ਸਮੇਤ ਹੋਰ ਧਾਰਮਿਕ ਸਥਾਨਾਂ 'ਤੇ ਲਗਾਤਾਰ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਘਟਨਾ ਸਥਾਨ ਤੇ ਉਸਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ਦੇ ਨਾਲ ਨਾਲ ਸਰਚ ਮੁਹਿੰਮ ਚਲਾਈ ਗਈ ਹੈ।
ਮੋਬਾਇਲ 'ਤੇ ਗਾਣੇ ਸੁਣਦੀ ਨੂੰ ਛੱਡ ਕੇ ਗਿਆ ਸੀ
ਪਿੰਟੂ ਨੇ ਕਿਹਾ, ਰਾਧਿਕਾ ਅੱਜ ਜ਼ਿੱਦ ਕਰ ਬੈਠੀ ਕਿ ਪਾਪਾ ਉਹ ਤੁਹਾਡੇ ਨਾਲ ਹੀ ਜਾਵੇਗੀ। ਉਹ ਉਸਨੂੰ ਮਨ੍ਹਾ ਨਹੀਂ ਕਰ ਸਕਿਆ। ਜਦ ਉਹ ਉਸਨੂੰ ਟੈਂਪੂ 'ਚ ਛੱਡ ਕੇ ਸਬਜ਼ੀ ਖਰੀਦਣ ਲਈ ਮੰਡੀ ਅੰਦਰ ਗਿਆ ਤਾਂ ਉਹ ਮੋਬਾਇਲ 'ਤੇ ਗਾਣੇ ਸੁਣ ਰਹੀ ਸੀ। ਉਹ ਬੇਖੌਫ ਹੋ ਕੇ ਚਲਾ ਗਿਆ ਪਰ ਜਦ 15-20 ਮਿੰਟ ਬਾਅਦ ਵਾਪਸ ਆਇਆ ਤਾਂ ਬੇਟੀ ਟੈਂਪੂ 'ਚ ਨਹੀਂ ਸੀ। ਮੈਂ ਉਸਨੂੰ ਲੱਭਣ ਲਈ ਇਧਰ-ਉਧਰ ਦੌੜਦਾ ਰਿਹਾ। ਮੈਂ ਆਪਣੇ ਜਾਣਕਾਰ, ਜੋ ਇਸੇ ਮੰਡੀ 'ਚ ਕੰਮ ਕਰਦੇ ਹਨ, ਨੂੰ ਤੁਰੰਤ ਜਾਣਕਾਰੀ ਦਿੱਤੀ ਪਰ ਮੇਰੀ ਬੇਟੀ ਦਾ ਕੁਝ ਪਤਾ ਨਹੀਂ ਲੱਗਿਆ। ਮੈਨੂੰ ਸ਼ੱਕ ਹੈ ਕਿ ਕਿਸੇ ਨੇ ਉਸਦੀ ਮਾਸੂਮ ਬੱਚੀ ਨੂੰ ਅਗਵਾ ਕਰ ਲਿਆ ਹੈ।
