ਘਰੋਂ ਖੇਡਣ ਨਿਕਲਿਆ ਸਾਬਕਾ ਕੌਂਸਲਰ ਕਸਤੂਰੀ ਲਾਲ ਦਾ 10 ਸਾਲਾ ਪੋਤਾ ਅਗਵਾ!
Thursday, Apr 12, 2018 - 06:50 AM (IST)

ਜਲੰਧਰ(ਰਮਨ)-ਥਾਣਾ ਨੰ. 1 ਅਧੀਨ ਪੈਂਦੀ ਭਗਤ ਸਿੰਘ ਕਾਲੋਨੀ ਵਿਚ ਰਹਿਣ ਵਾਲੇ ਸਾਬਕਾ ਕੌਂਸਲਰ ਕਸਤੂਰੀ ਲਾਲ ਦਾ 10 ਸਾਲ ਦਾ ਪੋਤਾ ਦੁਪਹਿਰ ਸਵਾ 2 ਵਜੇ ਘਰੋਂ ਬਾਹਰ ਸਾਈਕਲ ਚਲਾਉਣ ਨਿਕਲਿਆ ਪਰ ਦੁਬਾਰਾ ਵਾਪਸ ਨਹੀਂ ਆਇਆ। ਤਕਰੀਬਨ 40 ਮਿੰਟ ਬਾਅਦ ਬੱਚੇ ਦਾ ਸਾਈਕਲ ਗੰਦੇ ਨਾਲੇ ਕੋਲੋਂ ਬਰਾਮਦ ਹੋਇਆ ਪਰ ਬੱਚੇ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗ ਸਕਿਆ। ਜਿਸ ਕਾਰਨ ਬੱਚੇ ਦੇ ਅਗਵਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਬੱਚੇ ਦੇ ਅਗਵਾ ਹੋਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰ. 1 ਦੀ ਪੁਲਸ ਅਤੇ ਅਧਿਕਾਰੀ ਮੌਕੇ 'ਤੇ ਪਹੁੰਚ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਅਗਵਾ ਦਾ ਕੇਸ ਦਰਜ ਕਰ ਲਿਆ ਹੈ। ਦੇਰ ਰਾਤ ਤੱਕ ਪੁਲਸ ਪੂਰੇ ਇਲਾਕੇ ਦੇ ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਫੁਟੇਜ ਨੂੰ ਖੰਗਾਲ ਰਹੀ ਹੈ। ਪੁਲਸ ਨੂੰ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਕੇ. ਵੀ. ਸੂਰਾਨੁੱਸੀ 'ਚ ਚੌਥੀ ਦਾ ਵਿਦਿਆਰਥੀ ਹੈ ਰਾਹੁਲ
ਏ. ਐੱਸ. ਆਈ. ਸੁਖਰਾਜ ਨੇ ਦੱਸਿਆ ਕਿ ਬੱਚੇ ਦੀ ਪਛਾਣ ਰਾਹੁਲ ਸ਼ਰਮਾ ਉਰਫ ਆਸ਼ੂ ਪੁੱਤਰ ਨਰਿੰਦਰ ਸ਼ਰਮਾ ਵਾਸੀ ਭਗਤ ਸਿੰਘ ਕਾਲੋਨੀ ਵਜੋਂ ਹੋਈ ਹੈ ਜੋ ਕਿ ਕੇ. ਵੀ. ਸੂਰਾਨੁੱਸੀ 'ਚ ਚੌਥੀ ਕਲਾਸ ਵਿਚ ਪੜ੍ਹਦਾ ਸੀ। ਸਕੂਲ ਤੋਂ ਆਉਣ ਤੋਂ ਬਾਅਦ ਬੱਚਾ ਆਸ਼ੂ ਤਕਰੀਬਨ ਸਵਾ 2 ਵਜੇ ਘਰੋਂ ਸਾਈਕਲ 'ਤੇ ਖੇਡਣ ਲਈ ਗਿਆ ਸੀ। ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਮੁੜਿਆ ਤਾਂ ਸ਼ਾਮ ਦੇ ਸਮੇਂ ਪਰਿਵਾਰ ਵਾਲਿਆਂ ਨੂੰ ਫਿਕਰ ਹੋਣ ਲੱਗੀ। ਉਨ੍ਹਾਂ ਨੇੜੇ-ਤੇੜੇ ਪਤਾ ਕੀਤਾ ਅਤੇ ਉਸ ਦੇ ਦੋਸਤਾਂ ਨੂੰ ਫੋਨ ਕੀਤਾ ਪਰ ਕਿਸੇ ਨੂੰ ਵੀ ਉਸ ਬਾਰੇ ਕੁਝ ਪਤਾ ਨਹੀਂ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਵਿਚ ਸ਼ਿਕਾਇਤ ਦਿੱਤੀ। ਕਸਤੂਰੀ ਲਾਲ ਨੇ ਕਿਸੇ 'ਤੇ ਵੀ ਸ਼ੱਕ ਜ਼ਾਹਿਰ ਨਹੀਂ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਫੋਨ ਕਾਲ ਆਈ ਹੈ। ਪੁਲਸ ਨੇ ਧਾਰਾ 365 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਏ. ਸੀ. ਪੀ. ਨਾਰਥ ਨਵਨੀਤ ਸਿੰਘ ਮਾਹਲ ਨੇ ਕਿਹਾ ਕਿ ਪੁਲਸ ਬੱਚੇ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਜਲਦੀ ਹੀ ਬੱਚੇ ਨੂੰ ਲੱਭ ਲਿਆ ਜਾਵੇਗਾ। ਅਗਵਾ ਦੀ ਸੂਚਨਾ ਮਿਲਦੇ ਹੀ ਸਾਬਕਾ ਕਾਂਗਰਸੀ ਮੰਤਰੀ ਅਵਤਾਰ ਹੈਨਰੀ ਤੇ ਕਾਂਗਰਸੀ ਕੌਂਸਲਰ ਅਤੇ ਭਾਜਪਾ ਦੇ ਕੇ. ਡੀ. ਭੰਡਾਰੀ ਮੌਕੇ 'ਤੇ ਪਹੁੰਚੇ।