ਵਿਆਹ ਦਾ ਝਾਂਸਾ ਦੇ ਕੇ 14 ਸਾਲਾ ਲੜਕੀ ਅਗਵਾ
Tuesday, Oct 03, 2017 - 02:28 PM (IST)

ਲੁਧਿਆਣਾ(ਪੰਕਜ)-ਘੱਟ ਉਮਰ ਦੀਆਂ ਲੜਕੀਆਂ ਨੂੰ ਬਹਿਕਾ ਕੇ ਜਾਂ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਛੋਟੀ ਉਮਰ ਵਿਚ ਲੜਕੀਆਂ ਨੂੰ ਭਜਾ ਕੇ ਲਿਜਾਣ ਵਾਲੇ ਦੋਸ਼ੀ ਪੁਲਸ ਲਈ ਸਿਰਦਰਦੀ ਬਣੇ ਹੋਏ ਹਨ। ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੇ ਭਗਤ ਸਿੰਘ ਕਾਲੋਨੀ ਇਲਾਕੇ ਵਿਚ ਇਕ ਤੋਂ ਬਾਅਦ ਇਕ ਦੋ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿਚ ਦੋਸ਼ੀ ਘੱਟ ਉਮਰ ਦੀਆਂ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਬਹਿਕਾ ਕੇ ਭਜਾ ਕੇ ਲੈ ਗਏ। ਪਹਿਲੇ ਕੇਸ ਵਿਚ ਹਰੀ ਰਾਮ ਪੁੱਤਰ ਭਗਨ ਰਾਮ ਨੇ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਦੋਸ਼ ਲਾਇਆ ਕਿ ਉਸ ਦੀ 14 ਸਾਲਾ ਬੇਟੀ ਨੂੰ ਮੁਹੱਲੇ ਵਿਚ ਰਹਿਣ ਵਾਲਾ ਨੌਜਵਾਨ ਗੌਰਵ ਪੁੱਤਰ ਵਿਵੇਕਾਨੰਦ ਆਮ ਕਰ ਕੇ ਤੰਗ ਕਰਦਾ ਸੀ ਪਰ ਬੀਤੇ ਦਿਨ ਉਸ ਦੀ ਬੇਟੀ ਘਰੋਂ ਗਈ ਪਰ ਵਾਪਸ ਨਹੀਂ ਪਰਤੀ। ਪਤਾ ਕਰਨ 'ਤੇ ਪਤਾ ਲੱਗਾ ਕਿ ਦੋਸ਼ੀ ਗੌਰਵ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲੈ ਗਿਆ ਹੈ। ਇਸੇ ਤਰ੍ਹਾਂ ਦੂਜਾ ਕੇਸ ਵੀ ਇਸੇ ਕਾਲੋਨੀ ਦਾ ਹੈ। ਇਥੇ ਰਹਿਣ ਵਾਲੇ ਪ੍ਰਸ਼ਾਂਤ ਕੁਮਾਰ ਪੁੱਤਰ ਰਾਮ ਇਕਬਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸ ਦੀ ਨਾਬਾਲਗ ਬੇਟੀ ਨੂੰ ਇਲਾਕੇ ਵਿਚ ਰਹਿਣ ਵਾਲਾ ਦੋਸ਼ੀ ਮੁਨੀਸ਼ ਪੁੱਤਰ ਮਹੇਸ਼ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲੈ ਗਿਆ ਹੈ। ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ ਅਗਵਾ ਦਾ ਪਰਚਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।