ਦੇਸ਼-ਵਿਦੇਸ਼ ’ਚ ਗੱਤਕੇ ਦੇ ਜ਼ੌਹਰ ਦਿਖਾਉਣ ਵਾਲੇ ਚਾਰ ਸਾਲਾ ਬੱਚੇ ਨੂੰ ਜਥੇ. ਗੜਗੱਜ ਨੇ ਕੀਤਾ ਸਨਮਾਨਿਤ
Thursday, Jul 24, 2025 - 10:35 PM (IST)

ਅੰਮ੍ਰਿਤਸਰ (ਸਰਬਜੀਤ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੇਸ਼-ਵਿਦੇਸ਼ ’ਚ ਗੱਤਕੇ ਨਾਲ ਨਾਂ ਖੱਟਣ ਵਾਲੇ ਚਾਰ ਸਾਲਾ ਸਿੱਖ ਬੱਚੇ ਕਾਕਾ ਫਤਹਿ ਸਿੰਘ ਦਾ ਸਨਮਾਨ ਕੀਤਾ ਹੈ। ਗੁਰੂ ਨਗਰੀ ਦੇ ਰਹਿਣ ਵਾਲੇ ਇਸ ਸਿੱਖ ਬੱਚੇ ਨੂੰ ਸਨਮਾਨਿਤ ਕਰਨ ਉਪਰੰਤ ਸਿੰਘ ਸਾਹਿਬ ਨੇ ਦੱਸਿਆ ਕਿ ਛੋਟੀ ਉਮਰੇ ਇਸ ਬੱਚੇ ਨੇ ਵੱਡੀਆਂ ਪੁਲਾਂਘਾਂ ਪੁੱਟਦੇ ਹੋਏ ਯੂਰਪ, ਸਿੰਗਾਪੁਰ, ਮੁੰਬਈ ਵਰਗੀਆਂ ਥਾਵਾਂ ’ਤੇ ਵੱਡੇ ਮੰਚਾਂ ’ਤੇ ਗੱਤਕਾ ਖੇਡਿਆ ਅਤੇ ਸਿੱਖ ਪਛਾਣ ਦਾ ਪ੍ਰਚਾਰ-ਪ੍ਰਸਾਰ ਕੀਤਾ, ਜੋ ਕਿ ਨੌਜਵਾਨ ਪੀੜ੍ਹੀ ਲਈ ਬਹੁਤ ਹੀ ਪ੍ਰਰੇਨਾਸ੍ਰੋਤ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਵੱਲੋਂ ਕਾਕਾ ਫ਼ਤਹਿ ਸਿੰਘ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਅਰਦਾਸ ਕੀਤੀ ਕਿ ਕਾਕਾ ਫ਼ਤਹਿ ਸਿੰਘ ਹਮੇਸ਼ਾ ਚੜ੍ਹਦੀ ਕਲਾ ’ਚ ਰਹੇ ਅਤੇ ਇਸੇ ਤਰ੍ਹਾਂ ਹਮੇਸ਼ਾ ਗੱਤਕਾ ਖੇਡਦਿਆਂ ਸਿੱਖ ਕੌਮ ਦਾ ਨਾਮ ਰੌਸ਼ਨ ਕਰਦਾ ਰਹੇ।