ਪੰਜਾਬ ''ਚ ਬੱਚਾ ਚੁੱਕਣ ਵਾਲੇ ਗਿਰੋਹ ਸਰਗਰਮ, ਸਕੂਲ ਕੋਲ ਦੇਖੇ ਗਏ ਸ਼ੱਕੀ

Wednesday, Jul 31, 2019 - 06:49 PM (IST)

ਪੰਜਾਬ ''ਚ ਬੱਚਾ ਚੁੱਕਣ ਵਾਲੇ ਗਿਰੋਹ ਸਰਗਰਮ, ਸਕੂਲ ਕੋਲ ਦੇਖੇ ਗਏ ਸ਼ੱਕੀ

ਸੁਖਸਾਲ (ਕੌਸ਼ਲ)— ਬੱਚਿਆਂ ਨੂੰ ਚੁੱਕਣ ਵਾਲੇ ਗਿਰੋਹਾਂ ਦੀਆਂ ਫੈਲੀਆਂ ਅਫਵਾਹਾਂ ਕਾਰਨ ਜਿੱਥੇ ਪਹਿਲਾਂ ਹੀ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ, ਉਥੇ ਹੀ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸੰਗਤਪੁਰ ਵਿਚ ਇਕ ਸ਼ੱਕੀ ਔਰਤ ਅਤੇ 2 ਪੁਰਸ਼ ਵੇਖੇ ਗਏ। ਜਾਣਕਾਰੀ ਦਿੰਦੇ ਹੋਏ ਅਧਿਆਪਕ ਪਰਮਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਸਕੂਲ ਪਹੁੰਚੇ ਤਾਂ ਬੱਚੇ ਸਹਿਮੇ ਹੋਏ ਸਨ, ਪੁੱਛਣ 'ਤੇ ਬੱਚਿਆਂ ਨੇ ਦੱਸਿਆ ਕਿ 2 ਪੁਰਸ਼ ਅਤੇ 1 ਔਰਤ ਜੋ ਸਕੂਲ ਵਿਚ ਸਨ, ਉਨ੍ਹਾਂ ਨੂੰ ਵੇਖ ਕੇ ਸਕੂਲ ਦੀ ਕੰਧ ਤੋਂ ਛਾਲ ਮਾਰ ਕੇ ਖੇਤਾਂ ਵੱਲ ਭੱਜ ਗਏ। 

ਉਨ੍ਹਾਂ ਦੱਸਿਆ ਕਿ ਇਸ ਬਾਰੇ ਜਦੋਂ ਉਨ੍ਹਾਂ ਪਿੰਡ ਦੇ ਸਰਪੰਚ ਅਤੇ ਬੱਚਿਆਂ ਦੇ ਮਾਪਿਆਂ ਨੂੰ ਫੋਨ 'ਤੇ ਦੱਸਿਆ ਤਾਂ ਵੱਡੀ ਗਿਣਤੀ ਲੋਕਾਂ ਨੇ ਸ਼ੱਕੀ ਵਿਅਕਤੀਆਂ ਨੂੰ ਖੇਤਾਂ ਵਿਚ ਲੱਭਿਆ ਪਰ ਉਨ੍ਹਾਂ ਦਾ ਕੋਈ ਵੀ ਪਤਾ ਨਾ ਲੱਗਿਆ। ਇਸ ਬਾਰੇ ਪਿੰਡ ਦੇ ਸਰਪੰਚ ਨੇ ਪੁਲਸ ਚੌਕੀ ਨਵਾਂ ਨੰਗਲ ਨੂੰ ਸੂਚਿਤ ਕੀਤਾ ਜਿਸ 'ਤੇ ਪੁਲਸ ਪਾਰਟੀ ਨੇ ਵੀ ਸਕੂਲ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਇਸ ਬਾਰੇ ਏ.ਐੱਸ.ਆਈ ਨਰਿੰਦਰ ਸਿੰਘ ਚੌਕੀ ਇੰਚਾਰਜ ਨਵਾਂ ਨੰਗਲ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਵਿਚ ਅਜਿਹੀ ਕੋਈ ਵੀ ਗੱਲ ਨਹੀਂ ਹੈ ਜਿਸ ਕਾਰਣ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪੁਲਸ ਦਿਨ-ਰਾਤ ਮੁਸਤੈਦੀ ਨਾਲ ਗਸ਼ਤ ਕਰ ਰਹੀ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਆਪਣੇ ਬੱਚਿਆਂ ਦਾ ਆਪ ਵੀ ਧਿਆਨ ਰੱਖਣ ਤਾਂ ਕਿ ਬੱਚਿਆਂ ਦਾ ਮਨੋਬਲ ਨਾ ਡਿੱਗੇ।


author

Gurminder Singh

Content Editor

Related News