ਪਿੰਡ ਖੁੰਡੇ ਹਲਾਲ ''ਚ ਘਰ ''ਚ ਦਫ਼ਨਾ ਦਿੱਤੀ ਬਜ਼ੁਰਗ ਦੀ ਮ੍ਰਿਤਕ ਦੇਹ! ਪ੍ਰਸ਼ਾਸਨ ਤੋਂ ਨਹੀਂ ਲਈ ਮੰਨਜ਼ੂਰੀ

Tuesday, Aug 18, 2026 - 05:34 PM (IST)

ਪਿੰਡ ਖੁੰਡੇ ਹਲਾਲ ''ਚ ਘਰ ''ਚ ਦਫ਼ਨਾ ਦਿੱਤੀ ਬਜ਼ੁਰਗ ਦੀ ਮ੍ਰਿਤਕ ਦੇਹ! ਪ੍ਰਸ਼ਾਸਨ ਤੋਂ ਨਹੀਂ ਲਈ ਮੰਨਜ਼ੂਰੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਲਾਗਲੇ ਪਿੰਡ ਖੁੰਡੇ ਹਲਾਲ ਵਿਖੇ ਮ੍ਰਿਤਕ ਦੇਹ ਨੂੰ ਉਸਦੇ ਵਾਰਸਾਂ ਵੱਲੋਂ ਛੋਟੇ ਜਿਹੇ ਘਰ ਵਿੱਚ ਦਫਨਾਉਣ ਦਾ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਪਰਿਵਾਰ ਵੱਲੋਂ ਨਾ ਤਾਂ ਪ੍ਰਸ਼ਾਸਨ ਨੂੰ ਕੋਈ ਸੂਚਨਾ ਦਿੱਤੀ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਮੰਨਜ਼ੂਰੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ (75) ਦੀ ਬਿਮਾਰੀ ਕਾਰਨ ਘਰ ਵਿੱਚ ਮੌਤ ਹੋ ਗਈ ਸੀ। ਮੌਤ ਉਪਰੰਤ ਉਸਦੇ ਰਿਸ਼ਤੇਦਾਰਾਂ ਨੇ ਉਸਨੂੰ ਘਰ ਵਿੱਚ ਦਫਨਾਉਣ ਲਈ ਜ਼ਮੀਨ ਪੁੱਟਣੀ ਸ਼ੁਰੂ ਕਰ ਦਿੱਤੀ। ਮਾਮਲਾ ਲੋਕਾਂ ਦੇ ਧਿਆਨ ਵਿੱਚ ਆਉਣ ’ਤੇ ਜਦੋਂ ਪਰਿਵਾਰ ਪਾਸੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਨੇ ਇੱਛਾ ਜਾਹਿਰ ਕੀਤੀ ਸੀ ਕਿ ਉਸਦੀ ਮ੍ਰਿਤਕ ਦੇਹ ਨੂੰ ਘਰ ਹੀ ਦਫਨਾਇਆ ਜਾਵੇ ਅਤੇ ਇਥੇ ਹੀ ਉਸਦੀ ਸਮਾਧੀ ਬਣਾਈ ਜਾਵੇ। ਉਹ ਕਿਸੇ ਵਿਸ਼ੇਸ਼ ਧਰਮ ਦੀ ਪੂਜਾ ਕਰਦਾ ਸੀ। ਪਿੰਡ ਦੇ ਕੁੱਝ ਲੋਕਾਂ ਨੇ ਇਸਤੇ ਇਤਰਾਜ਼ ਕਰਦਿਆਂ ਕਿਹਾ ਕਿ ਇਹ ਨਿਯਮਾਂ ਦੇ ਉਲਟ ਹੈ। ਇਸ ਨਾਲ ਸਿਹਤ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਾਹਮਣੇ ਆਉਣਗੀਆਂ। ਇਸਤੇ ਪਿੰਡ ਦੇ ਮੋਹਤਬਰ ਲੋਕਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਹੰਸ ਰਾਜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਅਤੇ ਕਾਕਾ ਸਿੰਘ ਆਦਿ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਤਾਂ ਉਨ੍ਹਾਂ ਪਰਿਵਾਰ ਨੂੰ ਸਮਝਾਇਆ ਕਿ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ। 112 ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਇਸ ਦੌਰਾਨ ਮ੍ਰਿਤਕ ਦੇ ਪੁੱਤਰ ਜੋਤ ਸਿੰਘ, ਧੀਆਂ ਖੇਮਪਾਲ ਕੌਰ, ਜਗਸੀਰ ਕੌਰ ਅਤੇ ਇੰਦਰ ਕੌਰ, ਨੂੰਹਾਂ ਅਮਨਦੀਪ ਕੌਰ, ਜਸਵੀਰ ਕੌਰ, ਜਵਾਈ ਇੰਦਰ ਸਿੰਘ ਅਤੇ ਸੁਭਾਸ਼ ਸਿੰਘ ਆਦਿ ਨੇ ਮ੍ਰਿਤਕ ਦੇਹ ਨੂੰ ਦਫਨਾਉਣ ਲਈ ਸਹਿਮਤੀ ਪੱਤਰ ਦਿੰਦਿਆਂ ਸਾਰਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ। ਇਸ ਮੌਕੇ ਬਲਵੰਤ ਸਿੰਘ, ਪ੍ਰੀਤਮ ਸਿੰਘ, ਸੁਖਦੇਵ ਸਿੰਘ ਅਤੇ ਜੀਤਾ ਸਿੰਘ ਆਦਿ ਵੀ ਮੋਜੂਦ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਦੇਹ ਨੂੰ ਘਰ ਵਿੱਚ ਦਫਨਾ ਦਿੱਤਾ ਗਿਆ। ਇਸ ਮੌਕੇ ਕੋਈ ਸਰਕਾਰੀ ਅਧਿਕਾਰੀ ਉਥੇ ਮੋਜੂਦ ਨਹੀਂ ਸੀ।

ਪ੍ਰਸ਼ਾਸਨ ਨੇ ਮੰਨਜ਼ੂਰੀ ਨਹੀਂ ਦਿੱਤੀ- ਐੱਸ. ਡੀ. ਐੱਮ.

ਇਸ ਮੌਕੇ ਐਸ ਡੀ ਐਮ ਗੁਰਕਿਰਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਸਬੰਧਤ ਪਰਿਵਾਰ ਨੇ ਉਨ੍ਹਾਂ ਪਾਸੋਂ ਮੰਨਜ਼ੂਰੀ ਨਹੀਂ ਮੰਗੀ ਅਤੇ ਨਾ ਹੀ ਪ੍ਰਸ਼ਾਸਨ ਨੇ ਮੰਨਜ਼ੂਰੀ ਦਿੱਤੀ ਹੈ। ਕਿਸੇ ਵੱਲੋਂ ਕੋਈ ਇਤਰਾਜ ਵੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਅੱਜ ਤੱਕ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਹ ਵੱਖਰਾ ਮਾਮਲਾ ਹੈ। ਇਸ ਸਬੰਧੀ ਪ੍ਰਸ਼ਾਸਨ ਨੂੰ ਇਤਲਾਹ ਦੇਣੀ ਜ਼ਰੂਰੀ ਹੈ। ਜਿਵੇਂ ਹੀ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਤਾਂ ਉਨ੍ਹਾਂ ਪੁਲਸ ਥਾਣਾ ਲੱਖੇਵਾਲੀ ਦੀ ਡਿਊਟੀ ਲਾ ਦਿੱਤੀ ਸੀ ਇਸ ਘਟਨਾ ਨਾਲ ਸਬੰਧਤ ਸਾਰੇ ਪੱਖ ਵਾਚ ਲਏ ਜਾਣ। ਜੋ ਰਿਪੋਰਟ ਆਵੇਗੀ ਉਸ ਮੁਤਾਬਿਕ ਕਾਰਵਾਈ ਕਰਾਂਗੇ। 

ਕੀ ਕਹਿੰਦੇ ਨੇ ਨਿਯਮ

ਸਥਾਨਕ ਪ੍ਰਸ਼ਾਸਨ ਅਤੇ ਪੰਚਾਇਤ ਦੀ ਮਨਜ਼ੂਰੀ: ਭਾਰਤੀ ਕਾਨੂੰਨਾਂ (ਜਿਵੇਂ ਕਿ ਮਿਊਂਸਪਲ/ਪੰਚਾਇਤੀ ਨਿਯਮ) ਅਨੁਸਾਰ ਆਮ ਤੌਰ 'ਤੇ ਮ੍ਰਿਤਕ ਦੀਆਂ ਅੰਤਿਮ ਰਸਮਾਂ ਲਈ ਨਿਰਧਾਰਿਤ ਥਾਵਾਂ (ਸ਼ਮਸ਼ਾਨਘਾਟ/ਕਬਰਸਤਾਨ) ਬਣੀਆਂ ਹੁੰਦੀਆਂ ਹਨ। ਜੇਕਰ ਆਪਣੀ ਨਿੱਜੀ ਜ਼ਮੀਨ ਜਾਂ ਖੇਤ ਵਿੱਚ ਅਜਿਹਾ ਕਰਨਾ ਚਾਹੁੰਦੇ ਹੋ, ਤਾਂ ਸਥਾਨਕ ਗ੍ਰਾਮ ਪੰਚਾਇਤ ਜਾਂ ਡਿਪਟੀ ਕਮਿਸ਼ਨਰ/ਐਸ.ਡੀ.ਐਮ. ਦਫ਼ਤਰ ਤੋਂ ਲਿਖਤੀ ਮਨਜ਼ੂਰੀ ਜਾਂ ਨੋ-ਓਬਜੈਕਸ਼ਨ ਲੈਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਵਾਤਾਵਰਨ ਜਾਂ ਜਨਤਕ ਸਿਹਤ ਦੇ ਨਿਯਮਾਂ ਦੀ ਉਲੰਘਣਾ ਨਾ ਹੋਵੇ।

ਗੁਆਂਢੀਆਂ ਜਾਂ ਪਿੰਡ ਦਾ ਇਤਰਾਜ਼: ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲਿਆਂ ਅਨੁਸਾਰ ਨਿੱਜੀ ਜ਼ਮੀਨ ਵਿਚ ਵੀ ਦਫਨਾਉਣ ਦਾ ਕੋਈ ਅਸੀਮਤ ਅਧਿਕਾਰ ਨਹੀਂ ਹੈ। ਜੇਕਰ ਆਸ-ਪਾਸ ਦੇ ਲੋਕਾਂ ਜਾਂ ਪਿੰਡ ਵਾਸੀਆਂ ਨੂੰ ਜਨਤਕ ਸਿਹਤ, ਪੀਣ ਵਾਲੇ ਪਾਣੀ ਦੇ ਸਰੋਤਾਂ (ਜਿਵੇਂ ਖੂਹ/ਬੋਰਵੈੱਲ) ਦੇ ਖਰਾਬ ਹੋਣ ਦਾ ਖਦਸ਼ਾ ਹੋਵੇ, ਤਾਂ ਉਹ ਕਾਨੂੰਨੀ ਇਤਰਾਜ਼ ਜਤਾ ਸਕਦੇ ਹਨ।

ਜ਼ਮੀਨ ਦੇ ਰਿਕਾਰਡ ਵਿੱਚ ਬਦਲਾਅ: ਜੇਕਰ ਖੇਤ ਵਿੱਚ ਸਮਾਧੀ ਬਣਾ ਦਿੱਤੀ ਜਾਂਦੀ ਹੈ, ਤਾਂ ਭਵਿੱਖ ਵਿਚ ਉਸ ਜ਼ਮੀਨ ਨੂੰ ਵੇਚਣ, ਤਕਸੀਮ ਕਰਨ ਜਾਂ ਬੈਂਕ ਤੋਂ ਲੋਨ ਲੈਣ ਸਮੇਂ ਕਾਨੂੰਨੀ ਉਲਝਣਾਂ ਆ ਸਕਦੀਆਂ ਹਨ, ਕਿਉਂਕਿ ਸਮਾਧੀ ਵਾਲੀ ਜਗ੍ਹਾ ਧਾਰਮਿਕ/ਯਾਦਗਾਰੀ ਮੰਨੀ ਜਾਣ ਲੱਗਦੀ ਹੈ।
 


author

Anmol Tagra

Content Editor

Related News